ਬੱਦਲਾਂ ਦੇ ਪਰਛਾਵੇਂ।
ਤੇਰੇ ਹੱਥ ਕਦੇ ਨਹੀਂ ਆਉਣੇ,
ਜੇ ਤੂੰ ਫੜਨੇ ਚਾਹਵੇਂ।
ਅੰਬਰ ਵਿਚ ਫ਼ਕੀਰ।
ਖਿੜਕੀ ਵਿਚੋਂ ਵੇਖ ਰਿਹਾ ਏ,
ਧਰਤੀ ਲੀਰੋ ਲੀਰ।
ਸ਼ਕਲਾਂ ਡੱਬ ਖੜੱਬੀਆਂ।
ਉੱਚੇ ਚੜ੍ਹ ਕੇ ਵੇਖ ਸ਼ਿਕਾਗੋ,
ਜਿਉਂ ਤੀਲ੍ਹਾਂ ਦੀਆਂ ਡੱਬੀਆਂ।
ਹੇਠ ਵਗੇ ਦਰਿਆ।
ਪੁਲ ਦੇ ਉੱਪਰੋਂ ਲੰਘਦੇ ਲੰਘਦੇ,
ਪੱਥਰ ਹੋ ਗਏ ਚਾਅ।
ਨਾ ਜੀਵਣ ਨਾ ਚਾਅ!
ਨੌਂ ਤੋਂ ਪੰਜ ਵਜੇ ਤਕ ਨੀਂਦੇ,
ਅੱਖੀਆਂ ਵਿਚ ਨਾ ਆ।
ਅੱਖੀਆਂ ਦੇ ਵਿਚ ਸ਼ਾਮ।
ਕੋਹਲੂ ਅੰਦਰ ਪੀੜੀ ਜ਼ਿੰਦਗੀ,
ਦਿਨ ਨਾ ਰਾਤ ਆਰਾਮ!
ਗੋਰੀ ਧਰਤ ਕਮਾਲ!
ਦਿਨ ਤੇ ਰਾਤ ਚਰਖੜੀ ਘੁੰਮੇ,
ਵੇਖ ਹਮਾਰਾ ਹਾਲ!
ਸੁਖ ਦੇ ਬਣੇ ਗੁਲਾਮ!
ਧਰਤੀ ਮਾਂ ਦੀ ਮੈਲੀ ਚੁੰਨੀ,
ਪੁੱਤ ਕਰਦੇ ਬਦਨਾਮ!
ਅੱਠ ਘੰਟੇ ਦੀ ਜਾਬ!
ਸੋਲਾਂ ਘੰਟੇ ਰੂਹ ਦਾ ਤੂੰਬਾ,
ਵੱਜਦਾ ਦੇਸ ਪੰਜਾਬ!
ਹੁਣ ਨਾ ਇਹ ਪਰਦੇਸ!
ਵਿਹੜੇ ਵਾਲੀ ਤਾਰ ‘ਤੇ ਸੁੱਕਦੇ,
ਡੱਬੀਆਂ ਵਾਲੇ ਖੇਸ।
ਜਿੰਦੇ ਹੁਣ ਨਾ ਰੋ।
ਜੋ ਹੈ ਵੱਟਿਆ ਸੋ ਹੈ ਖੱਟਿਆ,
ਖ਼ੁਦ ਤੋਂ ਲਾਂਭੇ ਹੋ।
ਨਿੱਕਾ
ਜਿਹਾ ਸੰਸਾਰ।
ਚਹੁੰ ਗਿੱਠਾਂ ਦੀ ਸਾਰੀ ਧਰਤੀ,
ਦੋ ਕਦਮਾਂ ਦੀ ਮਾਰ।
🔷
▪️ਗੁਰਭਜਨ ਗਿੱਲ
