ਨਿੱਜੀ ਡਾਟਾ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਵੱਡੀ ਚੁਣੌਤੀ।
ਹਰ ਸਾਲ, 28 ਜਨਵਰੀ ਨੂੰ ਪੂਰੀ ਦੁਨੀਆ ਵਿੱਚ ‘ਡੇਟਾ ਪ੍ਰਾਈਵੇਸੀ ਡੇ’ ਜਾਂ ‘ਡੇਟਾ ਗੋਪਨੀਯਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜਿੰਨੀ ਤਕਨੀਕ ਵਿਕਸਿਤ ਹੋਈ ਹੈ ਓਨੇ ਹੀ ਇਸ ਦੇ ਫਾਇਦੇ ਵੀ ਹਨ। ਸੋਸ਼ਲ ਮੀਡੀਆ ਅਤੇ ਇੰਟਰਨੈਟ ਨਾਲ ਲੈਸ ਡਿਜੀਟਲ ਸੰਸਾਰ ਵਿੱਚ ਸਾਡੇ ਬਹੁਤ ਸਾਰੇ ਕੰਮ ਆਸਾਨੀ ਨਾਲ ਕੀਤੇ ਜਾਂਦੇ ਹਨ, ਪਰ ਇਸ ਦੇ ਨਾਲ ਨਾਲ ਇੰਟਰਨੈੱਟ ਦੀ ਵਰਤੋਂ ਨਾਲ਼ ਕਿਸੇ ਵੱਲੋਂ ਵੀ ਸਾਡੀ ਨਿੱਜੀ ਜ਼ਿੰਦਗੀ ਅਤੇ ਨਿੱਜਤਾ ਤੱਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਸਾਰੀ ਮਹੱਤਵਪੂਰਨ ਜਾਣਕਾਰੀ ਸਾਡੇ ਫ਼ੋਨ, ਕੰਪਿਊਟਰ ਜਾਂ ਲੈਪਟਾਪ ਵਿੱਚ ਮੌਜੂਦ ਹੈ। ਇਕ ਪਾਸੇ ਤਾਂ ਇਹ ਸਭ ਗੈਜਟ ਤੁਹਾਡੀ ਜ਼ਿੰਦਗੀ ਨੂੰ ਤੇਜ਼ ਕਰਦੇ ਹਨ, ਦੂਜੇ ਪਾਸੇ ਇਕ ਛੋਟੀ ਜਿਹੀ ਗਲਤੀ ਕਾਰਨ ਇਹ ਆਨਲਾਈਨ ਡਾਟਾ ਤੁਹਾਡੇ ਲਈ ਖ਼ਤਰਾ ਵੀ ਬਣ ਜਾਂਦਾ ਹੈ। ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਅੱਜ ਇਸ ਗੋਪਨੀਯਤਾ ਨੂੰ ਇੱਕ ਵਾਰ ਫਿਰ ਤੋਂ ਜਾਂਚਣ ਲਈ ‘ਡੇਟਾ ਸੁਰੱਖਿਆ ਦਿਵਸ’ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂਰਪ ਦੀ ਕੌਂਸਲ ਨੇ ਹਰ ਸਾਲ 28 ਜਨਵਰੀ ਨੂੰ ਡੇਟਾ ਪ੍ਰੋਟੈਕਸ਼ਨ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਜਿਸ ਦਿਨ ਯੂਰਪ ਦਾ ਡੇਟਾ ਪ੍ਰੋਟੈਕਸ਼ਨ ਕਨਵੈਨਸ਼ਨ, “ਕਨਵੈਨਸ਼ਨ 108” ਵਜੋਂ ਜਾਣਿਆ ਜਾਂਦਾ ਹੈ, ਲਾਗੂ ਹੋਇਆ ਸੀ।
ਪਹਿਲੀ ਵਾਰ ਸਾਲ 2007 ਵਿੱਚ ਯੂਰਪੀਅਨ ਡੇਟਾ ਪ੍ਰੋਟੈਕਸ਼ਨ ਦਿਵਸ ਵਜੋਂ ਆਯੋਜਿਤ ਕੀਤਾ ਗਿਆ, ਇਸਨੂੰ ਜਲਦੀ ਹੀ ਯੂ ਐਸ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੁਆਰਾ ਮਾਨਤਾ ਦਿੱਤੀ ਗਈ। ਜਿਸਨੇ 28 ਜਨਵਰੀ ਨੂੰ ਰਾਸ਼ਟਰੀ ਡੇਟਾ ਗੋਪਨੀਯਤਾ ਦਿਵਸ ਵਜੋਂ ਘੋਸ਼ਿਤ ਕੀਤਾ। ਉਦੋਂ ਤੋਂ ਡੇਟਾ ਗੋਪਨੀਯਤਾ ਦਿਵਸ ਇੱਕ ਅੰਤਰਰਾਸ਼ਟਰੀ ਇਵੈਂਟ ਬਣ ਗਿਆ ਹੈ ਜਿਸਦੀ ਵਰਤੋਂ ਡੇਟਾ ਗੋਪਨੀਯਤਾ ਦੇ ਮੁੱਦਿਆਂ ਅਤੇ ਡੇਟਾ ਸੁਰੱਖਿਆ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
‘ਡੇਟਾ ਗੋਪਨੀਯਤਾ ਦਿਵਸ’ ਦਾ ਕੀ ਹੈ ਉਦੇਸ਼?
ਅੱਜ ਦੇ ਸਮੇਂ ਵਿੱਚ ਗੋਪਨੀਯਤਾ ਅਤੇ ਡੇਟਾ ਸੁਰੱਖਿਆ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਅੰਤਰਰਾਸ਼ਟਰੀ ਯਤਨ ਹੈ। ਇਸ ਦਿਨ ਨਾਗਰਿਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਉਤਸ਼ਾਹਿਤ ਅਤੇ ਜਾਗਰੂਕ ਕੀਤਾ ਜਾਂਦਾ ਹੈ। ਸਰਕਾਰਾਂ ਅਤੇ ਰਾਸ਼ਟਰੀ ਡੇਟਾ ਸੁਰੱਖਿਆ ਸੰਸਥਾਵਾਂ ਇਸ ਦਿਨ ਨਿੱਜੀ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਗਤੀਵਿਧੀਆਂ ਵੀ ਕਰਦੀਆਂ ਹਨ। ਇਸ ਦਿਨ ਪੂਰੀ ਦੁਨੀਆ ‘ਚ ਡਾਟਾ ਸੁਰੱਖਿਆ ਸੰਬੰਧੀ ਮਹੱਤਵਪੂਰਨ ਗੱਲਾਂ ਦੱਸੀਆਂ ਜਾਂਦੀਆਂ ਹਨ।
ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕੁੱਝ ਨੁਕਤੇ –
ਆਪਣੇ ਪਾਸਵਰਡ ਨੂੰ ਕਿਤੇ ਵੀ ਸੇਵ ਨਾ ਕਰੋ ਉਸਨੂੰ ਯਾਦ ਰੱਖਿਆ ਜਾਵੇ ਤਾਂ ਬਿਹਤਰ ਹੋਵੇਗਾ। ਆਪਣੇ ਸਾਰੇ ਪਾਸਵਰਡਾਂ ‘ਤੇ ਨਿਯੰਤਰਣ ਰੱਖਣ ਲਈ ਇੱਕ ਪਾਸਵਰਡ ਮੈਨੇਜਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਕੋ ਪਾਸਵਰਡ ਦੀ ਵਾਰ ਵਾਰ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਲੰਬੇ ਪਾਸਵਰਡ ਅਤੇ ਅਲਫ਼ਾ ਨੁਮੇਰਿਕ ਮਿਕਸ ਪਾਸਵਰਡ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਕਿਸੇ ਹੋਰ ਲਈ ਇਹ ਪਾਸਵਰਡ ਲੱਭਣੇ ਆਸਾਨ ਨਹੀਂ ਹੁੰਦਾ। ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਸੀਂ ਆਪਣੇ ਕੰਪਿਊਟਰ, ਲੈਪਟਾਪ, ਟੈਬਲੇਟ ਅਤੇ ਸਮਾਰਟਫੋਨ ਵਿੱਚ ਉਸ ਸਮੇਂ ਦੇ ਨਵੀਨਤਮ ਸੌਫਟਵੇਅਰ ਦੀ ਵਰਤੋਂ ਕਰਦੇ ਹੋ।ਸੁਰੱਖਿਆ ਲਈ ਆਪਣੀਆਂ ਐਪਾਂ ਨੂੰ ਨਿਯਮਿਤ ਤੌਰ ‘ਤੇ ਅੱਪਡੇਟ ਕਰੋ।ਸੁਰੱਖਿਆ ਲਈ ਐਂਟੀ ਵਾਇਰਸ ਸੌਫਟਵੇਅਰ ਦੀ ਵਰਤੋਂ ਕਰੋ ਅਤੇ ਐਨਕ੍ਰਿਪਸ਼ਨ ਨਾਲ ਨਿੱਜੀ ਡੇਟਾ ਦੀ ਸੁਰੱਖਿਆ ਕਰੋ। ਆਪਣੀ ਜਨਮ ਮਿਤੀ ਸਮੇਤ ਸੋਸ਼ਲ ਮੀਡੀਆ ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਗ਼ੁਰੇਜ਼ ਕਰੋ। ਆਪਣੇ ਫ਼ੋਨ ‘ਤੇ ਕਿਸੇ ਟੈਕਸਟ ਸੁਨੇਹੇ ਜਾਂ ਈਮੇਲ ਨੂੰ ਪੜ੍ਹਨ ਜਾਂ ਜਵਾਬ ਦੇਣ ਤੋਂ ਪਹਿਲਾਂ ਇਸਦੇ ਸਰੋਤ ਦੀ ਜਾਂਚ ਕਰੋ। ਇਸ ਵਿੱਚ ਵਾਇਰਸ ਹੋਣ ਦੀ ਸੰਭਾਵਨਾ ਹੈ ਜੋ ਤੁਹਾਡੇ ਮੋਬਾਈਲ ਜਾਂ ਲੈਪਟਾਪ ਨੂੰ ਹੈਕ ਕਰ ਸਕਦਾ ਹੈ। ਕਦੇ ਵੀ ਅਸੁਰੱਖਿਅਤ ਵਾਈਫਾਈ ਦੀ ਵਰਤੋਂ ਨਾ ਕਰੋ। ਆਪਣੇ ਏਟੀਐਮ, ਕ੍ਰੈਡਿਟ ਕਾਰਡ ਦੇ ਨੰਬਰ ਅਤੇ ਪਿੰਨ ਸੋਸ਼ਲ ਮੀਡੀਆ ਜਾਂ ਕਿਤੇ ਫੋਨ ਜਾਂ ਡਿਵਾਈਸ ਵਿੱਚ ਵੀ ਸੇਵ ਨਾ ਕਰੋ ਅਤੇ ਨਾ ਹੀ ਕਿਸੇ ਨੂੰ ਦੱਸੋ । ਕਿਸੇ ਵੀ ਅਨ ਅਧਿਕਾਰਿਤ ਫੋਨ ਕਾਲ ਆਉਣ ਤੇ ਉਸ ਨੂੰ ਆਪਣਾ ਆਧਾਰ ਨੰਬਰ ਪੈਨ ਨੰਬਰ ਜਾਂ ਮੋਬਾਈਲ ਤੇ ਆਇਆ ਓਟੀਪੀ ਸਾਂਝਾ ਨਾ ਕਰੋ। ਬੈਂਕ ਸਟੇਟਮੈਂਟਾਂ ਦੀ ਨਿਯਮਤ ਤੌਰ ‘ਤੇ ਜਾਂਚ ਕਰੋ। ਜੇਕਰ ਕੁਝ ਵੀ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਲਓ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।
9781590500
Leave a Comment
Your email address will not be published. Required fields are marked with *