ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ: ਜੈਤੋ ਦਾ ਮੋਰਚਾ / ਹਰਦਮ ਸਿੰਘ ਮਾਨ
ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਜੋ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।
ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਕੁਦਰਤੀ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰੇ ਹੋ ਚੁੱਕੇ ਸਨ। ਸਿੱਖਾਂ ਵੱਲੋਂ ਉਨ੍ਹਾਂ ਦੀ ਬਰਤਰਫੀ ਦਾ ਵਿਰੋਧ ਕੀਤਾ ਜਾਣ ਲੱਗਿਆ। ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੁਦਮਨ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।
ਸਿੱਖਾਂ ਦੇ ਇਸ ਰੋਸ ਤੋਂ ਅੰਗਰੇਜ਼ੀ ਹਕੂਮਤ ਬੇਹੱਦ ਖਫ਼ਾ ਹੋਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗਾਵਤ ਵਜੋਂ ਲਿਆ ਅਤੇ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਸੀ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਉਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਇਸ ਤਰ੍ਹਾਂ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।
ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖਾਂ ਸਰਯਾਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਇਸ ਤਰ੍ਹਾਂ ਨਾਲ ਜੈਤੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਆਰੰਭ ਕਰ ਦਿੱਤੇ। 25 ਸਿੰਘਾਂ ਦਾ ਇਕ ਜੱਥਾ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਇਸ ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਦਿੱਲੀ ਵਿਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਕ ਸਮਾਗਮ ਵਿਚ ਮਹਾਰਾਜਾ ਨਾਭਾ ਨੂੰ ਗੱਦੀਓ ਲਾਹੇ ਜਾਣ ਬਾਰੇ ਅਤੇ ਜੈਤੋ ਦੇ ਧਾਰਮਿਕ ਮੋਰਚੇ ਬਾਰੇ ਕਾਂਗਰਸ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪਿੰਸੀਪਲ ਗਿਡਵਾਨੀ ਅਤੇ ਮਿਸਟਰ ਕੇ. ਸਨਾਤਮ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਇਨ੍ਹਾਂ ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਹਰ ਰੋਜ਼ 25-25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿਕਲਦਾ ਨਾ ਵੇਖ ਕੇ ਇਸ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 500-500 ਸਿੰਘਾਂ ਦਾ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। 500 ਸਿੰਘਾਂ ਦੇ ਪਹਿਲੇ ਜੱਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜੱਥਾ ਨਾਭਾ, ਪਟਿਆਲਾ, ਫਰੀਦਕੋਟ ਅਤੇ ਸੰਗਰੂਰ ਰਾਜਾਂ ਦੇ ਪਿੰਡਾਂ ਵਿਚ ਪੜਾਅ ਤੈਅ ਕਰਦਾ ਹੋਇਆ 20 ਫਰਵਰੀ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ 500 ਸਿੰਘਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਸੰਗਤ ਵੀ ਸ਼ਰਧਾਵੱਸ ਜੱਥੇ ਦੇ ਨਾਲ ਚੱਲ ਰਹੀ ਸੀ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ ਜਿਨ੍ਹਾਂ ਵਿਚ ਬੀਬੀਆਂ ਵੀ ਸ਼ਾਮਿਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।
ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਅੰਗਰੇਜ਼ੀ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ਼ ਕੁ ਦੀ ਵਿੱਥ ‘ਤੇ ਰੋਕਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਂਹ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਪਰ ਜੱਥਾ ਸਭ ਕੁੱਝ ਅਣਸੁਣਿਆ ਕਰਕੇ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ‘ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ਵਿਚੋਂ 100 ਸਿੰਘ ਸ਼ਹਾਦਤ ਹਾਸਲ ਕਰ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਲੱਗੇ। ਪਹਿਲੇ ਸ਼ਹੀਦੀ ਜਥੇ ‘ਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ਼ ਬਾ-ਦਸਤੂਰ ਕਾਇਮ ਰਹੇ, ਸਗੋਂ ਸਿੱਖਾਂ ਵਿਚ ਰੋਹ ਤੇ ਜੋਸ਼ ਦਾ ਵਾਧਾ ਹੋਇਆ ਦੂਜਾ 500 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਰਵਾਨਾ ਹੋਇਆ। ਤੀਜਾ ਜੱਥਾ 22 ਮਾਰਚ 1924 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 7 ਅਪਰੈਲ, 1924 ਨੂੰ ਜੈਤੋ ਪਹੁੰਚਿਆ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਨ੍ਹਾਂ ਸਿੰਘਾਂ ਨੂੰ ਹੱਥਕੜੀਆਂ ਲਾ ਕੇ ਅਤੇ ਰੱਸਿਆਂ ਨਾਲ ਜਕੜ ਕੇ ਜੈਤੋ ਕਿਲ੍ਹੇ ਅੰਦਰ ਡੱਕ ਦਿਤਾ ਗਿਆ ਅਤੇ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਭੇਜ ਦਿੱਤੇ ਗਏ। ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵੱਲ ਚੱਲ ਪਿਆ। 29 ਜੂਨ, 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਚੱਲ ਕੇ ਸਮੁੰਦਰੀ ਜਹਾਜ਼ ਰਾਹੀਂ 14 ਸਤੰਬਰ ਨੂੰ ਕਲਕੱਤੇ ਪੁੱਜਿਆ ਅਤੇ 28 ਸਤੰਬਰ ਨੂੰ ਅੰਮਿ੍ਤਸਰ ਪਹੁੰਚਿਆ ਅਤੇ 2 ਜਨਵਰੀ, 1925 ਨੂੰ ਜੈਤੋ ਵੱਲ ਚੱਲ ਪਿਆ।
ਸਿੱਖ ਜਗਤ ਦੇ ਰੋਸ ਅਤੇ ਰੋਹ ਅੱਗੇ ਅੰਤ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ। ਹਕੂਮਤ ਵੱਲੋਂ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ’ਤੇ ਲਾਈ ਪਾਬੰਦੀ 21 ਜੁਲਾਈ 1925 ਨੂੰ ਵਾਪਸ ਲੈ ਲਈ ਗਈ। ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਭੋਗ ਪਾਏ ਗਏ। ਸ਼ਹੀਦੀ ਜੱਥੇ ਉਪਰ ਜਿਸ ਸਥਾਨ ਤੇ ਗੋਲੀ ਚਲਾਈ ਗਈ ਸੀ ਉਸ ਜਗ੍ਹਾ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਉਸਾਰਿਆ ਗਿਆ ਹੈ ਅਤੇ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਖੰਡ ਪਾਠਾਂ ਦੀ ਇਕੋਤਰੀ ਚਲਾਈ ਜਾਂਦੀ ਹੈ ਅਤੇ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿਚ ਸ਼ਾਮਲ ਹੋ ਕੇ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਜੈਤੋ ਮੋਰਚੇ ਦੀ ਪਹਿਲੀ ਸ਼ਤਾਬਦੀ 21 ਫਰਵਰੀ ਨੂੰ ਮਨਾਈ ਜਾ ਰਹੀ ਹੈ, ਜਿਸ ਤਹਿਤ 19 ਫ਼ਰਵਰੀ ਨੂੰ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਵਿਖੇ ਅਖੰਡ ਪਾਠ ਆਰੰਭ ਹੋਣਗੇ, ਉਪਰੰਤ ਨਗਰ ਕੀਰਤਨ (ਸ਼ਹੀਦੀ ਮਾਰਚ) ਸਜਾਇਆ ਜਾਵੇਗਾ। 20 ਫ਼ਰਵਰੀ ਨੂੰ ਵੱਖ-ਵੱਖ ਗੁਰਮਤਿ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਨਗੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੈਕਚਰ, ਕਵਿਤਾ ਤੇ ਕਵੀਸ਼ਰੀ, ਵਾਰਾਂ ਰਾਹੀਂ ਇਤਿਹਾਸ ਨੂੰ ਬਿਆਨ ਕੀਤਾ ਜਾਵੇਗਾ। 20 ਫ਼ਰਵਰੀ ਨੂੰ ਜੈਤੋ ਮੋਰਚੇ ਦੇ ਇਤਿਹਾਸ ਬਾਰੇ ਤਿਆਰ ਕੀਤੀ ਗਈ ਦਸਤਾਵੇਜ਼ੀ ਵੀ ਵਿਖਾਈ ਜਾਵੇਗੀ। 21 ਫ਼ਰਵਰੀ ਨੂੰ ਸ਼ਤਾਬਦੀ ਦੇ ਮੁੱਖ ਸਮਾਗਮ ਵਿਚ ਪੰਥ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਸ਼ਾਮਲ ਹੋਣਗੇ। ਸਮਾਗਮ ਵਿਚ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਤੇ ਸਿੱਖ ਆਗੂ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।
Great post! I enjoyed reading it and learned a lot. Your writing style is engaging and easy to follow, and the information you provided was very helpful. Thank you for sharing your knowledge and expertise on this topic. Keep up the good work.
Hello! I just wanted to say how much I appreciated this blog post. Your writing is always so engaging and informative. It’s clear that you have a deep understanding of the subject matter. Thank you for sharing your expertise with us. Looking forward to your next post!