ਸਵਾ ਲੱਖ ਵਿੱਚ ਨਿਤਰਿਆ ਹੈ ਸਿੰਘ ਇਕੱਲਾ।
ਦਸਮ ਗੁਰੂ ਨੇ ਸਿਰਜ ਦਿੱਤਾ ਹੈ ਹੋਲਾ ਮਹੱਲਾ।
ਤੋਬਾ ਕੀਤੀ ਯੋਧਿਆਂ ਕੱਚੇ ਹੋਲੀ ਰੰਗਾਂ।
ਨਿਸ਼ਚੈ ਕੀਤੀ ਜਿੱਤ ਨੂੰ ਵਿੱਚ ਜਾ ਕੇ ਜੰਗਾਂ।
ਦੱਸਿਆ ਗੁਰੂ ਗੋਬਿੰਦ ਨੇ ਢੰਗ ਅਸਲੀ ਭਗਤੀ।
ਅੰਮ੍ਰਿਤ ਛਕ ਕੇ ਆ ਗਈ ਸਿੰਘਾਂ ਵਿੱਚ ਸ਼ਕਤੀ।
ਨੇਜ਼ੇ, ਤੀਰ ਚਲਾਉਣੇ ਸਿੱਖੋ ਘੋੜ-ਸਵਾਰੀ।
ਸਿੰਘਾਂ ਨੂੰ ਦਸ਼ਮੇਸ਼ ਪਿਤਾ ਬਖਸ਼ੀ ਸਰਦਾਰੀ।
ਚੜ੍ਹਦੀ ਕਲਾ ‘ਚ ਰਹੇ ਹਮੇਸ਼ਾ ਪੰਥ ਨਿਆਰਾ।
ਭਾਉਂਦਾ ਹੈ ਦਸ਼ਮੇਸ਼ ਨੂੰ ਗੁਰਸਿੱਖ ਪਿਆਰਾ।
ਭਰੀ ਗੁਰੂ ਨੇ ਸਿੰਘਾਂ ਵਿੱਚ ਐਸੀ ਜਾਂਬਾਜ਼ੀ।
‘ਓਸ’ ਅਕਾਲ ਦੀ ਰਜ਼ਾ ਵਿੱਚ ਰਹਿੰਦੇ ਨੇ ਰਾਜ਼ੀ।
ਖੇਡਣ ਸਿੰਘ ਜਦ ਹੋਲਾ ਤਾਂ ਆ ਜਾਏ ਨਿਡਰਤਾ।
ਨਿਰਭੈ ਤੇ ਨਿਰਵੈਰ ਬਣੇ ਆ ਗਈ ਸਥਿਰਤਾ।
ਕੀਤਾ ਗੁਰੂ ਉਚਾਰ ਕੇ ਇਹ ਬਚਨ ਅਮੋਲਾ।
ਲੋਕ ਮਨਾਉਂਦੇ ਹੋਲੀਆਂ ਅਸੀਂ ਖੇਡੀਏ ਹੋਲਾ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)