ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
ਮਾਝ ਬਾਰਹਮਾਹਾ (ਮਃ ੫) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
ਸਿੱਖ ਧਰਮ ਵਿੱਚ ਬਹੁਤ ਸਾਰੇ ਧਾਰਮਿਕ ਦਿਵਸ ਮਨਾਏ ਜਾਂਦੇ ਹਨ ਜਿਵੇਂ ਕਿ ਗੁਰਪੁਰਬ, ਸ਼ਹੀਦੀ ਪੁਰਬ, ਗੁਰਗੱਦੀ ਦਿਵਸ, ਹਰ ਮਹੀਨੇ ਸੰਗਰਾਂਦ ਆਦਿ। ਸਮੁੱਚੀ ਸਿੱਖ ਕੌਮ ਲਈ ਖ਼ਾਲਸਾ ਸਾਜਨਾ ਦਿਵਸ ਭਾਵ ਕਿ ਵਿਸਾਖੀ ਦਾ ਦਿਵਸ ਮਨਾਉਣ ਲਈ ਬਹੁਤ ਜ਼ਿਆਦਾ ਉਤਸ਼ਾਹ ਅਤੇ ਖੁਸ਼ੀ ਹੁੰਦੀ ਹੈ। ਹਰ ਇੱਕ ਦੇ ਦਿਲ ਵਿੱਚ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣ ਅਤੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ਼ੁਕਰਾਨਾ ਕਰ ਸਿਜਦਾ ਕਰਨ ਦਾ ਚਾਅ ਵੱਖਰਾ ਈ ਹੁੰਦਾ ਹੈ। ਹਰ ਸਾਲ 13 ਅਪ੍ਰੈਲ ਨੂੰ ਭਾਵ ਵਿਸਾਖੀ ਵਾਲੇ ਦਿਨ ਭਾਰਤ ਦੇ ਨਾਲ ਨਾਲ ਵਿਸ਼ਵ ਭਰ ਵਿੱਚ ਜਿੰਨੇ ਵੀ ਸਿੱਖ ਗੁਰੂ ਘਰ ਹਨ ਉਹਨਾਂ ਸਭਨਾਂ ਵਿੱਚ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਹਨ। ਜਰਮਨ ਦੇ ਸ਼ਹਿਰ ਜੋਸਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਹਾਜ਼ਰੀ ਭਰੀ।
ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਅਕਸਰ ਹੀ ਬਹੁ-ਗਿਣਤੀ ਸਿੱਖ ਸੰਗਤਾਂ ਕਣਕ ਦੀ ਵਾਢੀ ਕਰਕੇ, ਨਵੇਂ ਅਨਾਜ ਦੀ ਆਮਦ ਤੇ ਖੁਸ਼ੀ ਵਿੱਚ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਜਰਮਨ ਵਿੱਚ ਵੀ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਸਕੂਲੋਂ ਦੋ ਹਫ਼ਤੇ ਦੀਆਂ ਛੁੱਟੀਆਂ ਹੋਣ ਕਰਕੇ ਕੰਮ-ਕਾਜ ਕਰਦੇ ਮਾਪੇ ਸਵੇਰ ਦੀ ਭੱਜ ਦੌੜ ਤੋਂ ਕੁਝ ਰਾਹਤ ਮਹਿਸੂਸ ਕਰ ਰਹੇ ਸਨ ਤੇ ਆਪਣੇ ਨਿੱਕੇ ਬੱਚਿਆਂ ਨਾਲ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸਨ। ਇਹਨਾਂ ਬਾਹਰ ਦੇ ਮੁਲਕਾਂ ਵਿੱਚ ਹਰ ਇੱਕ ਨੂੰ ਐਨੀ ਭੱਜ ਦੌੜ ਹੈ ਕਿ ਬੱਚਿਆਂ ਨੂੰ ਛੁੱਟੀਆਂ ਹੋਣ ਤੇ ਮਾਪਿਆਂ ਨੂੰ ਵਾਢੀ ਜਿੰਨਾ ਚਾਅ ਚੜ੍ਹ ਜਾਂਦਾ ਹੈ।
ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਜੀ ਅਤੇ ਸਾਰੀਆਂ ਸੰਗਤਾਂ ਵੱਲੋਂ ਪਹਿਲਾ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਅਰਦਾਸ ਉਪਰੰਤ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਲੱਗੇ ਨਿਸ਼ਾਨ ਸਾਹਿਬ ਜੀ ਦੇ ਚੋਲ਼ਾ ਸਾਹਿਬ ਬਦਲੀ ਕੀਤੇ ਗਏ। ਚੋਲ਼ਾ ਸਾਹਿਬ ਦੀ ਸੇਵਾ ਕਰਦੇ ਸਮੇਂ ਗ੍ਰੰਥੀ ਸਿੰਘ ਸਾਹਿਬ ਜੀ ਵੱਲੋਂ ਪੁਰਾਤਨ ਸਿੱਖੀ ਰੀਤ ਨਾਲ ਸ਼ਬਦ ਚੌਕੀ ਕਰਦਿਆਂ ਗੁਰੂ ਸਾਹਿਬ ਜੀ ਦੇ ਸ਼ਬਦ ਗਾਇਨ ਕੀਤੇ ਗਏ। ਜਰਮਨ ਵਿੱਚ ਇਸ ਦਿਨ ਬਹੁਤ ਤੇਜ਼ ਹਵਾਵਾਂ ਵਗ ਰਹੀਆਂ ਸਨ ਪਰ ਇਸ ਦੇ ਬਾਵਜੂਦ ਵੀ ਨਿੱਕੇ ਬੱਚੇ, ਔਰਤਾਂ ਅਤੇ ਮਰਦ ਸਾਰੀਆਂ ਸੰਗਤਾਂ ਗੁਰੂ ਦੇ ਪ੍ਰੇਮ ਵਿੱਚ ਰੰਗੀਆਂ ਹੋਈਆਂ ਸਮ ਤੇ ਸ਼ਬਦ ਗਾ ਰਹੀਆਂ ਸਨ। ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਦੀ ਸੇਵਾ ਸੰਪੂਰਨ ਹੋਣ ਉਪਰੰਤ ਗੁਰੂ ਘਰ ਅੰਦਰ ਦਿਵਾਨ ਸਜਾਏ ਗਏ ਜਿਸ ਵਿੱਚ ਭਾਈ ਸਾਹਿਬ ਜੀ ਨੇ ਆਪਣੀ ਕਥਾ ਵਿੱਚ ਪੰਜ ਪਿਆਰਿਆਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰਾਂ ਪਾਸੋਂ ਚੋਣ ਕਰਨ ਦਾ ਵਰਣਨ ਕੀਤਾ।
ਭਾਈ ਸਾਹਿਬ ਜੀ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਪਹਿਲਾ ਭਾਈ ਦਇਆ ਸਿੰਘ ਜੀ ਦੀ ਚੋਣ ਕੀਤੀ ਤੇ ਸਮਝਾਇਆ ਕਿ ਹਰ ਸਿੱਖ ਵਿੱਚ ਪਹਿਲਾਂ ਦਇਆ ਹੋਣੀ ਚਾਹੀਦੀ ਹੈ।
ਗੁਰੂ ਸਾਹਿਬ ਜੀ ਨੇ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਦੀ ਚੋਣ ਕੀਤੀ ਤੇ ਸਮਝਾਇਆ ਕਿ ਫੇਰ ਹਰ ਸਿੱਖ ਧਰਮ ਦੇ ਰਸਤੇ ਤੇ ਚੱਲ ਸਕਦਾ ਹੈ।
ਗੁਰੂ ਸਾਹਿਬ ਜੀ ਨੇ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਦੀ ਚੋਣ ਕੀਤੀ ਤੇ ਸਮਝਾਇਆ ਕਿ ਹਰ ਸਿੱਖ ਹਿੰਮਤ ਨਾਲ ਧਰਮ ਦੇ ਰਸਤੇ ਤੇ ਸਹੀ ਤਰ੍ਹਾਂ ਚੱਲ ਸਕਦਾ ਹੈ।
ਗੁਰੂ ਸਾਹਿਬ ਜੀ ਨੇ ਚੌਥੇ ਪਿਆਰੇ ਭਾਈ ਮੋਹਕਮ ਸਿੰਘ ਜੀ ਦੀ ਚੋਣ ਕੀਤੀ ਤੇ ਸਮਝਾਇਆ ਕਿ ਜਦੋਂ ਸਿੱਖ ਹਿੰਮਤ ਕਰਕੇ ਧਰਮ ਦੇ ਰਸਤੇ ਤੇ ਚੱਲਦਾ ਹੈ ਤਾਂ ਉਸ ਦਾ ਮੋਹ ਸੰਸਾਰ ਦੇ ਸੁਆਰਥਾਂ ਨਾਲੋਂ ਟੁੱਟ ਜਾਂਦਾ ਹੈ।
ਗੁਰੂ ਸਾਹਿਬ ਜੀ ਨੇ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੀ ਚੋਣ ਕੀਤੀ ਤੇ ਸਮਝਾਇਆ ਜਦੋਂ ਸੰਸਾਰ ਦੇ ਸੁਆਰਥਾਂ ਨਾਲੋਂ ਸਿੱਖ ਦਾ ਮੋਹ ਟੁੱਟ ਜਾਂਦਾ ਹੈ ਤਾਂ ਉਹ ਆਪਣੇ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।
ਕਥਾ ਸਮਾਪਤੀ ਉਪਰੰਤ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਤੇ ਅਰਦਾਸ ਕੀਤੀ ਗਈ ਕਿ ਸੰਗਤਾਂ ਇਸੇ ਤਰ੍ਹਾਂ ਗੁਰੂ ਦੇ ਦਿਵਸ ਦੀਆਂ ਖੁਸ਼ੀਆਂ ਮਨਾਉਂਦੀਆਂ ਰਹਿਣ। ਸਭਨਾਂ ਦੇ ਘਰ ਖੁਸ਼ੀਆਂ ਖੇੜੇ, ਬਰਕਤਾਂ ਰਹਿਣ ਤੇ ਗੁਰੂ ਸਾਹਿਬ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਸਦੀਵੀ ਬਣਾਈ ਰੱਖਣ।
ਸਰਬਜੀਤ ਸਿੰਘ ਜਰਮਨੀ
Tirthsingh3@yahoo.com