ਲੁਧਿਆਣਾ,8 ਦਸੰਸਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਸੁਧ ਮਹਾਦੇਵ ਫਿਲਮ ਪ੍ਰਾਈਵੇਟ ਲਿਮਟਿਡ ਆਰ ਰਾਜਾ ਅਤੇ ਵੀ ਟੂ ਵੀ ਸਿਨੇਮਾ ਲੁਧਿਆਣਾ ਵੱਲੋਂ 15 ਦਸੰਬਰ ਨੂੰ ਦੁਬਈ ਵਿਖੇ ਕਰਵਾਏ ਜਾ ਰਹੇ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸਕੱਤਰ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਅਤੇ ਸਿਰਜਣਧਾਰਾ ਸਾਹਿਤਕ ਸੰਸਥਾ ਦੀ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖ਼ੋਂ) ਰਜਿ: ਦੀ ਸੀਨੀਅਰ ਉਪ ਪ੍ਰਧਾਨ ਤੇ ਸੁਪ੍ਰਸਿੱਧ ਸ਼ਾਇਰਾ ਡਾਕਟਰ ਗੁਰਚਰਨ ਕੌਰ ਕੋਚਰ ਨੂੰ “ਪਿਫ਼ ਸਟਾਰ ਅਵਾਰਡ -23 (ਅੰਤਰਰਾਸ਼ਟਰੀ ਅਚੀਵਰ ) ਤਹਿਤ “ਬੈਸਟ ਪੋਇਟ ਐਂਡ ਰਾਈਟਰ ਅਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਚਰਨ ਕੌਰ ਕੋਚਰ 15 ਪੁਸਤਕਾਂ ਪੰਜਾਬੀ ਮਾਂ ਬੋਲੀ ਦੇ ਚਰਨਾਂ ਵਿਚ ਭੇਟ ਕਰ ਚੁੱਕੇ ਹਨ । ਅੱਠ ਦਰਜਨ ਤੋਂ ਵੱਧ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਉਹਨਾਂ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ। ਉਨਾਂ ਨੇ ਛੇ ਦਰਜਨ ਕਿਤਾਬਾਂ ਦੇ ਮੁੱਖ ਬੰਧ ਲਿਖੇ ਹਨ। ਵੱਡੀ ਗਿਣਤੀ ਵਿੱਚ ਕਿਤਾਬਾਂ ਦੇ ਰਿਵਿਊ ਕਰਨ ਦੇ ਨਾਲ ਨਾਲ 45 ਖੋਜ ਪੇਪਰ ਵੀ ਲਿਖੇ ਹਨ। ਪੰਜਾਬੀ ਸਾਹਿਤ ਵਿੱਚ ਖਾਸ ਕਰਕੇ ਗਜ਼ਲਕਾਰਾਂ ਵਿੱਚ ਉਨ੍ਹਾਂ ਦੀ ਇੱਕ ਵਿਲੱਖਣ ਪਹਿਚਾਣ ਹੈ। ਦੇਸ਼ ਵਿਦੇਸ਼ ਵਿੱਚ ਹੋਣ ਵਾਲੀਆਂ ਪੰਜਾਬੀ ਕਾਨਫਰੰਸਾਂ ਵਿੱਚ ਵੀ ਸ਼ਿਰਕਤ ਕਰਦੇ ਰਹਿੰਦੇ ਹਨ। ਦੂਰਦਰਸ਼ਨ ਜਲੰਧਰ ਦੇ ਅਤੇ ਆਲ ਇੰਡੀਆ ਰੇਡੀਓ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਬਤੌਰ ਵਿਸ਼ਾ ਮਾਹਿਰ ਅਤੇ ਕਵੀ ਦਰਬਾਰਾਂ ਵਿੱਚ ਭਾਗ ਲੈਂਦੇ ਰਹਿੰਦੇ ਹਨ। ਨਵੀਆਂ ਕਲਮਾਂ ਨੂੰ ਸਾਹਿਤ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕਰ ਰਹੇ ਹਨ। ਡਾ.ਗੁਰਚਰਨ ਕੌਰ ਕੋਚਰ ਨੂੰ “ਬੈਸਟ ਪੋਇਟ ਐਂਡ ਰਾਈਟਰ ਅਵਾਰਡ” ਉਹਨਾਂ ਵਲੋਂ ਲਿਖੇ ਗਏ ਮੋਟੀਵੇਸ਼ਨਲ ਸੋਂਗ “ਚਾਨਣ ਭਰ ਦਿਆਂਗੇ” ਲਈ ਦਿੱਤਾ ਜਾ ਰਿਹਾ ਹੈ। ਇਹ ਗੀਤ ਵਹਿਮਾਂ -ਭਰਮਾਂ ਤੋਂ ਦੂਰ ਰਹਿ ਕੇ ਅੰਗ ਦਾਨ ਕਰਨ ਲਈ ਅਤੇ ਵਿਸ਼ੇਸ਼ ਤੌਰ ਤੇ ਅੱਖਾਂ ਦਾਨ ਕਰਨ ਲਈ ਸਮਾਜ ਨੂੰ ਬਹੁਤ ਹੀ ਮਹੱਤਵਪੂਰਨ ਤੇ ਸਾਰਥਕ ਸੁਨੇਹਾ ਦਿੰਦਾ ਹੈ। ਇਸ ਗੀਤ ਨੂੰ ਪ੍ਰਸਿੱਧ ਗਾਇਕ ਜੋੜੀ ਗੁਰਵਿੰਦਰ ਸਿੰਘ ਸ਼ੇਰਗਿੱਲ ਅਤੇ ਸਿਮਰਨ ਸਿੰਮੀ ਨੇ ਆਪਣੀ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਗਾਇਆ ਹੈ। ਅੱਖਾਂ ਦੇ ਮਾਹਿਰ ਵਜੋਂ ਸੁਪ੍ਰਸਿੱਧ ਤੇ ਸਟੇਟ ਅਵਾਰਡੀ ਡਾਕਟਰ ਰਮੇਸ਼ ਜੀ ਦੀ ਸੁਚੱਜੀ ਨਿਰਦੇਸ਼ਨਾ ਹੇਠ ਇਹ ਗੀਤ ਇਸ ਤਰ੍ਹਾਂ ਬਾਖ਼ੂਬੀ ਫ਼ਿਲਮਾਇਆ ਗਿਆ ਹੈ ਕਿ ਇਹ ਗੀਤ ਸ਼ੋਰਟ ਮੂਵੀ ਬਣ ਕੇ ਸਾਰਿਆ ਨੂੰ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਦਾ ਹੈ।ਡਾ.ਗੁਰਚਰਨ ਕੌਰ ਕੋਚਰ ਨੇ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਰਾਜੇਸ਼ ਰਾਜਾ ਜੀ ਅਤੇ ਉਨ੍ਹਾਂ ਨਾਲ ਜੁੜੀ ਸਮੁੱਚੀ ਟੀਮ ਦੇ ਨਾਲ ਨਾਲ ਜਿਊਰੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਅੰਤਰਰਾਸ਼ਟਰੀ ਵੱਕਾਰੀ ਪੁਰਸਕਾਰ ਲਈ ਉਨ੍ਹਾਂ ਦੀ ਚੋਣ ਕੀਤੀ ਹੈ। ਇਸ ਵੱਡੀ ਪ੍ਰਾਪਤੀ ਤੇ ਸਿਰਜਣ ਧਾਰਾ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ।
ਡਾ.ਗੁਰਚਰਨ ਕੌਰ ਕੋਚਰ ਪ੍ਰਧਾਨ ਅਮਰਜੀਤ ਸ਼ੇਰਪੁਰੀ
ਜਨਰਲ ਸਕੱਤਰ ਸਿਰਜਣਧਾਰਾ