ਮਾਂ ਬੋਲੀ ਦਾ ਹਮੇਸ਼ਾ ਦਿਲੋਂ ਸਤਿਕਾਰ ਕਰੋ।
ਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰੇਕ ਆਪਣੀ ਆਪਣੀ ਮਾਂ ਬੋਲੀ ਨੂੰ ਬੋਲਣ ਵਿੱਚ ਮਾਣ ਮਹਿਸੂਸ ਕਰਦਾ ਹੈ ।ਪਰ ਕਾਫੀ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਕਿ ਜਿਆਦਾਤਰ ਪੰਜਾਬੀ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ। ਉਹ ਸਮੇਂ -2 ਕੀਤੇ ਜਾਣ ਵਾਲੇ ਸਰਵਿਆਂ ਵਿੱਚ ਪੰਜਾਬੀ ਨੂੰ ਆਪਣੀ ਮਾਂ ਬੋਲੀ ਲਿਖਾਉਣ , ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਬੱਚਿਆਂ ਨਾਲ ਘਰਾਂ ਵਿੱਚ ਅਤੇ ਸਾਂਝੀਆਂ ਥਾਵਾਂ ਤੇ ਹਿੰਦੀ ਬੋਲਣ ਵਿੱਚ ਜਿਆਦਾ ਮਾਣ ਮਹਿਸੂਸ ਕਰਦੇ ਹਨ। ਸ਼ਹਿਰਾਂ ਵਿੱਚ ਰਹਿਣ ਵਾਲੇ ਮਾਪਿਆਂ ਵਿੱਚ ਇਹ ਗੱਲ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਜੋ ਵਿਅਕਤੀ ਆਪਣੀ ਮਾਂ ਬੋਲੀ ਨਾਲੋਂ ਟੁੱਟ ਜਾਂਦਾ ਹੈ ਉਸਦਾ ਸਹੀ ਵਿਕਾਸ ਨਹੀਂ ਹੋ ਸਕਦਾ। ਸੋ ਮੈਂ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਇਸ ਨੂੰ ਦਫਤਰਾਂ ਵਿੱਚ, ਸਾਈਨ ਬੋਰਡਾਂ ਅਤੇ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਵਿੱਚ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨੇ ਲਗਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਧੱਕੇ ਨਾਲ ਹਿੰਦੀ- ਅੰਗਰੇਜ਼ੀ ਬੋਲਣ ਲਈ ਕਿਹਾ ਜਾਂਦਾ ਹੈ, ਛੋਟੀਆਂ ਕਲਾਸਾਂ ਵਿੱਚ ਪੰਜਾਬੀ ਪੜਾਉਣੀ ਸ਼ੁਰੂ ਵੀ ਨਹੀਂ ਕੀਤੀ ਜਾਂਦੀ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਮਾਂ ਬੋਲੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਇਆ ਜਾਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜ ਸਕੀਏ ਅਤੇ ਉਸ ਨੂੰ ਬਣਦਾ ਮਾਣ ਸਤਿਕਾਰ ਦੇ ਸਕੀਏ। ਚਾਹੇ ਜਿੰਨੀਆਂ ਮਰਜ਼ੀ ਹੋਰ ਭਾਸ਼ਾਵਾਂ ਆਪਣੇ ਬੱਚਿਆਂ ਨੂੰ ਤੇ ਖੁਦ ਸਿੱਖ ਲਵੋ ਪਰ ਆਪਣੀ ਮਾਂ ਬੋਲੀ ਨੂੰ ਸਭ ਤੋਂ ਉੱਪਰ ਰੱਖਣਾ ਸਾਡਾ ਮੁਢਲਾ ਫਰਜ਼ ਬਣਦਾ ਹੈ।

ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਮਾਸਟਰ ਮਹਿੰਦਰ ਪ੍ਰਤਾਪ