ਮੈਂ ਆਪਣੇ ਜੀਵਨ ਵਿੱਚ ਕਦੇ ਵੀ ਹੋਲੀ ਨਹੀਂ ਮਨਾਈ। ਸਕੂਲ ਕਾਲਜ ਦੇ ਦਿਨਾਂ ਵਿੱਚ ਵੀ ਨਹੀਂ। ਹੋਰ ਤਾਂ ਹੋਰ, ਸਾਡੇ ਘਰ ਦੇ ਕਿਸੇ ਮੈਂਬਰ ਨੇ ਕਦੇ ਵੀ ਹੋਲੀ ਨਹੀਂ ਮਨਾਈ। ਨਾ ਪਿਤਾ ਨੇ, ਨਾ ਭਰਾਵਾਂ ਨੇ, ਨਾ ਭੈਣਾਂ ਨੇ। ਅਸਲ ਵਿੱਚ ਮੈਨੂੰ ਗਿੱਲੇ ਰੰਗਾਂ ਤੋਂ ਕੋਫ਼ਤ ਹੁੰਦੀ ਹੈ। ਇੱਕ ਤਾਂ ਮੌਸਮ ਅਜੇ ਠੰਡਾ ਹੀ ਹੁੰਦਾ ਹੈ, ਦੂਜਾ ਕੈਮੀਕਲ ਰੰਗ, ਜੋ ਸਰੀਰ ਤੇ ਲੱਗਣ ਪਿੱਛੋਂ ਰੀਐਕਸ਼ਨ ਕਰ ਸਕਦੇ ਹਨ ਤੇ ਮਲ਼-ਮਲ਼ ਕੇ, ਰਗੜਨ ਨਾਲ ਵੀ ਨਹੀਂ ਲਹਿੰਦੇ।
ਅਧਿਆਪਕ ਲੱਗਣ ਤੇ ਮੇਰਾ ਵਿਦਿਆਰਥੀਆਂ ਨਾਲ ਬਹੁਤ ਲਗਾਓ ਰਿਹਾ, ਯਾਨੀ ਮੈਂ ਉਨ੍ਹਾਂ ਦਾ ਹਰਮਨ ਪਿਆਰਾ ਅਧਿਆਪਕ ਸਾਂ। ਇਹ ਘਟਨਾ 30 ਕੁ ਸਾਲ ਪੁਰਾਣੀ ਹੈ। ਕਾਲਜ ਕੈਂਪਸ ਵਿੱਚ ਹੀ ਪਰਿਵਾਰ ਸਮੇਤ ਮੇਰੀ ਰਿਹਾਇਸ਼ ਸੀ। ਕਲਾਸਾਂ ਤੋਂ ਬਾਦ ਅਕਸਰ ਵਿਦਿਆਰਥੀ ਮੇਰੇ ਨਾਲ ਗੱਲਬਾਤ ਕਰਨ ਘਰ ਆ ਜਾਂਦੇ।
ਉਦੋਂ ਹੋਲੀ ਦੀਆਂ ਤਿੰਨ ਛੁੱਟੀਆਂ ਇਕੱਠੀਆਂ ਆ ਗਈਆਂ। ਮੈਂ ਹੋਲੀ ਦੇ ਦਿਨ ਘਰੋਂ ਬਾਹਰ ਨਾ ਨਿਕਲਿਆ। ਲੋੜੀਂਦਾ ਘਰ ਦਾ ਸਮਾਨ ਇੱਕ ਦਿਨ ਪਹਿਲਾਂ ਹੀ ਬਜ਼ਾਰ ਤੋਂ ਲੈ ਆਇਆ ਸਾਂ। ਮੇਰੇ ਘਰ ਦੇ ਬਾਹਰ ਨੂੰ ਖੁੱਲ੍ਹਦੇ ਦੋ ਦਰਵਾਜ਼ੇ ਸਨ। ਇੱਕ ਦਰਵਾਜ਼ੇ ਤੇ ਜਿੰਦਰਾ ਲਾ ਕੇ ਮੈਂ ਦੂਜੇ ਰਾਹੀਂ ਅੰਦਰ ਆ ਗਿਆ ਤੇ ਅੰਦਰੋਂ ਚਿਟਕਣੀ ਲਾ ਲਈ। ਜਿਸ ਰਾਹੀਂ ਬਾਹਰ ਵਾਲੇ ਨੂੰ ਭੁਲੇਖਾ ਲੱਗ ਸਕਦਾ ਸੀ ਕਿ ਮੈਂ ਘਰ ਨਹੀਂ ਹਾਂ। ਕਿਉਂਕਿ ਮੈਨੂੰ ਖਤਰਾ ਸੀ ਕਿ ਕੋਈ ਆ ਕੇ ਰੰਗ ਨਾ ਪਾ ਜਾਵੇ।
ਤਾਂ ਵੀ ਕੁਝ ਵਿਦਿਆਰਥੀ ਰੰਗ ਲੈ ਕੇ ਮੇਰੇ ਘਰ ਆ ਗਏ। ਉਨ੍ਹਾਂ ਨੇ ਘਰ ਦੀ ਘੰਟੀ ਵਜਾਈ। ਪਰ ਮੈਂ ਸੁਚੇਤ ਸਾਂ ਤੇ ਪਤਨੀ ਅਤੇ ਬੇਟੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਕੇ ਖਿੜਕੀ ਦੇ ਪਰਦੇ ਨੂੰ ਜ਼ਰਾ ਕੁ ਸਰਕਾ ਕੇ ਬਾਹਰ ਵੇਖਿਆ ਤਾਂ ਰੰਗੇ ਹੋਏ ਚਿਹਰਿਆਂ ਵਾਲੇ ਤਿੰਨ-ਚਾਰ ਵਿਦਿਆਰਥੀ ਦਿੱਸੇ। ਘੰਟੀ ਵਜਾਉਣ ਤੋਂ ਬਾਦ ਵੀ ਉਹ ਖੜ੍ਹੇ ਰਹੇ ਤੇ ਫੇਰ ‘ਸਰ ਜੀ, ਸਰ ਜੀ’ ਕਹਿ ਕੇ ਅਵਾਜ਼ਾਂ ਮਾਰਨ ਲੱਗ ਪਏ। ਸ਼ਾਇਦ ਉਨ੍ਹਾਂ ਨੂੰ ਅਨੁਭਵ ਹੋ ਗਿਆ ਸੀ ਕਿ ਮੈਂ ਘਰ ਦੇ ਅੰਦਰ ਹੀ ਹਾਂ। ਕਿਉਂਕਿ ਮੇਰੀ ਕਾਰ ਅਤੇ ਸਕੂਟਰ ਬਾਹਰ ਖੜ੍ਹੇ ਸਨ। ਇਸਤੋਂ ਇਲਾਵਾ ਉਨ੍ਹਾਂ ਨੇ ਹੋਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਕਾਲਜ ਵਿੱਚ ਹੀ ਗੱਲਾਂ-ਗੱਲਾਂ ਵਿੱਚ ਮੈਥੋਂ ਜਾਣਕਾਰੀ ਲੈ ਲਈ ਸੀ ਕਿ ਹੋਲੀ ਦੀਆਂ ਛੁੱਟੀਆਂ ਵਿੱਚ ਮੈਂ ਕਿਤੇ ਜਾਣਾ ਤਾਂ ਨਹੀਂ! ਉਦੋਂ ਮੈਨੂੰ ਪਤਾ ਨਹੀਂ ਸੀ ਕਿ ਉਹ ਕਿਉਂ ਪੁੱਛ ਰਹੇ ਹਨ। ਖ਼ੈਰ… ਜਦੋਂ ਮੈਂ ਅੰਦਰੋਂ ਕੋਈ ਜਵਾਬ ਨਾ ਦਿੱਤਾ ਤਾਂ ਉਹ ਨਿਰਾਸ਼ਾ ਅਤੇ ਗੁੱਸੇ ਨਾਲ ਘੋਲ਼ੇ ਹੋਏ ਰੰਗ ਮੇਰੇ ਦਰਵਾਜ਼ੇ ਤੇ ਡੋਲ੍ਹ ਕੇ ਚਲਦੇ ਬਣੇ। ਮੈਂ ਸੁਖ ਦਾ ਸਾਹ ਲਿਆ। ਅੱਜਕੱਲ੍ਹ ਹੁਣ ਵਡੇਰੀ ਉਮਰ ਵਿੱਚ ਕੋਈ ਮੇਰੇ ਤੇ ਉਂਜ ਹੀ ਰੰਗ ਨਹੀਂ ਪਾਉਂਦਾ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)
