ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ 2004 ਵਿੱਚ ਬੰਦ ਕਰ ਦਿੱਤੀ ਗਈ ਸੀ। ਜਿਹੜੇ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਏ ਹਨ ਉਹਨਾਂ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਰੱਖਿਆ ਗਿਆ ਹੈ ਜਿਸ ਵਿੱਚ ਰਿਟਾਇਰਮੈਂਟ ਸਮੇਂ ਨਾ ਮਾਤਰ 5000,10000 ਰੁਪਏ ਪੈਨਸ਼ਨ ਮਿਲਦੀ ਹੈ। ਜੇਕਰ ਕੋਈ ਮੁਲਾਜ਼ਮ ਰਿਟਾਇਰਮੈਂਟ ਸਮੇਂ 80000, 90000 ਜਾਂ 100000 ਰੁਪਏ ਤਨਖਾਹ ਲੈ ਰਿਹਾ ਹੈ ਤਾਂ ਉਸ ਦੇ ਖਰਚੇ ਵੀ ਤਨਖਾਹ ਦੇ ਹਿਸਾਬ ਨਾਲ ਹੀ ਹੋਣਗੇ। ਘਰੇਲੂ ਖਰਚੇ, ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਰਸੋਈ ਦੇ ਖਰਚੇ ਆਦਿ ਉਹਨੇ ਆਪਣੀ ਤਨਖਾਹ ਦੇ ਹਿਸਾਬ ਨਾਲ ਸੈੱਟ ਕੀਤੇ ਹੋਏ ਹੋਣਗੇ ਪਰ ਅਚਾਨਕ ਜਦੋਂ ਰਿਟਾਇਰਮੈਂਟ ਹੋਵੇਗੀ ਤਾਂ 80000,90000 ਜਾਂ 100000 ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੀ ਮਹੀਨਾਵਾਰ ਪੈਨਸ਼ਨ 5000-10000 ਰੁਪਏ ਹੋ ਜਾਵੇਗੀ।ਉਸ ਸਮੇਂ ਮੁਲਾਜ਼ਮ ਨੂੰ ਆਪਣਾ ਘਰ ਚਲਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਵੇਗਾ। ਕੰਮ ਕਰਨ ਦਾ ਸਮਾਂ ਤਾਂ ਮੁਲਾਜ਼ਮ ਨੇ ਸਰਕਾਰ ਨੂੰ ਦੇ ਦਿੱਤਾ ਅਤੇ ਜਦੋਂ ਮੁਲਾਜ਼ਮ ਰਿਟਾਇਰਮੈਂਟ ਹੋਇਆ ਤਾਂ ਉਸ ਸਮੇਂ ਕੰਮ ਕਰਨ ਦੀ ਉਹਨੀਂ ਸ਼ਕਤੀ ਵੀ ਨਹੀਂ ਰਹਿੰਦੀ ਪਰ ਘਰ ਦਾ ਗੁਜ਼ਾਰਾ ਚਲਾਉਣ ਲਈ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਉਸਨੂੰ ਕੋਈ ਕੰਮ ਧੰਦਾ ਕਰਨ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਇੰਨੇ ਮਹਿੰਗਾਈ ਦੇ ਸਮੇਂ ਵਿੱਚ 5000-10000 ਪੈਨਸ਼ਨ ਨਾਲ ਤਾਂ ਕੁਝ ਬਨਣਾ ਹੀ ਨਹੀਂ । ਹੁਣ ਤਾਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਮੁਲਾਜ਼ਮ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਅਸੀਂ ਕੀ ਕੰਮਕਾਰ ਕਰੀਏ।ਜਿਸ ਮੁਲਾਜ਼ਮ ਕੋਲ ਕੋਈ ਜ਼ਮੀਨ ਜਾਇਦਾਦ ਜਾਂ ਕੋਈ ਹੋਰ ਕਾਰੋਬਾਰ ਹੈ ਉਹ ਰਿਟਾਇਰਡ ਮੁਲਾਜ਼ਮ ਤਾਂ ਆਪਣਾ ਗੁਜ਼ਾਰਾ ਕਿਸੇ ਹਿਸਾਬ ਨਾਲ ਚਲਾ ਲਵੇਗਾ ਪਰ ਜਿਹੜਾ ਰਿਟਾਇਰਡ ਮੁਲਾਜ਼ਮ ਸਿਰਫ਼ ਨੋਕਰੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਉਸ ਮੁਲਾਜ਼ਮ ਨੂੰ ਤਾਂ ਚਾਰੇ ਪਾਸੇ ਹਨੇਰਾ ਦਿਖਾਈ ਦੇਵੇਗਾ ।ਜੇਕਰ ਬੁਢਾਪੇ ਵਿੱਚ ਰਿਟਾਇਰਡ ਮੁਲਾਜ਼ਮ ਕੋਲ ਮਹੀਨਾਵਾਰ ਪੈਨਸ਼ਨ ਆਉਂਦੀ ਹੋਵੇਗੀ ਤਾਂ ਪਰਿਵਾਰ ਵੀ ਬਹੁਤ ਜ਼ਿਆਦਾ ਕਦਰ ਕਰੇਗਾ। ਬਹੁਤ ਸਾਰੇ ਧੀਆਂ ਪੁੱਤਰ ਆਪਣੇ ਮਾਪਿਆਂ ਦੀ ਇੱਜ਼ਤ ਕਰਦੇ ਹਨ। ਕਈ ਧੀਆਂ ਪੁੱਤਰ ਤਾਂ ਆਪਣੇ ਮਾਪਿਆਂ ਨੂੰ ਬਿਨਾਂ ਨਿਸਵਾਰਥ ਬੁਢਾਪੇ ਵਿੱਚ ਬਹੁਤ ਵਧੀਆ ਸਾਂਭਦੇ ਹਨ ਪਰ ਅੱਜ਼ ਕੱਲ ਦੇ ਕਲਯੁੱਗ ਜ਼ਮਾਨੇ ਵਿਚ ਕਈ ਪੁੱਤਰ ਅਜਿਹੇ ਵੀ ਹਨ ਜਿਹੜੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ। ਜੇਕਰ ਬੁਢਾਪੇ ਵਿੱਚ ਰਿਟਾਇਰਡ ਮੁਲਾਜ਼ਮ ਕੋਲ ਪੁਰਾਣੀ ਪੈਨਸ਼ਨ ਹੋਵੇਗੀ ਤਾਂ ਪਰਿਵਾਰ ਵੀ ਬਹੁਤ ਜ਼ਿਆਦਾ ਕਦਰ ਕਰੇਗਾ ਕਿਉਂਕਿ ਉਹਨਾਂ ਨੂੰ ਹਰ ਮਹੀਨੇ ਪੈਸੇ ਮਿਲ ਰਹੇ ਹੋਣਗੇ ਪਰ ਜੇਕਰ ਰਿਟਾਇਰਡ ਮੁਲਾਜ਼ਮ ਕੋਲ ਮਹੀਨਾਵਾਰ ਪੈਨਸ਼ਨ ਨਹੀਂ ਹੋਵੇਗੀ ਤਾਂ ਕਈ ਪੁੱਤਰ ਤਾਂ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਹੀ ਛੱਡ ਆਉਣਗੇ ਅਤੇ ਬੁਢਾਪੇ ਵਿੱਚ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਵੇਗਾ ਕਿਉਂਕਿ ਉਸ ਸਮੇਂ ਰਿਟਾਇਰਡ ਮੁਲਾਜ਼ਮ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੋਵੇਗਾ ਇਸ ਲਈ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਤਾਂ ਜ਼ੋ 2004 ਤੋਂ ਬਾਅਦ ਭਰਤੀ ਮੁਲਾਜ਼ਮ ਵੀ ਰਿਟਾਇਰਡ ਹੋਣ ਤਾਂ ਉਹਨਾਂ ਨੂੰ ਵੀ ਤਨਖਾਹ ਦੇ ਹਿਸਾਬ ਨਾਲ ਪੁਰਾਣੀਂ ਪੈਨਸ਼ਨ ਮਿਲਦੀ ਰਹੇ ਤਾਂ ਜ਼ੋ ਬੁਢਾਪੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਆਸਾਨ ਹੋ ਜਾਵੇ।

ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਗੁਰੂਹਰਸਹਾਏ
ਸੰਪਰਕ ਨੰਬਰ -98594-00002

