ਵੱਖਰੀਆਂ ਪੈੜਾਂ ਪਾ ਗਿਆ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪਲੇਠਾ ਕਹਾਣੀ ਦਰਬਾਰ
ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਜਦੋਂ ਤੋਂ ਮਨੁੱਖ ਨੇ ਆਪਣੇ ਹਾਵ ਭਾਵ ਇੱਕ ਦੂਜੇ ਨਾਲ ਪ੍ਰਗਟਾਉਣੇ ਸ਼ੁਰੂ ਕੀਤੇ ਹਨ ਉਸੇ ਸਮੇਂ ਤੋਂ ਕਹਾਣੀ ਦੀ ਰਚਨਾ ਹੋਈ ਮੰਨਿਆ ਜਾਂਦਾ ਹੈ। ਹਰ ਨਾਵਲ ਦੀ ਕੋਈ ਕਹਾਣੀ ਹੁੰਦੀ ਹੈ ਤੇ ਹਰ ਕਵਿਤਾ ਵਿੱਚ ਵੀ ਕੋਈ ਨਾ ਕੋਈ ਕਹਾਣੀ ਛੁੱਪੀ ਹੁੰਦੀ ਹੈ। ਸ਼ਾਇਦ ਸਾਡੀ ਸਭ ਦੀ ਜ਼ਿੰਦਗੀ ਵੀ ਇੱਕ ਵੱਖਰੀ ਕਹਾਣੀ ਹੁੰਦੀ ਹੈ। ਜੇ ਮੈਂ ਕਹਾਂ ਕਿ ਹਰ ਇੱਕ ਦਿਨ ਇੱਕ ਵੱਖਰੀ ਕਹਾਣੀ ਲਿਖਦਾ ਹੈ ਤਾਂ ਵੀ ਕੋਈ ਅੱਤਕਥਨੀ ਨਹੀਂ ਹੋਵੇਗੀ।
ਕਹਾਣੀ ਨੂੰ ਮੁੱਖ ਰੱਖਦਿਆਂ 24 ਅਗਸਤ 2025 ਦਿਨ ਐਤਵਾਰ ਨੂੰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਪਲੇਠਾ ਕਹਾਣੀ ਦਰਬਾਰ “ਹੱਡ ਬੀਤੀਆਂ ਜੱਗ ਬੀਤੀਆਂ” ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਹਾਣੀਕਾਰਾਂ ਨੇ ਹਿੱਸਾ ਲਿਆ। ਇਸ ਕਹਾਣੀ ਦਰਬਾਰ ਵਿੱਚ ਇੱਕ ਵੱਖਰਾ ਸੁਮੇਲ ਇਹ ਦੇਖਣ ਨੂੰ ਮਿਲਿਆ ਕਿ ਜਿੱਥੇ ਕੈਨੇਡਾ ਦੀ ਧਰਤੀ ਤੇ ਸਵੇਰ ਦੇ ਸੂਰਜ ਦੀ ਕਿਰਨ ਚਮਕ ਰਹੀ ਸੀ ਉੱਥੇ ਹੀ ਯੂਰਪ ਵਿੱਚ ਦੁਪਹਿਰ ਦਾ ਸਮਾਂ ਹੋਣ ਕਰਕੇ ਸੂਰਜ ਸਿਖਰ ਤੇ ਸੀ। ਭਾਰਤ ਵਿੱਚ ਲਗਭਗ ਰਾਤ ਹੋ ਚੁੱਕੀ ਸੀ। ਸਾਊਥ ਕੋਰੀਆ ਵਿੱਚ ਅੱਧੀ ਰਾਤ ਦੇ ਸਮੇਂ ਤਾਰੇ ਟਿਮਟਿਮ ਕਰ ਰਹੇ ਸਨ ਤੇ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਸੀ। ਸਮੇਂ ਦਾ ਭਾਵੇਂ ਵੱਖ ਵੱਖ ਦੇਸ਼ਾਂ ਵਿੱਚ ਹੋਣ ਕਰਕੇ ਬਹੁਤ ਫਰਕ ਸੀ ਪਰ ਮਾਂ ਬੋਲੀ ਪੰਜਾਬੀ ਦੇ ਕਹਾਣੀਕਾਰਾਂ ਦੀ ਕਹਾਣੀ ਦਰਬਾਰ ਲਈ ਮੰਜ਼ਿਲ ਇੱਕ ਸੀ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਹੋਏ ਮੰਚ ਸੰਚਾਲਨ ਦੀ ਜਿੰਮੇਵਾਰੀ ਸਰਬਜੀਤ ਸਿੰਘ ਜਰਮਨੀ ਨੂੰ ਦਿੱਤੀ। ਸਰਬਜੀਤ ਨੇ ਸਭ ਤੋਂ ਪਹਿਲਾ ਸੱਦਾ ਪੋਲੀ ਬਰਾੜ (ਅਮਰੀਕਾ) ਵਾਲਿਆਂ ਨੂੰ ਦਿੰਦੇ ਹੋਏ ਕਹਾਣੀ ਦਰਬਾਰ ਦੀ ਸ਼ੁਰੂਆਤ ਕੀਤੀ। ਪੋਲੀ ਬਰਾੜ ਨੇ ਬੜੀ ਮਨ ਮੋਹਣੀ ਕਹਾਣੀ “ਇਲਾਕੇ ਦਾ ਫ਼ਰਕ” ਵਿੱਚ ਮਾਝੇ-ਮਾਲਵੇ ਦੇ ਰੀਤੀ ਰਿਵਾਜਾਂ ਤੇ ਆਪਣੀ ਸਾਂਝ ਪਾਈ। ਅਮਰੀਕਾ ਦਾ ਬਾਰਡਰ ਪਾਰ ਕਰਕੇ ਦੂਜਾ ਸੱਦਾ ਹਰਸ਼ਰਨ ਕੌਰ, ਕਨੇਡਾ ਨੂੰ ਦਿੱਤਾ ਗਿਆ ਤੇ ਉਹਨਾਂ ਨੇ “ਪਿਆਰ ਦੇ ਪਲ” ਕਹਾਣੀ ਸੁਣਾ ਕੇ ਕੁਝ ਪਿਆਰ ਕਰਨ ਵਾਲਿਆਂ ਦੇ ਰੂਹਾਂ ਦੀ ਸਾਂਝ ਬਾਰੇ ਦੱਸਿਆ। ਬਾਅਦ ਵਿੱਚ ਗੁਰਮੀਤ ਸਿੰਘ ਮੱਲੀ, ਇਟਲੀ ਵਲੋਂ ਆਪਣੀ ਕਹਾਣੀ “ਅਣ-ਸੁਲਝੀ ਮੁਹੱਬਤ” ਸੁਣਾ ਕੇ ਪਰਦੇਸੀਆਂ ਦੇ ਅਧੂਰੇ ਪਿਆਰ ਤੇ ਚਾਨਣਾ ਪਾਇਆ ਗਿਆ।
ਸਰਬਜੀਤ ਨੇ ਫਿਰ ਹਾਸਿਆਂ ਦੀ ਪਟਾਰੀ ਨਾਲ ਸੰਬੋਧਨ ਕਰਦਿਆਂ ਜਸਵਿੰਦਰ ਕੌਰ ਮਿੰਟੂ, ਇਟਲੀ ਨੂੰ ਸੱਦਾ ਦਿੱਤਾ। ਮਿੰਟੂ ਜੀ ਨੇ ਆਪਣੀ ਕਹਾਣੀ “ਰਿਸ਼ਤੇ” ਸੁਣਾ ਕੇ ਪੁਰਾਤਨ ਸਮੇਂ ਦੇ ਪਿਆਰ ਭਰੇ ਰਿਸ਼ਤੇ ਅਤੇ ਅੱਜ ਦੇ ਰਿਸ਼ਤਿਆਂ ਵਿੱਚ ਆ ਰਹੇ ਬਦਲਾਉ ਬਾਰੇ ਬਾਖੂਬੀ ਚਾਨਣਾ ਪਾਇਆ। ਮਨਜੀਤ ਕੌਰ ਧੀਮਾਨ , ਲੁਧਿਆਣਾ ਨੇ ਆਪਣੀ ਮਿੰਨ੍ਹੀ ਕਹਾਣੀ “ਵਕਤ ਦੀ ਹੇਰਾ-ਫੇਰੀ” ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ ਸਮੇਂ ਦੇ ਸੱਚ ਨੂੰ ਬਿਆਨ ਕੀਤਾ। ਗੁਰੂ ਨਗਰੀ ਸੁਲਤਾਨ ਪੁਰ ਲੋਧੀ ਵਸਦੇ ਸ਼ਾਇਰ ਮੁਖਤਾਰ ਸਿੰਘ ਚੰਦੀ ਜੀ ਨੇ ਆਪਣੀ ਕਹਾਣੀ “ਚੰਨ ਨੂੰ ਗਹ੍ਰਿਣ” ਨਾਲ ਪੰਜਾਬ ਦੀਆਂ ਉਹਨਾਂ ਧੀਆਂ ਦਾ ਦਰਦ ਬਿਆਨ ਕੀਤਾ ਜਿਹਨਾਂ ਨੂੰ ਪਰਦੇਸ ਗਏ ਮਾਹੀ ਨੇ ਮੁੜ ਚਿੱਠੀ ਤੱਕ ਨਾ ਪਾਈ। ਮੋਤੀ ਸ਼ਾਇਰ ਪੰਜਾਬੀ, ਜਲੰਧਰ ਜੀ ਨੇ ਚੱਲਦੇ ਪ੍ਰੋਗਰਾਮ ਵਿੱਚ ਆਪਣੇ ਸਫ਼ਰ ਦੌਰਾਨ ਇੰਦੌਰ ਦੀਆਂ ਕੁੱਝ ਰੌਚਕ ਗੱਲਾਂ ਬਾਰੇ ਜਾਣੂ ਕਰਵਾਇਆ, ਮੋਤੀ ਜੀ ਨੇ ਕੁਝ ਹੀ ਪਲਾਂ ਵਿੱਚ ਕਈ ਕਹਾਣੀਆਂ ਵਰਗੀ ਸਾਂਝ ਪਾ ਦਿੱਤੀ।
ਲਾਈਵ ਚੱਲਦੇ ਕਹਾਣੀ ਦਰਬਾਰ ਵਿੱਚ ਉਹਨਾਂ ਸਰੋਤਿਆ ਨੂੰ ਵੀ ਯਾਦ ਕੀਤਾ ਗਿਆ ਜਿਹੜੇ ਆਪਣੀਆਂ ਹੌਂਸਲਾ ਵਧਾਉ ਪਿਆਰੀਆਂ ਪਿਆਰੀਆਂ ਟਿੱਪਣੀਆਂ ਕਰਕੇ ਕਹਾਣੀਕਾਰਾਂ ਦਾ ਹੌਂਸਲਾ ਵਧਾ ਰਹੇ ਸਨ। ਸਰਬਜੀਤ ਸਿੰਘ ਵੱਲੋਂ ਆਪਣੇ ਅਗਲੇ ਸੱਦੇ ਵਿੱਚ ਬਿੰਦਰ ਕੋਲੀਆਂ ਵਾਲ ਨੂੰ ਬੁਲਾਇਆ ਗਿਆ। ਉਹਨਾਂ ਨੇ ਰੌਲਿਆਂ ਸਮੇਂ ਦਾ ਡਾਹਢਾ ਦਰਦ ਬਿਆਨ ਕਰਦੀ ਕਹਾਣੀ “ਜੰਗਾਲਿਆ ਜਿੰਦਰਾ” ਨਾਲ ਸਭ ਨੂੰ ਭਾਵੁਕ ਕਰ ਦਿੱਤਾ।
ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਕਹਾਣੀਕਾਰਾਂ ਦੀ ਵਾਰੀ ਮਗਰੋਂ ਸਰਬਜੀਤ ਸਿੰਘ ਜਰਮਨੀ ਨੇ “ਮਾਂ ਬੋਲੀ ਪੰਜਾਬੀ” ਕਹਾਣੀ ਰਾਹੀ ਸਭ ਨੂੰ ਪੰਜਾਬੀ ਬੋਲੀ ਸਿੱਖਣ ਦਾ ਸੰਦੇਸ਼ ਦਿੱਤਾ। ਕਹਾਣੀ ਵਿੱਚ ਗੱਲ ਕੀਤੀ ਗਈ ਕਿ ਕਿਸੇ ਵੀ ਬੋਲੀ ਨੂੰ ਬੋਲਣ ਵਿੱਚ ਕੋਈ ਹਰਜ਼ ਨਹੀਂ ਹੈ ਪਰ ਉਸ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਸੀਂ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੋਵੋ। ਪ੍ਰੋਗਰਾਮ ਦੇ ਆਖੀਰ ਵਿੱਚ ਅਮਨਬੀਰ ਸਿੰਘ ਧਾਮੀ, ਸਾਊਥ ਕੋਰੀਆ ਵੱਲੋਂ ਕਹਾਣੀ ਦਰਬਾਰ ਵਿੱਚ ਸ਼ਾਮਲ ਹੋਏ ਸਾਰੇ ਕਹਾਣੀਕਾਰਾਂ, ਕਹਾਣੀਕਾਰਵਾਂ ਦਾ ਬਹੁਤ ਸਤਿਕਾਰ ਸਾਹਿਤ ਧੰਨਵਾਦ ਕੀਤਾ ਗਿਆ। ਉਹਨਾਂ ਨੇ ਆਪ ਵੀ ਕਹਾਣੀ ਲਿਖਣ ਦਾ ਵਾਅਦਾ ਕੀਤਾ ਤੇ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਹਾਣੀ ਦਰਬਾਰ ਅਕਸਰ ਹੋਣੇ ਚਾਹੀਦੇ ਹਨ।
ਅਸੀਂ ਵੱਖ ਵੱਖ ਲਾਈਵ ਪ੍ਰੋਗਰਾਮਾਂ ਵਿੱਚ ਅਕਸਰ ਕਵੀ ਦਰਬਾਰ ਸੁਣਦੇ ਹਾਂ ਪਰ ਕਹਾਣੀ ਦਰਬਾਰ ਇੱਕ ਵੱਖਰੀ ਪਹਿਲ ਕਦਮੀ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ਲਗਭਗ ਹਰ ਤੀਜਾ ਪ੍ਰੋਗਰਾਮ “ਕਹਾਣੀ ਦਰਬਾਰ” ਕਰਾਉਣ ਦਾ ਨਿਰਣਾ ਲਿਆ ਗਿਆ ਹੈ। ਜੇਕਰ ਆਪ ਜੀ ਵੀ ਆਪਣੀ ਲਿਖੀ ਕਹਾਣੀ ਸੁਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫੇਸਬੁੱਕ ਤੇ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਨਾਲ ਜੁੜ ਸਕਦੇ ਹੋ ਜੀ।
ਸਰਬਜੀਤ ਸਿੰਘ ਜਰਮਨੀ
Tirthsingh3@yahoo.com