ਆਓ ਸਾਰੇ ਰਲ ਕੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਪ੍ਰਨ ਕਰੀਏ।
ਪਟਾਕਿਆਂ ਨੂੰ ਨਾ ਕਹਿ ਕੇ ਦੇਸ਼ ਵਿੱਚੋ ਪ੍ਰਦੂਸ਼ਣ ਘਟਾਉਣ ਚ ਬਣੋ ਹਿੱਸੇਦਾਰ।
ਦੀਵਾਲੀ ਜ਼ਿਆਦਾਤਰ ਭਾਰਤੀਆਂ ਖਾਸ ਕਰਕੇ ਹਿੰਦੂ, ਜੈਨ ਅਤੇ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਤਿਉਹਾਰ ਹੈ। ਇਹ ਹਿੰਦੂ ਕੈਲੰਡਰ ਦੇ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਇਹ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਅਹਿਸਾਸ ਕਰਵਾਉਂਦਾ ਹੈ।
ਹਿੰਦੂ ਇਸਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਬਾਅਦ ਲੰਕਾ ਪਤੀ ਰਾਵਨ ਨੂੰ ਮਾਰਨ ਉਪਰੰਤ ਸੀਤਾ ਮਾਤਾ ਨਾਲ਼ ਅਯੋਧਿਆ ਪਰਤਨ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਸਦੀਆਂ ਤੋਂ ਇਸ ਨੂੰ ਦੀਵੇ ਜਗਾਉਣ ਅਤੇ ਦੀਪਮਾਲਾ ਕਰਕੇ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ। ਇਸ ਮਹਾਨ ਤਿਉਹਾਰ ਨਾਲ ਇੱਕ ਨਕਾਰਾਤਮਕ ਪੱਖ ਵੀ ਜੁੜਿਆ ਹੋਇਆ ਹੈ। ਲਗਭੱਗ 3 ਦਹਾਕਿਆਂ ਤੋਂ ਦੀਵਾਲੀ ਦਾ ਇੱਕ ਹੋਰ ਪਹਿਲੂ ਤੇਜ਼ੀ ਨਾਲ ਵਧਿਆ ਹੈ ਓਹ ਹੈ ਇਸ ਨੂੰ ਮਨਾਉਣ ਲਈ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੀ ਬੇਹਿਸਾਬੀ ਵਰਤੋਂ। ਦੀਵਾਲੀ ਦੇ ਤਿਉਹਾਰ ਦੌਰਾਨ ਵਰਤੋਂ ਕੀਤੇ ਜਾਂਦੇ ਪਟਾਕਿਆਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਵੀ ਬੇਹਿਸਾਬੀ ਹੁੰਦੀ ਹੈ।ਅੱਜ-ਕੱਲ੍ਹ ਸਿਰਫ਼ ਦੀਵਾਲੀ ਉੱਤੇ ਹੀ ਪਟਾਕੇ ਨਹੀਂ ਚਲਾਏ ਜਾਂਦੇ ਬਲਕਿ ਹੋਰ ਤਿਉਹਾਰਾਂ ਉੱਤੇ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਹੁਣ ਲਗਭੱਗ ਹਰੇਕ ਧਾਰਮਿਕ ਸਮਾਗਮ ਉੱਤੇ ਵੀ ਇਨ੍ਹਾਂ ਦੀ ਵਰਤੋਂ ਹੋਣ ਲੱਗ ਪਈ ਹੈ। ਕੌਮੀ ਤਿਉਹਾਰਾਂ, ਜਾਗਰਣ, ਨਗਰ ਕੀਰਤਨਾਂ ਅਤੇ ਵਿਆਹ ਦੇ ਮੌਕੇ ਵੀ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ ਹੈ। ਪਰ ਦਿਵਾਲੀ ਮੌਕੇ ਪਟਾਕਿਆਂ ਦੀ ਥੜਥੜਾਹਟ ਚਾਰ ਚੁਫ਼ੇਰੇ ਕੁਝ ਜਿਆਦਾ ਹੀ ਹੁੰਦੀ ਹੈ। ਇਸ ਨਾਲ ਚਾਰ ਚੁਫੇਰੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਦੀਵਾਲੀ ‘ਤੇ ਹੋਣ ਵਾਲੇ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਕਿਸਮ ਹਵਾ ਪ੍ਰਦੂਸ਼ਣ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੌਰਾਨ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਵੱਧ ਜਾਂਦਾ ਹੈ। ਅੱਜ ਕੱਲ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ ਵੀ ਬੇਤਹਾਸ਼ਾ ਵੱਧ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਹੋ ਗਿਆ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਵੀ ਇਹ ਪੱਧਰ 400 ਤੋਂ 600 ਦੇ ਦਰਮਿਆਨ ਹੋ ਗਿਆ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੀਵਾਲੀ ‘ਤੇ ਪਟਾਕੇ ਚਲਾਉਣ ਨਾਲ ਵੱਡੀ ਮਾਤਰਾ ‘ਚ ਧੂੰਆਂ ਨਿਕਲਦਾ ਹੈ। ਬਹੁਤੇ ਪਟਾਕਿਆਂ ਦੀ ਵਰਤੋਂ ਨਾਲ ਬਹੁਤ ਮਹੀਨ ਬਰੀਕ ਕਣ 2.5 ਪੀਐਮ (ਪਾਰਟੀਕਲ ਮੈਟਰ) ਜਾਂ 10 ਪੀ ਐਮ ਵਾਲੇ ਪੈਦਾ ਹੁੰਦੇ ਹਨ। ਇਹ ਕਣ ਅਕਸਰ ਇੰਨੇ ਮਹੀਨ ਹੁੰਦੇ ਹਨ ਕਿ ਫੇਫੜਿਆਂ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਇਹ ਹਮੇਸ਼ਾ ਲਈ ਜੰਮ ਜਾਂਦੇ ਹਨ। ਕਈ ਤਾਂ ਉੱਥੋਂ ਅੱਗੇ ਖੂਨ ਵਿੱਚ ਸ਼ਾਮਲ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਦੂਸ਼ਕ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੈਦਾ ਹੁੰਦੇ ਹਨ। ਜਿਵੇਂ- ਧੂੜ ਭਰੀ ਹਨੇਰੀ ਅਤੇ ਕੁਝ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੁੰਦੇ ਹਨ ਜਿਵੇਂ ਉਸਾਰੀ ਕਾਰਜ ਜਾਂ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ। ਇਹ ਯਕੀਨੀ ਤੌਰ ‘ਤੇ ਸਾਹ ਲੈਣ ਲਈ ਹਵਾ ਨੂੰ ਬਹੁਤ ਨੁਕਸਾਨਦੇਹ ਬਣਾਉਂਦਾ ਹੈ। ਨਾਲ ਹੀ ਪਟਾਕੇ ਚਲਾਉਣ ਦਾ ਇਹ ਹਾਨੀਕਾਰਕ ਪ੍ਰਭਾਵ ਦੀਵਾਲੀ ਤੋਂ ਬਾਅਦ ਕਈ ਦਿਨਾਂ ਤੱਕ ਰਹਿੰਦਾ ਹੈ। ਦਿਵਾਲੀ ਤੇ ਵਧਦੇ ਪ੍ਰਦੂਸ਼ਣ ਨਾਲ ਏਅਰ ਕੁਆਲਿਟੀ ਇੰਡੈਕਸ ਹੋਰ ਵਧਣ ਦਾ ਖਦਸ਼ਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਵਾ ਦਾ ਪ੍ਰਦੂਸ਼ਣ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਲਈ ਵੀ ਕਾਫੀ ਨੁਕਸਾਨਦਾਇਕ ਹੈ। ਭੂਮੀ ਪ੍ਰਦੂਸ਼ਣ ਦੀਵਾਲੀ ਦੌਰਾਨ ਹੋਣ ਵਾਲ਼ੇ ਪ੍ਰਦੂਸ਼ਣ ਦੀ ਇੱਕ ਹੋਰ ਮਹੱਤਵਪੂਰਨ ਕਿਸਮ ਹੈ। ਇਹ ਯਕੀਨੀ ਤੌਰ ‘ਤੇ ਸੜੇ ਹੋਏ ਪਟਾਕਿਆਂ ਦੇ ਬਚੇ ਹੋਏ ਟੁਕੜਿਆਂ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਪਟਾਕਿਆਂ ਦੀ ਰਹਿੰਦ ਖੂਹੰਦ ਨੂੰ ਸਾਫ਼ ਕਰਨ ਵਿੱਚ ਕਈ ਹਫ਼ਤੇ ਲੱਗ ਜਾਂਦੇ ਹਨ। ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਟੁਕੜੇ ਕੁਦਰਤ ਵਿੱਚ ਗੈਰ-ਬਾਇਓਡੀਗ੍ਰੇਡੇਬਲ ਹਨ। ਇਸ ਲਈ ਇਨ੍ਹਾਂ ਦਾ ਇੰਨੀ ਆਸਾਨੀ ਨਾਲ ਨਿਪਟਾਰਾ ਨਹੀਂ ਹੁੰਦਾ ਸਗੋਂ ਸਮੇਂ ਦੇ ਨਾਲ ਉਹ ਹੌਲੀ-ਹੌਲੀ ਜ਼ਹਿਰੀਲੇ ਹੋ ਜਾਂਦੇ ਹਨ।
ਦੀਵਾਲੀ ਦੌਰਾਨ ਸ਼ੋਰ ਪ੍ਰਦੂਸ਼ਣ ਇੱਕ ਹੋਰ ਅਹਿਮ ਅਤੇ ਵੱਡੀ ਸਮੱਸਿਆ ਹੈ। ਪਟਾਕਿਆਂ ਕਾਰਨ ਬਹੁਤ ਜ਼ਿਆਦਾ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਵਾਜ਼ ਪ੍ਰਦੂਸ਼ਣ ਸੁਣਨ ਦੀ ਸਮਰੱਥਾ ਲਈ ਕਾਫੀ ਨੁਕਸਾਨਦਾਇਕ ਹੈ। ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਪਸ਼ੂਆਂ, ਬਜ਼ੁਰਗਾਂ, ਵਿਦਿਆਰਥੀਆਂ ਅਤੇ ਬਿਮਾਰ ਲੋਕਾਂ ਲਈ ਵੀ ਵੱਡੀ ਸਮੱਸਿਆ ਹੈ। ਸ਼ੋਰ ਦਾ ਸਭ ਤੋਂ ਉੱਚਾ ਪੱਧਰ ਜੋ ਮਨੁੱਖੀ ਕੰਨ ਬਿਨਾਂ ਕਿਸੇ ਨੁਕਸਾਨ ਦੇ ਬਰਦਾਸ਼ਤ ਕਰ ਸਕਦਾ ਹੈ, ਉਹ 85 ਡੈਸੀਬਲ ਹੈ ਜਦ ਕਿ ਪਟਾਕਿਆਂ ਦਾ ਔਸਤ ਸ਼ੋਰ ਪੱਧਰ 125 ਡੈਸੀਬਲ ਹੈ। ਨਤੀਜੇ ਵਜੋਂ ਪਟਾਕਿਆਂ ਦੇ ਹਰ ਪਾਸੇ ਫਟਣ ਤੋਂ ਬਾਅਦ ਜਾਂ ਉਸ ਤੋਂ ਬਾਅਦ ਦੇ ਦਿਨਾਂ ਵਿੱਚ ਕੰਨ ਖਰਾਬ ਹੋਣ ਅਤੇ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਸਾਡੇ ਕੰਨਾਂ ਲਈ ਕਿਸੇ ਵੀ ਆਵਾਜ਼ ਦਾ ਸੁਰੱਖਿਅਤ ਪੱਧਰ 85 ਡੀਬੀ ਤੋਂ ਘੱਟ ਹੈ। ਲੰਬੇ ਸਮੇਂ ਲਈ 85 ਡੈਸਿਬਲ ਤੋਂ ਉੱਪਰ ਦੀ ਕੋਈ ਵੀ ਆਵਾਜ਼ ਕੰਨਾਂ ਦੇ ਸੰਵੇਦਨਸ਼ੀਲ ਟਿਸ਼ੂਆਂ ਨੂੰ ਅਸਥਾਈ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਸਥਾਈ ਤੌਰ ਤੇ ਸੁਣਨ ਸ਼ਕਤੀ ਖ਼ਤਮ ਵੀ ਕਰ ਸਕਦੀ ਹੈ। ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ।
ਆਤਿਸ਼ਬਾਜ਼ੀ ਅਨਾਰ ਅਤੇ ਗੜਬੜੇ ਚੜਾਉਣ ਕਾਰਨ ਇਸ ਤਿਉਹਾਰ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਇਹਨਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਅੱਗ ਲੱਗਣ ਅਤੇ ਸਰੀਰ ਨੂੰ ਨੁਕਸਾਨ ਪਹੁੰਚਨ ਦਾ ਵੀ ਖਤਰਾ ਪੈਦਾ ਕਰਦੀਆਂ ਹਨ। ਇਹ ਆਤਿਸ਼ਵਾਜੀ ਜਾਂ ਅੱਗ ਦੀ ਲਪੇਟ ਚ ਆਏ ਗੜਬੜੇ ਕਈ ਵਾਰ ਗਰੀਬ ਲੋਕਾਂ ਦੀਆਂ ਸੁੱਕੀਆਂ ਝੁੱਗੀਆਂ ਝੌਂਪੜੀਆਂ ਉੱਤੇ ਡਿੱਗ ਪੈਂਦੇ ਹਨ ਅਤੇ ਪੂਰੇ ਦਾ ਪੂਰਾ ਪਰਿਵਾਰ ਜਾਣ ਤੋਂ ਹੱਥ ਧੋ ਬੈਠਦਾ ਹੈ। ਪਟਾਕਿਆਂ ਵਿਚ ਮੁੱਖ ਤੌਰ ‘ਤੇ ਗੰਧਕ, ਐਂਟੀਮਨੀ ਸਲਫਾਈਡ, ਬੇਰੀਅਮ ਨਾਈਟ੍ਰੇਟ, ਐਲੂਮੀਨੀਅਮ, ਤਾਂਬਾ, ਲਿਥੀਅਮ ਅਤੇ ਸਟ੍ਰੋਂਟੀਅਮ ਅਤੇ ਕਾਰਬਨ ਹੁੰਦੇ ਹਨ। ਬਾਲਗਾਂ ਨਾਲੋਂ ਛੋਟੇ ਬੱਚੇ ਇਸ ਕਿਸਮ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।ਬੇਰੀਅਮ ਨਾਈਟ੍ਰੇਟ ਸਾਹ ਸੰਬੰਧੀ ਵਿਕਾਰ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਇੱਥੋਂ ਤੱਕ ਕਿ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਕਾਪਰ ਅਤੇ ਲਿਥੀਅਮ ਮਿਸ਼ਰਣ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ ਹਾਲਾਂਕਿ ਇਹ ਰਸਾਇਣ ਅਲਜ਼ਾਈਮਰ ਤੋਂ ਲੈ ਕੇ ਫੇਫੜਿਆਂ ਦੇ ਕੈਂਸਰ ਤੱਕ ਅਤੇ ਸਾਹ ਦੀਆਂ ਸਮੱਸਿਆਵਾਂ ਤੱਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਫਿਰ ਵੀ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ।
ਮਾਨਸਿਕ ਸਿਹਤ ‘ਤੇ ਪਟਾਕਿਆਂ ਦਾ ਪ੍ਰਭਾਵ
ਪਟਾਕੇ ਫੂਕਣ ਨਾਲ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ‘ਤੇ ਗੰਭੀਰ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ। ਚਿੰਤਾ ਦੇ ਪੱਧਰ ਨੂੰ ਵਧਾਉਣ ਲਈ ਇਕੱਲਾ ਰੌਲਾ ਕਾਫ਼ੀ ਹੈ ਅਤੇ ਇਹ ਤੱਥ ਕਿ ਇਹ ਸ਼ੋਰ ਤਿਉਹਾਰ ਤੋਂ 20 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ ਲਗਭਗ 15 ਦਿਨ ਬਾਅਦ ਤੱਕ ਜਾਰੀ ਰਹਿੰਦਾ ਹੈ। ਇਹ ਸ਼ੋਰ ਪ੍ਰਦੂਸ਼ਣ ਨੀਂਦ ਖਰਾਬ ਕਰਨ ਅਤੇ ਤਨਾਅ ਵਧਾਉਣ ਵਿੱਚ ਬਹੁਤ ਜਿਆਦਾ ਅਸਰਦਾਇਕ ਹੈ। ਅਤਿ ਜਿਆਦਾ ਮਾਮਲਿਆਂ ਵਿੱਚ ਤਣਾਅ ਜਾਨਲੇਵਾ ਬਣ ਸਕਦਾ ਹੈ। ਬਦਕਿਸਮਤੀ ਨਾਲ ਸਾਡੇ ਦੇਸ਼ ਭਾਰਤ ਵਿੱਚ ਸ਼ਾਇਦ ਮਾਨਸਿਕ ਸਿਹਤ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ। ਸ਼ਾਇਦ ਇਸੇ ਕਰਕੇ ਪਟਾਕਿਆਂ ਨਾਲ ਮਾਨਸਿਕ ਸਿਹਤ ਦੇ ਖਰਾਬ ਹੋਣ ਨੂੰ ਜਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ ਤੇ ਪਟਾਕਿਆਂ ਨੂੰ ਨਹੀਂ ਰੋਕਿਆ ਜਾਂਦਾ।
ਜਾਨਵਰਾਂ ‘ਤੇ ਪਟਾਕਿਆਂ ਦਾ ਪ੍ਰਭਾਵ _
ਦੀਵਾਲੀ ਇਨਸਾਨਾਂ ਲਈ ਬਿਨਾ ਸ਼ੱਕ ਬਹੁਤ ਖੁਸ਼ੀਆਂ ਭਰਿਆ ਸਮਾਂ ਹੁੰਦਾ ਹੈ, ਪਰ ਜਾਨਵਰਾਂ ਅਤੇ ਪੰਛੀਆਂ ਲਈ ਇਹ ਸਾਲ ਦਾ ਸਭ ਤੋਂ ਦੁਖਦਾਈ ਸਮਾਂ ਹੁੰਦਾ ਹੈ। ਜਿਵੇਂ ਕਿ ਪਾਲਤੂ ਜਾਨਵਰਾਂ ਦੇ ਮਾਲਕ ਦੱਸਦੇ ਹਨ ਕਿ ਦਿਵਾਲੀ ਸਮੇਂ ਪਟਾਕਿਆਂ ਦੇ ਸ਼ੋਰ ਤੋਂ ਜਾਨਵਰ ਸਹਿਮ ਜਾਂਦੇ ਹਨ ਅਤੇ ਉਹਨਾਂ ਦੀ ਵੀ ਸੁਣਨ ਸ਼ਕਤੀ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੈ।
ਸਭ ਤੋਂ ਪਹਿਲਾਂ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਸਖ਼ਤੀ ਨਾਲ ਬਚਣਾ ਚਾਹੀਦਾ ਹੈ। ਜੇਕਰ ਦਿਵਾਲੀ ਤੇ ਪਟਾਕੇ ਚਲਾ ਕੇ ਖੁਸ਼ੀਆਂ ਮਨਾਉਣੀਆਂ ਹੀ ਹਨ ਤਾਂ ਇਸ ਦਾ ਦੂਜਾ ਵਿਕਲਪ ਈਕੋ ਫਰੈਂਡਲੀ ਪਟਾਕੇ ਵੀ ਬਾਜ਼ਾਰ ਵਿੱਚੋਂ ਉਪਲਬਧ ਹਨ। ਇਸ ਲਈ ਲੋਕਾਂ ਨੂੰ ਈਕੋ ਫਰੈਂਡਲੀ ਪਟਾਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਈਕੋ-ਅਨੁਕੂਲ ਪਟਾਕੇ ਘੱਟ ਆਵਾਜ਼ ਪੈਦਾ ਕਰਦੇ ਹਨ ਅਤੇ ਵਾਤਾਵਰਨ ਨੂੰ ਵੀ ਨਾ ਮਾਤਰ ਹੀ ਪ੍ਰਦੂਸ਼ਿਤ ਕਰਦੇ ਹਨ। ਫਿਰ ਵੀ, ਪਟਾਕਿਆਂ ਦੀ ਵਰਤੋਂ ਕਰਨ ਤੋਂ ਬਚਣਾ ਸਭ ਤੋਂ ਵਧੀਆ ਹੱਲ ਹੈ। ਇਸ ਲਈ ਸਾਨੂੰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਘਰ ਜਾਂ ਦਫਤਰ ਦੇ ਅੰਦਰ ਲੋਕ ਸੁਰੱਖਿਅਤ ਅਤੇ ਸ਼ੁੱਧ ਹਵਾ ਵਿੱਚ ਸਾਹ ਲੈ ਸਕਣ। ਇਸ ਦੀਵਾਲੀ ਨੂੰ ਅਸੀਂ ਪਟਾਕਿਆਂ ਨੂੰ ਨਾਂਹ ਕਹਿ ਕੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾ ਸਕਦੇ ਹਾਂ। ਦੀਵਾਲੀ ਭਾਰਤ ਵਿੱਚ ਖੁਸ਼ੀ ਦੇ ਸਭ ਤੋਂ ਖੁਸ਼ਹਾਲ ਮੌਕਿਆਂ ਵਿੱਚੋਂ ਇੱਕ ਹੈ। ਆਓ ਇਸ ਸੁੰਦਰ ਤਿਉਹਾਰ ਨੂੰ ਪ੍ਰਦੂਸ਼ਣ ਦੀ ਬੁਰਾਈ ਨਾਲ ਬਰਬਾਦ ਨਾ ਹੋਣ ਦੇਈਏ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਿਉਹਾਰ ਨੂੰ ਤੁਰੰਤ ਵਾਤਾਵਰਣ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ।
![](https://i0.wp.com/worldpunjabitimes.com/wp-content/uploads/2023/11/IMG_20231106_133938-scaled.jpg?resize=2011%2C2560&ssl=1)
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ
9781590500
Leave a Comment
Your email address will not be published. Required fields are marked with *