ਗਣਤੰਤਰ ਦਿਵਸ ਸਾਡਾ ਕੌਮੀ ਤਿਓਹਾਰ ਹੈ ਅਤੇ ਇਸ ਦਿਨ ਭਾਰਤ ਮਹਾਨ ਗਣਰਾਜ ਬਣਿਆ ਸੀ ਅਤੇ ਇਸਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਇਸ ਲਈ ਇਹ ਦਿਨ ਕੌਮੀ ਜਜਬੇ ਅਤੇ ਧੂਮਧਾਮ ਨਾਲ ਮਨਾਇਆ ਜਾਦਾਂ ਹੈ।ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਖੁਸ਼ੀ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ, ਪਰ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਸੀ। ਹਾਲਾਂਕਿ, ਕਈ ਵਿਚਾਰ-ਵਟਾਂਦਰੇ ਅਤੇ ਵਿਚਾਰਾਂ ਤੋਂ ਬਾਅਦ, ਡਾ. ਬੀ.ਆਰ. ਅੰਬੇਡਕਰ ਦੀ ਅਗਵਾਈ ਵਾਲੀ ਇੱਕ ਕਮੇਟੀ ਨੇ ਭਾਰਤੀ ਸੰਵਿਧਾਨ ਦਾ ਇੱਕ ਖਰੜਾ ਪੇਸ਼ ਕੀਤਾ, ਜਿਸ ਨੂੰ 26 ਨਵੰਬਰ 1949 ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1950 ਨੂੰ ਅਧਿਕਾਰਤ ਤੌਰ ’ਤੇ ਲਾਗੂ ਹੋਇਆ।26 ਜਨਵਰੀ ਦਾ ਦਿਨ ਸਾਡੇ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਅੱਜ ਦੇ ਦਿਨ 1930 ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਲਾਹੌਰ ਸੈਸ਼ਨ ਵਿੱਚ ਪੂਰਨ ਆਜ਼ਾਦੀ ਦੀ ਮੰਗ ਦਾ ਐਲਾਨ ਕੀਤਾ। ਉਸ ਤੋਂਂ ਬਾਅਦ 1950 ਵਿੱਚ ਇਸੇ ਦਿਨ ਭਾਰਤ ਇੱਕ ਗਣਰਾਜ ਵਜੋਂ ਹੋਂਦ ਵਿੱਚ ਆਇਆ। ਸੰਵਿਧਾਨ ਦੀਆਂਂ ਹੱਥ ਲਿਖਤ ਕਾਪੀਆਂਂ ’ਤੇ ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਜਨਵਰੀ 1950 ’ਚ ਦਸਤਖ਼ਤ ਕੀਤੇ ਗਏ ਸਨ ਅਤੇ ਦੋ ਦਿਨ ਬਾਅਦ ਇਸ ਨੂੰ ਗਣਤੰਤਰ ਦਿਵਸ ਵਜੋਂ ਐਲਾਨ ਕੀਤਾ ਗਿਆ ਸੀ ।ਭਾਰਤ ਵਿੱਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨਾਗਰਿਕ ਪਰੇਡ ਦੇਖਣ ਲਈ ਜਾਂਦੇ ਹਨ ਅਤੇ ਆਪਣੇ ਸਮਾਜਿਕ ਪ੍ਰੋਗਰਾਮ ਵਿੱਚ ਝੰਡਾ ਲਹਿਰਾਉਣ ਵਿੱਚ ਹਿੱਸਾ ਲੈਂਦੇ ਹਨ। ਇਸ ਸਾਲ ਦੇਸ਼ ਆਪਣਾ 75ਵਾਂ ਗਣਤੰਤਰ ਦਿਵਸ ਸ਼ੁੱਕਰਵਾਰ, 26 ਜਨਵਰੀ, 2024 ਨੂੰ ਮਨਾਏਗਾ। ਗਣਤੰਤਰ ਦਿਵਸ ਮੋਕੇ ਰਾਜ਼ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਤਹਿਸੀਲ ਪੱਧਰੀ ਪ੍ਰੋਗਰਾਮਾਂ ਮੋਕੇ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਹੋਮਗਾਰਡ, ਐੱਨ. ਸੀ. ਸੀ. ਕੈਡਿਟਾਂ, ਸਕਾਊਟ ਗਾਈਡਜ਼,ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ, ਗੱਤਕਾ ਅਤੇ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਜਾਦਾਂ ਹੈ। 26 ਜਨਵਰੀ ਗਣਤੰਤਰ ਦਿਵਸ ਮੋਕੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਸੰਦੀਪ ਕੰਬੋਜ
ਪ੍ਰਧਾਨ ਰੋਟਰੀ ਕਲੱਬ ਗੁਰੂਹਰਸਹਾਏ
ਸੰਪਰਕ ਨੰਬਰ – 98594-00002