ਹੇ ਵਾਹਿਗੁਰੂ, ਜੱਗ ਸਾਰੇ ਵਿੱਚ,
ਸਭ ਤੋਂ ਉੱਚੀਆਂ ਤੇਰੀਆਂ ਸ਼ਾਨਾਂ।
ਦਿੱਤਾ ਜੋ ਤੂੰ ਜੀਵਨ ਮੈਨੂੰ,
ਇਹਦੇ ਲਈ ਤੇਰਾ ਸ਼ੁਕਰਾਨਾ।
ਦੁਨੀਆਂ ਸਾਰੀ ਇੱਕ ਫੁਲਵਾੜੀ,
ਵੰਨ-ਸੁਵੰਨੇ ਫੁੱਲ ਮਹਿਕਦੇ
ਮੇਲੇ ਦੇ ਵਿੱਚ ਸਜੀਆਂ ਹੋਈਆਂ,
ਇੱਕ ਤੋਂ ਵੱਧ ਕੇ ਇੱਕ ਦੁਕਾਨਾਂ।
ਵੱਖ ਵੱਖ ਤਰ੍ਹਾਂ ਦੇ ਜੀਵ ਬਣਾ ਕੇ,
ਆਪੇ ਪਾਲ਼ੇਂ, ਆਪੇ ਮਾਰੇਂ
ਸਰਹੱਦਾਂ ਤੇ ਖੜ੍ਹ ਕੇ ਫੌਜੀ,
ਵਾਰ ਰਹੇ ਨੇ ਦੇਸ਼ ਤੋਂ ਜਾਨਾਂ।
ਐਸਾ ਇੱਕ ਰੰਗਮੰਚ ਹੈ ਦੁਨੀਆਂ,
ਕੋਈ ਹੱਸੇ ਕੋਈ ਰੋਵੇ
ਬੰਦੇ ਨੂੰ ਤੂੰ ਜ਼ਿੰਦਗੀ ਦੇ ਕੇ,
ਮੰਗੇਂ ਨਾ ਕੋਈ ਇਵਜ਼ਾਨਾ।
ਕੋਈ ਲੰਮੀਆਂ ਉਮਰਾਂ ਭੋਗੇ,
ਕਿਸੇ ਨੂੰ ਝੱਟ ਹੀ ਮਾਰ ਮੁਕਾਵੇਂ
ਦੁਨੀਆਂ ਦੇ ਇਸ ਅਜਬ ਜਲੌਅ ਨੂੰ,
ਤੂੰ ਵੀ ਖੜ੍ਹ ਕੇ ਵੇਖ ਜਵਾਨਾ।
ਕੋਈ ਰਹਿੰਦਾ ਕੱਚੇ ਢਾਰੇ,
ਕੋਈ ਸੌਂਦਾ ਮਹਿਲ-ਮੁਨਾਰੇ
ਰੋਜ਼ੀ ਰੋਟੀ ਦੇ ਲਈ ਕੋਈ,
ਕਰਦਾ ਕੰਮ ਹੈ ਵਿੱਚ ਦੁਕਾਨਾਂ।
ਐਸਾ ਜੀਵਨ ਜੀਵੀਏ ਏਥੇ
ਖੁਸ਼ੀਆਂ ਖੇੜੇ ਵੰਡਦੇ ਰਹੀਏ
ਮੌਤ ਪਿੱਛੋਂ ਵੀ ਉਸ ਬੰਦੇ ਨੂੰ
ਯਾਦ ਕਰੇਂਦਾ ਕੁੱਲ ਜ਼ਮਾਨਾ।
ਕਰਮਾਂ ਵਿੱਚ ਜੋ ਲਿਖਿਆ ਹੋਇਆ
ਓਹੀ ਤੇ ਓਨਾ ਹੀ ਮਿਲਦਾ
ਅਉਧ ਜਦੋਂ ਪੂਰੀ ਹੋ ਜਾਏ
ਚੱਲੇ ਨਾ ਫਿਰ ਕੋਈ ਬਹਾਨਾ।
ਓਸ ਮਹਾਂਸ਼ਕਤੀ ਦੇ ਅੱਗੇ
ਜ਼ੋਰ ਕਿਸੇ ਦਾ ਚੱਲਦਾ ਨਾਹੀਂ
ਕੀ ਜੋਗੀ ਜਾਂ ਕੋਈ ਭੋਗੀ
ਕੀ ਦਰਵੇਸ਼ ਤੇ ਕੀ ਸੁਲਤਾਨਾ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)