ਸਾਲ ਵਿੱਚ ਦੋ ਵਾਰ ਹਨੂੰਮਾਨ ਜੈਅੰਤੀ ਕਿਉਂ?
ਹਨੂੰਮਾਨ ਜੀ ਨੂੰ ਭਗਵਾਨ ਸ਼ਿਵ ਦਾ 11ਵਾਂ ਰੁਦਰ ਅਵਤਾਰ ਮੰਨਿਆ ਜਾਂਦਾ ਹੈ। ਕਲਯੁਗ ਵਿੱਚ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਮਨੋਕਾਮਨਾ ਸਭ ਤੋਂ ਜਲਦੀ ਪੂਰੀ ਹੁੰਦੀ ਹੈ। ਹਨੂੰਮਾਨ ਦੀ ਪੂਜਾ ਕਰਨ ਨਾਲ ਗ੍ਰਹਿ ਕਲੇਸ਼ ਅਤੇ ਸ਼ਨੀ ਦੋਸ਼ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਸ ਵਾਰ ਰਾਮ ਭਗਤ ਹਨੂੰਮਾਨ ਜੀ ਦਾ ਜਨਮ ਦਿਨ 6 ਅਪ੍ਰੈਲ ਯਾਨੀ ਚੈਤ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਹਨੂੰਮਾਨ ਜੈਅੰਤੀ ਸਾਲ ਵਿੱਚ ਦੋ ਵਾਰ ਮਨਾਈ ਜਾਂਦੀ ਹੈ। ਇੱਕ ਚੇਤ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਅਤੇ ਦੂਜਾ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਦਸ ਨੂੰ ਭਾਵ ਹਰ ਸਾਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ। ਇਸ ਸਾਲ ਦੀਵਾਲੀ 12 ਨਵੰਬਰ ਦੀ ਹੋਣ ਕਰਕੇ ਇਕ ਦਿਨ ਪਹਿਲਾਂ 11 ਨਵੰਬਰ ਨੂੰ ਹਨੂਮਾਨ ਜਯੰਤੀ ਨੂੰ ਮਨਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ।
ਹਨੂੰਮਾਨ ਜੀ ਨੂੰ ਬਜਰੰਗਬਲੀ, ਸੰਕਟ ਮੋਚਨ, ਮਹਾਵੀਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਹਨੂੰਮਾਨ ਜੈਅੰਤੀ ਸਾਲ ਵਿੱਚ ਦੋ ਵਾਰ ਮਨਾਈ ਜਾਂਦੀ ਹੈ। ਸਾਲ ਦੀ ਪਹਿਲੀ ਹਨੂੰਮਾਨ ਜਯੰਤੀ ਚੇਤ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ ਅਤੇ ਦੂਜੀ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਜੇਕਰ ਅਸੀਂ ਹਨੂੰਮਾਨ ਜਯੰਤੀ ਮਨਾਉਣ ਦੀ ਗੱਲ ਕਰੀਏ ਤਾਂ ਇੱਕ ਤਰੀਕ ਨੂੰ ਵਿਜੈ ਅਭਿਨੰਦਨ ਵਜੋਂ ਮਨਾਇਆ ਜਾਂਦਾ ਹੈ, ਜਦੋਂ ਕਿ ਦੂਜੀ ਜੈਅੰਤੀ ਨੂੰ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਸਾਲ ਵਿੱਚ ਦੋ ਵਾਰ ਹਨੂੰਮਾਨ ਜੈਅੰਤੀ ਕਿਉਂ ਮਨਾਈ ਜਾਂਦੀ ਹੈ?
ਹਰ ਸਾਲ ਸੰਕਟ ਮੋਚਨ ਹਨੂੰਮਾਨ ਜੀ ਦਾ ਜਨਮ ਦਿਨ ਚੇਤ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਕਿ ਲਗਭਗ ਅਪ੍ਰੈਲ ਵਿੱਚ ਹੁੰਦੀ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਦੇ ਮਹਾਨ ਭਗਤ ਅਤੇ ਸ਼ਕਤੀ, ਬੁੱਧੀ ਅਤੇ ਗਿਆਨ ਦੇ ਸਾਗਰ ਮੰਨੇ ਜਾਂਦੇ ਹਨੂੰਮਾਨ ਜੀ ਦਾ ਜਨਮ ਮਾਤਾ ਅੰਜਨੀ ਅਤੇ ਰਾਜਾ ਕੇਸਰੀ ਦੇ ਘਰ ਹੋਇਆ ਸੀ।
ਇੱਕ ਹੋਰ ਕਥਾ ਅਨੁਸਾਰ, ਜਦੋਂ ਬਾਲ ਹਨੂੰਮਾਨ ਨੇ ਸੂਰਜ ਨੂੰ ਅੰਬ ਸਮਝ ਲਿਆ ਅਤੇ ਉਸਨੂੰ ਖਾਣ ਲਈ ਅਸਮਾਨ ਵਿੱਚ ਉੱਡਣ ਲੱਗੇ। ਉਸੇ ਦਿਨ ਰਾਹੂ ਨੇ ਵੀ ਸੂਰਜ ਨੂੰ ਗ੍ਰਹਿਣ ਲਗਾਉਣਾ ਚਾਹਿਆ। ਹਨੂੰਮਾਨ ਜੀ ਨੂੰ ਦੇਖ ਕੇ ਸੂਰਜ ਨੇ ਉਨ੍ਹਾਂ ਨੂੰ ਕੋਈ ਹੋਰ ਰਾਹੂ ਸਮਝ ਲਿਆ। ਉਸ ਸਮੇਂ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਇੰਦਰ ਨੇ ਆਪਣੀ ਵਜਰ ਨਾਲ ਹਨੂੰਮਾਨ ਜੀ ‘ਤੇ ਹਮਲਾ ਕਰ ਦਿੱਤਾ । ਇਹ ਵੱਜਰ ਹਨੁਮਾਨ ਜੀ ਦੀ ਥੋਡੀ ਉੱਤੇ ਵੱਜਿਆ ਅਤੇ ਹਨੂੰਮਾਨ ਜੀ ਬੇਹੋਸ਼ ਹੋ ਗਏ। ਇਸ ਕਾਰਨ ਪਵਨ ਦੇਵ ਨੇ ਗੁੱਸੇ ਵਿਚ ਆ ਕੇ ਸਾਰੇ ਬ੍ਰਹਿਮੰਡ ਦੀ ਹਵਾ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਸਾਰੇ ਦੇਵੀ-ਦੇਵਤਿਆਂ ਨੇ ਪਵਨ ਦੇਵ ਨੂੰ ਮਨਾਇਆ ਅਤੇ ਬਾਲ ਹਨੂੰਮਾਨ ਜੀ ਨੂੰ ਨਵਾਂ ਜੀਵਨ ਦੇ ਕੇ ਪੂਰੇ ਬ੍ਰਹਮੰਡ ਵਿੱਚ ਹਵਾ ਤੇ ਪਾਣੀ ਛੱਡਿਆ ਗਿਆ । ਇਹ ਦਿਨ ਚੈਤ ਮਹੀਨੇ ਦੀ ਪੂਰਨਮਾਸ਼ੀ ਸੀ। ਇਸ ਕਾਰਨ ਉਨ੍ਹਾਂ ਦਾ ਜਨਮ ਦਿਨ ਚੈਤ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।
ਦੂਸਰੀ ਹਨੂੰਮਾਨ ਜਯੰਤੀ ਦਾ ਜ਼ਿਕਰ ਰਿਸ਼ੀ ਵਾਲਮੀਕਿ ਜੀ ਦੀ ਰਾਮਾਇਣ ਵਿੱਚ ਮਿਲਦਾ ਹੈ। ਵਾਲਮੀਕਿ ਜੀ ਦੀ ਰਾਮਾਇਣ ਅਨੁਸਾਰ ਜਦੋਂ ਹਨੂੰਮਾਨ ਜੀ ਸੀਤਾ ਮਾਤਾ ਨੂੰ ਮਿਲਣ ਗਏ ਸਨ। ਹਨੂੰਮਾਨ ਜੀ ਦੀ ਸ਼ਰਧਾ ਅਤੇ ਸਮਰਪਣ ਨੂੰ ਦੇਖ ਕੇ ਮਾਂ ਸੀਤਾ ਨੇ ਨਰਕ ਚਤੁਦਸ਼ੀ ਦੇ ਦਿਨ ਬਜਰੰਗਬਲੀ ਨੂੰ ਅਮਰ ਹੋਣ ਦਾ ਵਰਦਾਨ ਦਿੱਤਾ ਸੀ। ਇਹ ਦਿਨ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ। ਇਸ ਲਈ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਵੀ ਹਨੁਮਾਨ ਜੈਅੰਤੀ ਮਨਾਈ ਜਾਂਦੀ ਹੈ।
ਹਿੰਦੂ ਧਰਮ ਵਿੱਚ ਸ਼੍ਰੀ ਹਨੂੰਮਾਨ ਜੀ ਨੂੰ ਚਿਰੰਜੀਵੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕਲਯੁਗ ਵਿੱਚ ਕੇਸਰੀ ਨੰਦਨ ਹਨੁਮਾਨ ਜੀ ਦੀ ਪੂਜਾ ਕਰਨ ਦਾ ਫਲ ਜਲਦੀ ਪ੍ਰਾਪਤ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਸੰਕਟ ਦੇ ਸਮੇਂ ਸੱਚੇ ਮਨ ਨਾਲ ਵੀਰ ਬਜਰੰਗ ਬਲੀ ਹਨੂੰਮਾਨ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਉਹ ਖੁਦ ਆਪਣੇ ਭਗਤ ਦੀ ਰੱਖਿਆ ਕਰਦੇ ਹਨ ਅਤੇ ਉਸ ਨੂੰ ਹਰ ਦੁੱਖ ਤੋਂ ਬਚਾ ਲੈਂਦੇ ਹਨ।
ਇਸ ਤੋਂ ਇਲਾਵਾ ਸ਼ਨੀ ਦੇਵ ਦੀ ਵਕਰ ਦ੍ਰਿਸ਼ਟੀ ਅਤੇ ਪ੍ਰਭਾਵਾਂ ਤੋਂ ਬਚਣ ਲਈ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਨੀ ਦੇਵ ਬਜਰੰਗ ਬਲੀ ਦੇ ਭਗਤ ਨੂੰ ਕਦੇ ਪਰੇਸ਼ਾਨ ਨਹੀਂ ਕਰਦੇ। ਹਨੂੰਮਾਨ ਜੈਅੰਤੀ ਨੂੰ ਪੀਪਲ ਦੇ ਪੱਤਿਆਂ, ਬੁੰਦੀ ਦੇ ਪੀਲੇ ਲੱਡੂ ਅਤੇ ਲਾਲ ਰੰਗ ਦੇ ਫੁੱਲਾਂ ਨਾਲ ਉਨ੍ਹਾਂ ਦੀ ਪੂਜਾ ਕਰਨ ਵਾਲੇ ਦੇ ਜੀਵਨ ‘ਚ ਹਨੂੰਮਾਨ ਜੀ ਖੁਸ਼ੀਆਂ ਦੀ ਵਰਖਾ ਕਰਦੇ ਹਨ।
ਕਿਹਾ ਜਾਂਦਾ ਹੈ ਕਿ ਧਰਤੀ ‘ਤੇ ਜਿੱਥੇ ਵੀ ਭਗਵਾਨ ਸ਼੍ਰੀ ਰਾਮ ਦੀ ਭਗਤੀ ਹੁੰਦੀ ਹੈ, ਹਨੂੰਮਾਨ ਜੀ ਉੱਥੇ ਮੌਜੂਦ ਹੁੰਦੇ ਹਨ।
ਕਿਉਂਕਿ ਕਿਹਾ ਜਾਂਦਾ ਹੈ ਕਿ ਦੁਨੀਆ ਚਲੇ ਨਾ ਸ੍ਰੀ ਰਾਮ ਕੇ ਬਿਨਾ, ਰਾਮ ਜੀ ਚਲੇ ਨਾ ਹਨੂਮਾਨ ਕੇ ਬਿਨਾ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
9781590500
Leave a Comment
Your email address will not be published. Required fields are marked with *