ਪਹਿਲਾਂ ਮੇਰੀ ਦੇਹ ਸੜੀ…ਫੇਰ ਸੁਪਨੇ…ਤੇ ਹੁਣ ਨਿਆਂ ਦੀ ਉਮੀਦ…
ਸ਼ਾਹੀਨ ਨੂੰ ਅੱਜ ਵੀ ਤੇਜ਼ਾਬ ਦਾ ਰੰਗ ਯਾਦ ਹੈ।
ਤੇਜ਼ਾਬ ਦੇ ਕਹਿਰ ਦਾ ਉਹ ਰੰਗ, ਜੋ 19 ਨਵੰਬਰ 2009 ਦੀ ਉਸ ਸ਼ਾਮ ਉਸਦੀ ਜ਼ਿੰਦਗੀ ਵਿੱਚ ਘੁਲ ਗਿਆ ਸੀ। ਸੜਨ… ਦਰਦ… ਚੀਕਾਂ…ਅਤੇ ਹੋਰ ਬਹੁਤ ਕੁਝ… ਇੱਕੋ ਪਲ ਵਿੱਚ….
ਜੇ ਉਹ ਸ਼ਾਮ ਉਸਦੀ ਦੇਹ ਨੂੰ ਸਾੜ ਗਈ ਸੀ ਤਾਂ 16 ਸਾਲ ਬਾਅਦ ਹੁਣ 2025 ਦੇ ਅਖੀਰਲੇ ਦਿਨਾਂ ਵਿਚ ਆਇਆ ਅਦਾਲਤੀ ਫ਼ੈਸਲਾ ਉਸਦੀ ਉਮੀਦਾਂ ਨੂੰ ਰਾਖ ਕਰ ਗਿਆ।
- ਫ਼ੈਸਲੇ ਤੋਂ ਇੱਕ ਰਾਤ ਪਹਿਲਾਂ ਸ਼ਾਹੀਨ ਸੋ ਨਹੀਂ ਸਕੀ। ਉਸਨੂੰ ਲੱਗਿਆ ਸੀ ਕਿ ਸ਼ਾਇਦ ਹੁਣ ਉਸਦੀ 16 ਸਾਲਾਂ ਦੀ ਲੜਾਈ ਦਾ ਅੰਤ ਹੋਵੇਗਾ ਅਤੇ ਇਨਸਾਫ਼ ਮਿਲੇਗਾ। ਸਵੇਰੇ ਹੀ ਉਹ ਅਦਾਲਤ ਪਹੁੰਚ ਗਈ, ਹਾਲਾਂਕਿ ਫ਼ੈਸਲਾ ਦੁਪਹਿਰ ਬਾਅਦ ਆਉਣਾ ਸੀ। ਉਸ ਨੂੰ ਲਗਦਾ ਸੀ ਕਿ ਅੱਜ ਉਸ ਦੀ ਜ਼ਿੰਦਗੀ ਵਿਚ ਕੁਝ ਨਾ ਕੁਝ ਹੋਏਗਾ..
- ਪਰ ਹੋਇਆ ਕੀ?
ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
“ਇੱਕ ਪਲ ਵਿੱਚ ਸਭ ਕੁਝ ਉਲਟ ਗਿਆ”
“ਮੇਰੀਆਂ ਸਾਰੀਆਂ ਉਮੀਦਾਂ, ਸਾਰਾ ਜੋਸ਼ ਟੁੱਟ ਗਿਆ। ਅਚਾਨਕ ਮੈਂ ਮੁੜ 2009 ਵਿੱਚ ਪਹੁੰਚ ਗਈ।”
ਇਕ ਇਕ ਕਰਕੇ ਉਹ ਸਾਰੇ ਪਲ ਉਸ ਦੀਆਂ ਅੱਖਾਂ ਸਾਮ੍ਹਣੇ ਘੁੰਮ ਗਏ…
ਹਵਾ ਨੂੰ ਗੰਢਾਂ ਦੇਣ ਵਾਲੀ ਸੀ ਉਹ ਉਮਰ… ਪਾਣੀਪੱਤ ਦੀ ਇਸ ਕੁੜੀ ਨੇ ਵਿਦਿਆਰਥੀ-ਕੌਂਸਲਰ ਦੇ ਤੌਰ ਤੇ ਆਪਣੀ ਜੌਬ ਸ਼ੁਰੂ ਕੀਤੀ ਸੀ…
ਉਸ ਦਾ ਬੌਸ ਹੀ ਉਸ ਦੇ ਸੁਪਨਿਆਂ ਨੂੰ ਗ੍ਰਹਿਣ ਵਾਂਗ ਲੱਗ ਗਿਆ…
ਉਹ ਜੋ ਕੁਝ ਸ਼ਾਹੀਨ ਤੋਂ ਚਾਹੁੰਦਾ ਸੀ…ਸ਼ਾਹੀਨ ਉਸ ਲਈ ਤਿਆਰ ਨਾ ਹੋਈ…
ਕਈ ਮਹੀਨਿਆਂ ਤੱਕ ਇਸੇ ਕਸ਼ਮਕਸ਼ ‘ਚ ਫਸੇ ਰਹਿਣ ਤੋਂ ਬਾਅਦ ਆਖਿਰ ਸ਼ਾਹੀਨ ਨੇ 1 ਨਵੰਬਰ 2009 ਨੂੰ ਅਸਤੀਫ਼ਾ ਦੇ ਦਿੱਤਾ। 1 ਦਸੰਬਰ ਨੂੰ ਉਸਦਾ ਆਖ਼ਰੀ ਕੰਮਕਾਜੀ ਦਿਨ ਹੋਣਾ ਸੀ ਪਰ ਇਹ ਦਿਨ ਉਸ ਦੇ ਸੁਨਹਿਰੇ ਸੁਪਨਿਆਂ ਦਾ ਕਾਤਲ ਹੋ ਨਿਬੜਿਆ…
ਜਦ ਉਹ ਅਸਤੀਫਾ ਦੇ ਕੇ ਘਰ ਮੁੜ ਰਹੀ ਸੀ… ਉਸੇ ਬੌਸ ਦੁਆਰਾ ਪੈਸੇ ਦੇ ਕੇ ਖਰੀਦੇ ਇਕ ਮੁੰਡੇ ਰਾਹੀਂ ਤੇਜਾਬੀ ਹਮਲੇ ਦਾ ਸ਼ਿਕਾਰ ਹੋ ਗਈ..
ਤੇਜ਼ਾਬੀ ਹਮਲੇ ਤੋਂ ਬਾਅਦ ਸ਼ਾਹੀਨ ਦੀ ਜ਼ਿੰਦਗੀ ਥਾਣਿਆਂ, ਹਸਪਤਾਲਾਂ ਅਤੇ ਓਪਰੇਸ਼ਨ ਥੀਏਟਰਾਂ ਵਿਚਕਾਰ ਸਿਮਟ ਕੇ ਰਹਿ ਗਈ। - 25 ਤੋਂ ਵੱਧ ਸਰਜ਼ਰੀਆਂ…
- ਅੱਖਾਂ ਦੀ ਰੌਸ਼ਨੀ ਦਾ ਨੁਕਸਾਨ….
- ਕਰੀਬ ਤਿੰਨ ਸਾਲਾਂ ਤੱਕ ਚੱਲਿਆ ਦਰਦਨਾਕ ਇਲਾਜ…
- ਤੇ 16 ਸਾਲ ਜਲਾਲਤ ਭਰਿਆ ਅਦਾਲਤੀ ਮੁਕੱਦਮਾ…
ਪੁਲਿਸ ਨੇ ICU ਵਿੱਚ ਸ਼ਾਹੀਨ ਦਾ ਪਹਿਲਾ ਬਿਆਨ ਦਰਜ ਕੀਤਾ। FIR ਵਿੱਚ ਲਿਖਿਆ ਗਿਆ ਕਿ ਉਹ ਦੋਸ਼ੀਆਂ ਨੂੰ ਪਛਾਣ ਸਕਦੀ ਹੈ, ਪਰ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ।
ਫਿਰ… ਇੱਕ ਮਹੀਨਾ ਪੁਲਿਸ ਨੇ ਕੋਈ ਸੰਪਰਕ ਨਾ ਕੀਤਾ…
1 ਜਨਵਰੀ 2010 ਨੂੰ, ਓਪਰੇਸ਼ਨ ਵਾਲੇ ਦਿਨ, ਉਸਦੇ ਪਿਤਾ ਨੇ ਮੁੜ ਪੁਲਿਸ ਨੂੰ ਫ਼ੋਨ ਕੀਤਾ। ਤਦ ਸ਼ਾਹੀਨ ਨੇ ਆਪਣੇ ਬੌਸ ਅਤੇ ਉਸ ਦੀ ਪਤਨੀ ਦਾ ਨਾਮ ਲਿਆ।
ਪਰ ਉਦੋਂ ਤਕ ਪਰਦੇ ਦੇ ਪਿੱਛੇ ਬਹੁਤ ਕੁਝ ਸੈਟਲ ਹੋ ਚੁੱਕਾ ਸੀ…
ਉਸ ਦੇ ਬਿਆਨ ਨੂੰ ਅਣਗੌਲਿਆ ਕਰਕੇ ਮਾਰਚ 2010 ਵਿੱਚ ਪੁਲਿਸ ਨੇ ‘ਅਨਟ੍ਰੇਸਡ ਰਿਪੋਰਟ’ ਦਾਖ਼ਲ ਕਰ ਦਿੱਤੀ…ਅਰਥਾਤ ਕੇਸ ਨੂੰ ਦੱਬ ਦਿੱਤਾ ਗਿਆ।
ਅਗਲੇ ਚਾਰ ਸਾਲ ਇਸੇ ਤਰ੍ਹਾਂ ਲੰਘ ਗਏ।
2013 ਵਿੱਚ, ਮਾਲੀ ਤੰਗੀ ਨਾਲ ਜੂਝਦਿਆਂ, ਸ਼ਾਹੀਨ ਨੇ ਹਰਿਆਣਾ ਸਰਕਾਰ ਨੂੰ ਮੁਆਵਜ਼ੇ ਲਈ ਚਿੱਠੀ ਲਿਖੀ।
ਇਹ ਚਿੱਠੀ ਮੁੱਖ ਨਿਆਂਇਕ ਮੈਜਿਸਟ੍ਰੇਟ ਡਾ. ਪਰਮਿੰਦਰ ਕੌਰ ਤੱਕ ਪਹੁੰਚੀ।
ਉਸ ਭਲੀਮਾਨਸ ਔਰਤ ਨੇ ਕੇਸ ਮੁੜ ਖੋਲ੍ਹਵਾਇਆ। ਚਾਰਜਸ਼ੀਟ ਮੁਤਾਬਕ, ਬੌਸ, ਉਸਦੀ ਪਤਨੀ ਅਤੇ ਇੱਕ ਨਾਬਾਲਿਗ ਰਿਸ਼ਤੇਦਾਰ ਨੇ ਮਿਲ ਕੇ ਹਮਲੇ ਦੀ ਯੋਜਨਾ ਬਣਾਈ ਅਤੇ ਇੱਕ ਵਿਦਿਆਰਥੀ ਨੂੰ ਪੈਸੇ ਦਿੱਤੇ।
ਨਾਬਾਲਿਗ ਨੂੰ 2015 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਬਾਕੀ ਦੋਸ਼ੀਆਂ ਖ਼ਿਲਾਫ਼ ਕੇਸ ਅਜੇ ਵੀ ਚੱਲਦਾ ਰਿਹਾ।
ਆਖਿਰ ਉਹੀ ਹੋਇਆ ਜੋ ਅਕਸਰ ਹੁੰਦਾ ਹੈ…
ਸਬੂਤਾਂ ਦੀ ਕਮੀ…ਗਵਾਹਾਂ ਦਾ ਪਲਟ ਜਾਣਾ…ਤੇ ਹੋਰ ਬਹੁਤ ਕੁਝ…ਨਤੀਜਾ ਸਾਰੇ ਮੁਲਜ਼ਮ ਬਰੀ…
ਜੱਜ ਦੀ ਇਹ ਟਿੱਪਣੀ ਸਿਸਟਮ ਦੇ ਮੂੰਹ ਤੇ ਤਮਾਚੇ ਵਰਗੀ ਹੈ :
“ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਗੁਨਾਹ ਨਹੀਂ ਹੋਇਆ ਬਲਕਿ ਇਹ ਹੈ ਕਿ ਗੁਨਾਹ ਨੂੰ ਕਨੂੰਨੀ ਤੌਰ ਤੇ ਸਾਬਿਤ ਨਹੀਂ ਕੀਤਾ ਜਾ ਸਕਿਆ…”
ਜੱਜ ਦੇ ਇਹਨਾਂ ਸ਼ਬਦਾਂ ਵਿਚੋਂ ਝਰ ਰਹੀਂ ਬੇਬਸੀ ਹੀ ਸਾਡੀਆਂ ਸਰਕਾਰਾਂ, ਪੁਲਿਸ ਅਤੇ ਨਿਆਂ ਵਿਵਸਥਾ ਦਾ ਕਰੂਰ ਸੱਚ ਹੈ…
ਸ਼ਾਹੀਨ ਕਹਿੰਦੀ ਹੈ :
“ਜਿੰਨਾ ਦਰਦ ਇਹ ਸਭ ਨਹੀਂ ਦੇ ਸਕੇ, ਉੱਨਾ ਉਸ ਨਿਆਂ ਪ੍ਰਣਾਲੀ ਨੇ ਦਿੱਤਾ, ਜਿਸ ‘ਤੇ ਮੈਂ ਡੇਢ ਦਹਾਕੇ ਤੱਕ ਭਰੋਸਾ ਕੀਤਾ।”
“ਮੇਰੇ ਸਾਹਮਣੇ ਸਾਰੇ ਦੋਸ਼ੀ ਅਜ਼ਾਦ ਹੋ ਗਏ ਅਤੇ ਮੈਂ… ਫਿਰ ਇਕੱਲੀ ਰਹਿ ਗਈ।”
ਹਰ ਪੇਸ਼ੀ ‘ਤੇ ਉਹ ਮੌਜੂਦ ਰਹੀ। ਹਰ ਤਾਰੀਖ਼ ‘ਤੇ ਇਹੀ ਸੋਚ ਕੇ ਕਿ ਸ਼ਾਇਦ ਅੱਜ ਜਾਂ ਅਗਲੀ ਵਾਰੀ ਸੱਚ ਜਿੱਤੇਗਾ। ਇਹ ਇੰਤਜ਼ਾਰ ਹੀ ਉਸਦੀ ਦੂਜੀ ਸਜ਼ਾ ਬਣ ਗਿਆ।
ਇਹ ਕੇਸ ਸਿਰਫ਼ ਸ਼ਾਹੀਨ ਦੀ ਨਹੀਂ, ਸਗੋਂ ਪੂਰੀ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦਾ ਹੈ। - ਕੀ ਲੰਬੀ ਨਿਆਂ ਪ੍ਰਕਿਰਿਆ ਆਪਣੇ ਆਪ ਵਿੱਚ ਸਜ਼ਾ ਨਹੀਂ ਬਣ ਜਾਂਦੀ?
- ਕੀ ਸਬੂਤਾਂ ਦੀ ਕਮੀ ਹਮੇਸ਼ਾ ਪੀੜਤਾ ਦੀ ਨਾਕਾਮੀ ਹੁੰਦੀ ਹੈ?
ਇਹ ਕਹਾਣੀ ਸਿਰਫ਼ ਸ਼ਾਹੀਨ ਦੀ ਨਹੀਂ, ਇਹ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਉਹਨਾਂ ਸੈਂਕੜੇ ਲੋਕਾਂ ਦੀ ਕਹਾਣੀ ਹੈ, ਜੋ ਇਲਾਜ ਤੋਂ ਵੱਧ ਇਨਸਾਫ਼ ਦੀ ਉਡੀਕ ਵਿੱਚ ਟੁੱਟ ਜਾਂਦੇ ਹਨ।
ਇਹ ਕਹਾਣੀ ਦੱਸਦੀ ਹੈ ਕਿ ਤੇਜ਼ਾਬੀ ਹਮਲਾ ਇੱਕ ਦਿਨ ਦਾ ਜੁਰਮ ਨਹੀਂ ਬਲਕਿ ਇਹ ਪੂਰੀ ਜ਼ਿੰਦਗੀ ਚੱਲਣ ਵਾਲੀ ਲੜਾਈ ਬਣ ਜਾਂਦਾ ਹੈ।
ਇਹ ਕਹਾਣੀ ਸਿਰਫ਼ ਸ਼ਾਹੀਨ ਦੀ ਹੀ ਕਹਾਣੀ ਨਹੀਂ ਬਲਕਿ ਉਸ ਲਕਸ਼ਮੀ ਅਗਰਵਾਲ ਦੀ ਵੀ ਹੈ ਜਿਸ ਤੇ ਬਾਅਦ ਵਿਚ ‘ਛਪਾਕ/ ਵਰਗੀ ਫਿਲਮ ਬਣੀ.. ਇਹ ਕਹਾਣੀ ਸੋਨਾਲੀ ਮੁਖਰਜੀ, ਮੋਨਰਾ ਰਹਿਮਾਨ ਅਤੇ ਸ਼ੀਰੀਨ ਅਖ਼ਤਰ ਵਰਗੇ ਕਿੰਨੇ ਹੀ ਲੋਕਾਂ ਦੀ ਕਹਾਣੀ ਹੈ…
ਅਦਾਲਤੀ ਫ਼ੈਸਲਾ ਸ਼ਾਹੀਨ ਦੀ ਕਾਨੂੰਨੀ ਲੜਾਈ ਦਾ ਅਧਿਆਇ ਬੰਦ ਕਰ ਸਕਦਾ ਹੈ, ਪਰ ਸਵਾਲ ਅਜੇ ਵੀ ਬਾਕੀ ਹਨ: - ਇਨਸਾਫ਼ ਦੀ ਪਰਿਭਾਸ਼ਾ ਕੀ ਹੈ?
- ਕੀ ਕਦੇ ਪੀੜਤਾ ਦੀ ਉਮੀਦ ਵੀ ਫ਼ੈਸਲੇ ਦਾ ਹਿੱਸਾ ਬਣੇਗੀ?
- ਜੇ 16 ਸਾਲਾਂ ਬਾਅਦ ਵੀ ਇਨਸਾਫ਼ ਨਾ ਮਿਲੇ, ਤਾਂ ਉਮੀਦ ਆਖ਼ਿਰ ਕਿਸ ਤੋਂ ਕੀਤੀ ਜਾਵੇ?
ਉਸ ਤੇ ਹੋਏ ਹਮਲੇ ਵਿੱਚ ਸ਼ਾਮਲ ਲੋਕ ਅਨੰਦ ਵਿਚ ਹਨ…ਵਿਆਹੇ ਹੋਏ ਹਨ, ਨੌਕਰੀਆਂ ਕਰ ਰਹੇ ਹਨ….
ਸ਼ਾਹੀਨ ਪੁੱਛਦੀ ਹੈ:
“ਉਹ ਕਿੰਨੇ ਸਾਲ ਸਜ਼ਾ ਭੁਗਤਣਗੇ? ਤੇ ਮੈਂ ਕਿੰਨੇ ਸਾਲ?”
ਪਰ ਇਸ ਸਭ ਦੇ ਬਾਵਜ਼ੂਦ ਸ਼ਾਹੀਨ ਅੱਜ ਵੀ ਖੜੀ ਹੈ : ਸੜੀ ਹੋਈ ਨਹੀਂ…ਟੁੱਟੀ ਹੋਈ…ਥੱਕੀ ਹੋਈ…ਪਰ ਅਜੇ ਵੀ ਹਾਰੀ ਹੋਈ ਨਹੀਂ…
2021 ਵਿੱਚ ਉਸਨੇ Brave Souls Foundation ਦੀ ਸਥਾਪਨਾ ਕੀਤੀ। ਦਿੱਲੀ ਦੇ ਜੰਗਪੁਰਾ ਵਿੱਚ ‘ਅਪਣਾ ਘਰ’ ਸ਼ੈਲਟਰ ਹੋਮ ਚਲਾਇਆ, ਜਿੱਥੇ 300 ਤੋਂ ਵੱਧ ਐਸਿਡ ਸਰਵਾਈਵਰ ਜੁੜੇ ਹਨ।
ਉਸ ਦੀ ਇਹ ਸਟੇਟਮੈਂਟ ਸਾਡੇ ਸਾਰਿਆਂ ਲਈ ਤਸੱਲੀ ਦਾ ਸਬੱਬ ਹੈ ਕਿ :
“ਅੱਜ ਮੈਂ ਇੱਕ ਅੱਖ ਨਾਲ ਦੇਖ ਸਕਦੀ ਹਾਂ, ਆਪਣੇ ਅਤੇ ਹੋਰ ਔਰਤਾਂ ਲਈ ਲੜ ਸਕਦੀ ਹਾਂ। ਉਹ ਜੋ ਮੈਨੂੰ ਖ਼ਤਮ ਕਰਨਾ ਚਾਹੁੰਦੇ ਸਨ, ਉਹ ਨਹੀਂ ਕਰ ਸਕੇ…ਇਹੀ ਮੇਰੀ ਜਿੱਤ ਹੈ।”
ਕੁਲਦੀਪ ਸਿੰਘ ਦੀਪ (ਡਾ.)
9876820600