ਭਾਰਤ ਬੰਦ ਨੂੰ 100 ਫੀਸਦੀ ਕਾਮਯਾਬ ਕਰਨ ਦਾ ਕੀਤਾ ਗਿਆ ਐਲਾਨ
ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਮਿਊਂਸਿਪਲ ਪਾਰਕ ਵਿੱਚ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਪੈਨਸ਼ਨਰ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨ ਆਗੂ ਸੁਖਮੰਦਰ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਛੱਤਰ ਸਿੰਘ ਬਰਾੜ, ਗੁਰਸੇਵਕ ਸਿੰਘ, ਗੁਰਦਿਆਲ ਭੱਟੀ, ਜਸਪ੍ਰੀਤ ਸਿੰਘ, ਮੇਘ ਸਿੰਘ ਸਰਪੰਚ, ਅੰਗ੍ਰੇਜ ਸਿੰਘ, ਛਿੰਦਰ ਸਿੰਘ ਹਰੀ ਨੌ ਅਤੇ ਟਰੇਡ ਯੂਨੀਅਨ ਜੱਥੇਬੰਦੀਆਂ ਵਲੋਂ ਬੀਬੀ ਅਮਰਜੀਤ ਕੌਰ ਰਣ ਸਿੰਘ ਵਾਲਾ, ਗੁਰਤੇਜ ਸਿੰਘ ਹਰੀ ਨੌ, ਇੰਦਰਜੀਤ, ਅਮਰਜੀਤ ਸਿੰਘ ਦੁੱਗਲ, ਹਰਪ੍ਰੀਤ ਸਿੰਘ ਬਿਜਲੀ ਨਿਗਮ, ਵੀਰ ਇੰਦਰਜੀਤ ਸਿੰਘ ਪੁਰੀ, ਕੁਲਵੰਤ ਸਿੰਘ ਚਾਨੀ ਅਤੇ ਦੋਧੀ ਯੂਨੀਅਨ ਦੇ ਹਰਪ੍ਰੀਤ ਸਿੰਘ ਸ਼ਾਮਿਲ ਹੋਏ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਦੌਰਾਨ ਕਿਸਾਨਾਂ, ਮਜ਼ਦੂਰਾਂ ਸਮੇਤ ਸਮਾਜ ਦੇ ਸਭ ਮਿਹਨਤਕਸ਼ ਤਬਕਿਆਂ ਦਾ ਸ਼ੋਸ਼ਣ ਕਰਨ ਅਤੇ ਕਾਰਪੋਰੇਟ ਘਰਾਣਿਆਂ ਦਾ ਘਰ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸਾਨਾਂ ਨੇ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਚੱਲੇ ਇਤਿਹਾਸਕ ਮੋਰਚੇ ਵਿੱਚ 700 ਤੋਂ ਵੱਧ ਸਾਥੀ ਸ਼ਹੀਦ ਕਰਵਾ ਕੇ ਜਮੀਨ ਖੋਹਣ ਵਾਲੇ ਕਾਲੇ ਕਾਨੂੰਨ ਵਾਪਸ ਕਰਵਾਏ ਹਨ ਪਰ ਕਾਰਪੋਰੇਟ ਘਰਾਣਿਆਂ ਦੀ ਗਿਰਝ ਅੱਖ ਅਜੇ ਵੀ ਜਮੀਨਾਂ ਰਾਹੀਂ ਸਾਰੀ ਖੁਰਾਕ ਮਾਰਕੀਟ ਉਪਰ ਕਬਜ਼ਾ ਕਰਨ ‘ਤੇ ਟਿਕੀ ਹੋਈ ਹੈ। ਨਰੇਗਾ ਸਕੀਮ ਦੇ ਬੱਜਟ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਮਜ਼ਦੂਰ ਵਰਗ ਵੱਲੋਂ ਅਨੇਕ ਕੁਰਬਾਨੀਆਂ ਬਾਅਦ ਬਣਵਾਏ 44 ਲੇਬਰ ਕਾਨੂੰਨਾ ਨੂੰ ਖਤਮ ਕਰਕੇ ਮਾਲਕਾਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ 4 ਲੇਬਰ ਕੋਡ ਲਿਆਂਦੇ ਗਏ ਹਨ। ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ। ਸਭ ਜਮਹੂਰੀ ਨਿਯਮਾਂ ਨੂੰ ਪੈਰਾਂ ਹੇਠ ਮਸਲ ਕੇ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਫੌਜਦਾਰੀ ਕਾਨੂੰਨਾਂ ’ਚ ਸੋਧ ਕੀਤੀ ਗਈ ਹੈ ਅਤੇ ਡਰਾਈਵਰ ਵਰਗ ਨੂੰ ਕੁਚਲਣ ਵਾਲਾ 7 ਸਾਲ ਦੀ ਸਜਾ ਅਤੇ ਲੱਖਾਂ ਰੁਪਏ ਜੁਰਮਾਨੇ ਵਾਲਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਦੁਕਾਨਦਾਰ ਅਤੇ ਛੋਟੇ ਕਾਰੋਬਾਰ ਕਰਨ ਵਾਲੇ ਤਬਕੇ ਦਾ ਰੁਜ਼ਗਾਰ ਖੋਹਣ ਲਈ ਹਰ ਸ਼ਹਿਰ ਵਿੱਚ ਵੱਡੇ ਮਾਲ ਖੋਹਲੇ ਜਾ ਰਹੇ ਹਨ। ਇਨਾਂ ਹਾਲਤਾਂ ਵਿੱਚ ਕੌਮੀ ਪੱਧਰ ਦੇ 16 ਫਰਵਰੀ ਦੇ ਭਾਰਤ ਬੰਦ ਨੂੰ ਕਾਮਯਾਬ ਕਰਨਾ ਸਮਾਜ ਦੇ ਹਰ ਇਨਸਾਫ ਪਸੰਦ ਵਿਅਕਤੀ ਲਈ ਜਰੂਰੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 7 ਫਰਵਰ ਤੋਂ ਵਪਾਰ ਮੰਡਲ ’ਚ ਸ਼ਾਮਿਲ ਹਰ ਯੂਨੀਅਨ ਤੱਕ ਬੰਦ ਦਾ ਸੰਦੇਸ਼ ਪਹੁੰਚਾਉਣ ਲਈ ਸੰਪਰਕ ਕੀਤਾ ਜਾਵੇਗਾ। ਬੰਦ ਦਾ ਮਾਹੌਲ ਬਨਾਉਣ ਲਈ 9 ਫਰਵਰੀ ਨੂੰ ਕੋਟਕਪੂਰਾ ਸ਼ਹਿਰ ’ਚ ਝੰਡਾ ਮਾਰਚ ਕੀਤਾ ਜਾਵੇਗਾ ਜੋ ਸਵੇਰੇ 10:00 ਵਜੇ ਮਿਊਂਸਿਪਲ ਪਾਰਕ ਕੋਟਕਪੂਰਾ ਤੋਂ ਸੁਰੂ ਹੋ ਕੇ ਢੋਡਾ ਚੌਕ, ਪੁਰਾਣੀ ਦਾਣਾ ਮੰਡੀ, ਫੇਰੂਮਾਨ ਚੌਕ, ਮਹਿਤਾ ਚੌਕ ਤੋਂ ਬਤੀਆਂ ਵਾਲਾ ਚੌਕ ਹੁੰਦਾ ਹੋਇਆ ਲੈਲਾ ਲਾਜਪਤ ਰਾਏ ਪਾਰਕ ਵਿੱਚ ਹੀ ਸਮਾਪਤ ਹੋਵੇਗਾ। ਇਹ ਵੀ ਤਹਿ ਕੀਤਾ ਗਿਆ ਕਿ 16 ਫਰਵਰੀ ਦੇ ਭਾਰਤ ਬੰਦ ਦੌਰਾਨ ਬੱਤੀਆਂ ਵਾਲਾ ਚੌਕ ਵਿੱਚ ਰੈਲੀ ਕਰਕੇ ਜਾਮ ਕੀਤਾ ਜਾਵੇਗਾ ਜਿਸ ਵਿੱਚ ਉਪਰਲੇ ਫੈਸਲੇ ਅਨੁਸਾਰ ਐਂਬੂਲੈਂਸ, ਬਰਾਤ ਅਤੇ ਮਰਗ ਨੂੰ ਹੀ ਛੋਟ ਦਿੱਤੀ ਜਾਵੇਗੀ। ਬੰਦ ਸਵੇਰ ਤੋਂ ਸ਼ੁਰੂ ਕਰਕੇ ਸ਼ਾਮ 4:00 ਵਜੇ ਤੱਕ ਰੱਖਿਆ ਜਾਵੇਗਾ। ਪਿੰਡਾਂ ਤੋਂ ਦੁੱਧ, ਸਬਜੀਆਂ ਆਦਿ ਨਹੀਂ ਆਉਣਗੀਆਂ ਅਤੇ ਨਾ ਹੀ ਸੜਕਾਂ ਤੇ ਬੱਸਾਂ ਚਲਣੀਆਂ ਹਨ। ਆਗੂਆਂ ਨੇ ਆਮ ਜਨਤਾ ਨੂੰ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਘਰ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।