ਓਜ਼ੋਨ ਪਰਤ ਨੂੰ ਮੰਨਿਆ ਜਾਂਦਾ ਹੈ ਧਰਤੀ ਦਾ ਸੁਰੱਖਿਆ ਕਵਚ।
ਆਓ ਓਜ਼ੋਨ ਪਰਤ ਬਾਰੇ ਜਾਣੀਏ।
ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਓਜ਼ੋਨ ਪਰਤ ਬਾਰੇ ਪੜ੍ਹਿਆ ਅਤੇ ਸੁਣਿਆ ਹੋਵੇਗਾ ਜੋ ਸਾਡੇ ਵਾਯੂਮੰਡਲ ਦੀ ਰੱਖਿਆ ਕਰਦੀ ਹੈ ਅਤੇ ਧਰਤੀ ਨੂੰ ਰਹਿਣ ਯੋਗ ਬਣਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਓਜ਼ੋਨ ਪਰਤ ਕਿਵੇਂ ਬਣਦੀ ਹੈ? ਇਸ ਤੋਂ ਇਲਾਵਾ ਓਜ਼ੋਨ ਪਰਤ ਕੀ ਹੈ ਅਤੇ ਇਸ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਅਤੇ ਪ੍ਰਭਾਵ ਹੈ?
ਓਜ਼ੋਨ ਪਰਤ ਦੀ ਖੋਜ 1913 ਵਿੱਚ ਫਰਾਂਸੀਸੀ ਭੌਤਿਕ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬੁਈਸਨ ਦੁਆਰਾ ਕੀਤੀ ਗਈ ਸੀ।ਓਜ਼ੋਨ ਇੱਕ ਹਲਕੇ ਨੀਲੇ ਰੰਗ ਦੀ ਸੁਗੰਧ ਵਾਲੀ ਗੈਸ ਹੈ ਜੋ ਕੁਦਰਤੀ ਤੌਰ ‘ਤੇ ਆਕਸੀਜਨ ਦੇ ਤਿੰਨ ਅਣੂਆਂ ਤੋਂ ਬਣਦੀ ਹੈ ਅਤੇ ਸਾਡੇ ਵਾਯੂਮੰਡਲ ਵਿੱਚ ਬਹੁਤ ਘੱਟ ਮਾਤਰਾ (0.00004%) ਵਿੱਚ ਪਾਈ ਜਾਂਦੀ ਹੈ। ਜਦੋਂ ਸੂਰਜ ਦੀਆਂ ਕਿਰਨਾਂ ਵਾਯੂਮੰਡਲ ਦੀ ਉਪਰਲੀ ਸਤ੍ਹਾ ‘ਤੇ ਆਕਸੀਜਨ ਨਾਲ ਟਕਰਾਉਂਦੀਆਂ ਹਨ, ਤਾਂ ਇਸ ਵਿੱਚੋਂ ਕੁਝ ਉੱਚ ਊਰਜਾ ਰੇਡੀਏਸ਼ਨ ਕਾਰਨ ਓਜ਼ੋਨ ਵਿੱਚ ਬਦਲ ਜਾਂਦੀਆਂ ਹਨ।
16 ਸਤੰਬਰ ਨੂੰ ਵਿਸ਼ਵ ਓਜ਼ੋਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ 16 ਸਤੰਬਰ 1987 ਨੂੰ ਮਾਂਟਰੀਅਲ ਪ੍ਰੋਟੋਕੋਲ ‘ਤੇ ਦਸਤਖਤ ਕੀਤੇ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ । ਜੋ ਕਿ ਓਜ਼ੋਨ ਦਾ ਘਾਣ ਕਰਨ ਵਾਲੇ ਪਦਾਰਥਾਂ ਨੂੰ ਪੜਾਅਵਾਰ ਖਤਮ ਕਰਨ ਲਈ ਇੱਕ ਅੰਤਰਰਾਸ਼ਟਰੀ ਸੰਧੀ ਸੀ। ਇਸ ਦਿਨ ਦਾ ਐਲਾਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ 1994 ਵਿੱਚ ਓਜ਼ੋਨ ਪਰਤ ਦੇ ਪਤਲੇ ਹੋਣ ਅਤੇ ਇਸਦੀ ਸੰਭਾਲ ਦੀ ਜ਼ਰੂਰਤ ਬਾਰੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਸੀ ਜੋ ਕਿ ਧਰਤੀ ‘ਤੇ ਜੀਵਨ ਨੂੰ ਹਾਨੀਕਾਰਕ ਯੂਵੀ ਰੇਡੀਏਸ਼ਨ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ।
ਓਜ਼ੋਨ ਪਰਤ ਧਰਤੀ ਦੇ ਉੱਪਰ ਸਟ੍ਰੈਟੋਸਫੀਅਰ ਵਿੱਚ ਸਥਿਤ ਹੈ। ਇਸ ਨੂੰ ਧਰਤੀ ਦੀ ਢਾਲ ਮੰਨਿਆ ਜਾਂਦਾ ਹੈ। ਇਹ ਪਰਤ 3 ਮਿਲੀਮੀਟਰ ਮੋਟੀ ਹੈ ਜੋ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਨੂੰ ਸਾਡੀ ਧਰਤੀ ‘ਤੇ ਪਹੁੰਚਣ ਤੋਂ ਰੋਕਣ ਦਾ ਕੰਮ ਕਰਦੀ ਹੈ ਅਤੇ ਧਰਤੀ ‘ਤੇ ਜੀਵਨ ਨੂੰ ਆਸਾਨ ਬਣਾਉਂਦੀ ਹੈ।
ਓਜ਼ੋਨ ਪਰਤ ਨੂੰ ਸਾਡੀ ਧਰਤੀ ਦਾ ਸੁਰੱਖਿਆ ਕਵਚ ਮੰਨਿਆ ਜਾਂਦਾ ਹੈ। ਓਜ਼ੋਨ ਪਰਤ ਧਰਤੀ ਦੀ ਸਤ੍ਹਾ ਤੋਂ 15 ਕਿਲੋਮੀਟਰ ਤੋਂ 40 ਕਿਲੋਮੀਟਰ ਤੱਕ ਫੈਲੀ ਹੋਈ ਹੈ ਅਤੇ ਇਸ ਨੂੰ ਸਟ੍ਰੈਟੋਸਫੀਅਰ ਕਿਹਾ ਜਾਂਦਾ ਹੈ। ਇਹ ਪਰਤ 3 ਮਿਲੀਮੀਟਰ ਮੋਟੀ ਹੈ ਜੋ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦੀ ਹੈ। ਜੇਕਰ ਇਹ ਕਿਰਨਾਂ ਸਿੱਧੀਆਂ ਧਰਤੀ ‘ਤੇ ਆਉਂਦੀਆਂ ਹਨ ਤਾਂ ਇਸ ਨਾਲ ਸਮੁੰਦਰੀ ਜੀਵ-ਜੰਤੂ ਤਬਾਹ ਹੋਣ ਦੇ ਨਾਲ-ਨਾਲ ਮਨੁੱਖਾਂ ‘ਚ ਕੈਂਸਰ ਅਤੇ ਮੋਤੀਆਬਿੰਦ ਵਰਗੀਆਂ ਘਾਤਕ ਬਿਮਾਰੀਆਂ ਵੀ ਵਧਣਗੀਆਂ।
ਓਜ਼ੋਨ ਪਰਤ ਕਿਵੇਂ ਬਣਦੀ ਹੈ?
ਓਜ਼ੋਨ ਪਰਤ ਇੱਕ ਰਸਾਇਣਕ ਪ੍ਰਕਿਰਿਆ ਦੁਆਰਾ ਬਣਦੀ ਹੈ। ਇਹ ਆਕਸੀਜਨ ‘ਤੇ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਦੇ ਪ੍ਰਭਾਵ ਨਾਲ ਬਣਦਾ ਹੈ। ਅਲਟਰਾਵਾਇਲਟ ਕਿਰਨਾਂ ਆਕਸੀਜਨ ਦੇ ਅਣੂ ਨੂੰ ਦੋ ਹਿੱਸਿਆਂ ਵਿੱਚ ਵੰਡਦੀਆਂ ਹਨ। ਇਸ ਪ੍ਰਤੀਕ੍ਰਿਆ ਤੋਂ ਬਾਅਦ ਆਕਸੀਜਨ ਪਰਮਾਣੂ ਆਕਸੀਜਨ ਦੇ ਅਣੂ ਨਾਲ ਜੁੜਦਾ ਹੈ ਅਤੇ ਇੱਕ ਓਜ਼ੋਨ ਅਣੂ (O3) ਬਣਾਉਂਦਾ ਹੈ। ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ ਜਿਸ ਕਾਰਨ ਸਾਡੇ ਵਾਯੂਮੰਡਲ ਵਿੱਚ ਓਜ਼ੋਨ ਪਰਤ ਬਣ ਜਾਂਦੀ ਹੈ।ਵਿਗਿਆਨੀਆਂ ਅਨੁਸਾਰ ਜੇਕਰ ਧਰਤੀ ਦੇ ਆਲੇ-ਦੁਆਲੇ ਓਜ਼ੋਨ ਪਰਤ ਦੀ ਇਹ ਸੁਰੱਖਿਆ ਢਾਲ ਨਾ ਹੁੰਦੀ ਤਾਂ ਸ਼ਾਇਦ ਸਾਡੀ ਧਰਤੀ ਵੀ ਸੂਰਜੀ ਮੰਡਲ ਦੇ ਹੋਰ ਗ੍ਰਹਿਆਂ ਵਾਂਗ ਜੀਵਨ ਤੋਂ ਰਹਿਤ ਹੁੰਦਾ।

ਲੈਕਚਰਾਰ ਲਲਿਤ ਗੁਪਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਲੁਧਿਆਣਾ
9781590500