ਕਿਵੇਂ ਬਣਿਆ ਭੈਣੀ ਤੋਂ ਚੋਹਲਾ ਸਾਹਿਬ?
ਚੋਹਲਾ ਸਾਹਿਬ ਇੱਕ ਧਾਰਮਿਕ ਤੇ ਇਤਿਹਾਸਕ ਕਸਬਾ ਹੈ, ਜੋ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਅਤੇ ਸਰਹਾਲੀ ਦੇ ਨੇੜੇ ਹੈ। ਇਸ ਕਸਬੇ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਚੋਹਲਾ ਸਾਹਿਬ ਦਾ ਪਹਿਲਾ ਨਾਂ ਭੈਣੀ ਸੀ। ਸਿੱਖ ਇਤਿਹਾਸ ਵਿੱਚ ਦਰਜ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਸਰਹਾਲੀ ਤੋਂ ਏਥੇ ਆਏ ਤਾਂ ਸੰਗਤਾਂ ਨੇ ਉਨ੍ਹਾਂ ਦੀ ਬੜੀ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ। ਪਿੰਡ ਦੀ ਇੱਕ ਮਾਈ ਦੇ ਮਨ ਵਿੱਚ ਗੁਰੂ ਜੀ ਨੂੰ ਲੰਗਰ ਛਕਾਉਣ ਦਾ ਵਿਚਾਰ ਆਇਆ। ਉਹਨੇ ਸੋਚਿਆ ਕਿ ਜੇ ਸਤਿਗੁਰੂ ਲਈ ਦਾਲ਼ ਸਬਜ਼ੀ ਵਾਲਾ ਲੰਗਰ ਤਿਆਰ ਕੀਤਾ ਤਾਂ ਜ਼ਿਆਦਾ ਸਮਾਂ ਲੱਗ ਜਾਵੇਗਾ। ਇਸ ਲਈ ਉਹਨੇ ਖੰਡ-ਘਿਓ-ਪ੍ਰਸ਼ਾਦੇ ਪਾ ਕੇ ਵਧੀਆ ਚੂਰੀ ਕੁੱਟੀ ਅਤੇ ਛੰਨੇ ਵਿੱਚ ਪਾ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਈ।
ਗੁਰੂ ਜੀ ਨੇ ਮਾਈ ਨੂੰ ਪੁੱਛਿਆ ਕਿ ਛੰਨੇ ਵਿੱਚ ਕੀ ਹੈ? ਤਾਂ ਮਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਸੱਚੇ ਪਾਤਸ਼ਾਹ! ਲੰਗਰ ਤਿਆਰ ਕਰਨ ਨੂੰ ਸਮਾਂ ਲੱਗ ਜਾਣਾ ਸੀ, ਇਸਲਈ ਮੈਂ ਛੇਤੀ ਛੇਤੀ ਚੋਲਾ੍ ਬਣਾ ਕੇ ਲਿਆਈ ਹਾਂ।” ਸਤਿਗੁਰੂ ਜੀ ਨੇ ਮਾਈ ਦਾ ਪ੍ਰੇਮ ਵੇਖ ਕੇ ਚੋਲਾ੍ ਛਕ ਲਿਆ ਅਤੇ ਬਚਨ ਕੀਤਾ ਕਿ ਅੱਗੇ ਤੋਂ ਇਸ ਨਗਰ ਦਾ ਨਾਂ ਵੀ ਚੋਹਲਾ ਸਾਹਿਬ ਲੈਣਾ। ਨਗਰ ਵਾਸੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਰਕਾਰੀ ਕਾਗਜ਼ਾਂ ਵਿੱਚ ਤਾਂ ਨਗਰ ਦਾ ਨਾਂ ਭੈਣੀ ਹੈ, ਅਸੀਂ ਚੋਹਲਾ ਸਾਹਿਬ ਕਿਵੇਂ ਕਹਾਂਗੇ? ਗੁਰੂ ਜੀ ਨੇ ਅੰਤਰਧਿਆਨ ਹੋ ਕੇ ਕਿਹਾ- “ਸਰਕਾਰੀ ਕਾਗਜ਼ਾਂ ਵਿੱਚ ਵੀ ਨਗਰ ਦਾ ਨਾਂ ਚੋਲਾ੍ ਸਾਹਿਬ ਹੀ ਹੋਵੇਗਾ। ਜਦੋਂ ਤੁਸੀਂ ਮਾਮਲਾ ਦੇਣ ਜਾਓਗੇ ਤਾਂ ਕਹਿਣਾ ਕਿ ਚੋਲਾ੍ ਨਗਰ ਤੋਂ ਮਾਮਲਾ ਦੇਣ ਆਏ ਹਾਂ।” ਗੁਰੂ ਜੀ ਦੇ ਬਚਨ ਸਤਿ ਹੋਏ।
ਜਦੋਂ ਉਸ ਨਗਰ ਦੇ ਵਾਸੀ ਮਾਮਲਾ ਦੇਣ ਜਹਾਂਗੀਰ ਦੇ ਦਰਬਾਰ ਵਿੱਚ ਗਏ ਤਾਂ ਉਨ੍ਹਾਂ ਨੇ ਚੋਲਾ੍ ਨਗਰ ਦਾ ਹੀ ਨਾਂ ਲਿਆ। ਸਰਕਾਰੀ ਅਹਿਲਕਾਰ ਇਹ ਸੁਣ ਕੇ ਹੈਰਾਨ ਹੋਏ ਕਿ ਇਸ ਨਗਰ ਦਾ ਨਾਂ ਪਹਿਲਾਂ ਤਾਂ ਕਦੇ ਨਹੀਂ ਸੁਣਿਆ। ਫਿਰ ਜਦੋਂ ਅਹਿਲਕਾਰਾਂ ਨੇ ਹਿਸਾਬ-ਕਿਤਾਬ ਵਾਲੀਆਂ ਵਹੀਆਂ ਕੱਢ ਕੇ ਵੇਖੀਆਂ ਤਾਂ ਉੱਥੇ ਚੋਲਾ੍ ਨਗਰ ਹੀ ਲਿਖਿਆ ਹੋਇਆ ਸੀ। ਨਗਰ ਵਾਸੀਆਂ ਸਮੇਤ ਅਹਿਲਕਾਰ ਇਹ ਵੇਖ ਕੇ ਬੜੇ ਹੈਰਾਨ ਹੋਏ। ਹੁਣ ਇਸ ਨਗਰ ਦਾ ਨਾਂ ਚੋਹਲਾ ਸਾਹਿਬ ਪ੍ਰਸਿੱਧ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਪ੍ਰਥਾਇ ਲਿਖਿਆ ਮਿਲਦਾ ਹੈ:
ਸੁਨਿ ਦਿਵਾਨ ਮਨ ਸੰਸਾ ਭਯੋ।
ਦਫਤਰ ਖੋਲਿ ਸੁ ਦੇਖਤਿ ਭਯੋ।
ਚੋਲਾ ਲਿਖਯੋ ਸੁ ਬੀਚ ਨਿਹਾਰਾ।
ਦੇਖਤਿ ਮਨ ਮਹਿ ਅਚਰਜ ਭਾਰਾ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਨੂੰ ਦੋ ਥਾਂਵਾਂ ਤੇ ਵਰਤਿਆ ਹੈ:
ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲਾ੍॥
ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲਾ੍॥ (ਆਸਾ ਮਹਲਾ ੫, ਅੰਗ ੪੦੭)
ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲਾ੍॥
ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲਾ੍॥
(ਧਨਾਸਰੀ ਮਹਲਾ ੫, ਅੰਗ ੬੭੨)
ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਪਧਾਰਨ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਚੋਹਲਾ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਨਾਲ ਆਪ ਦੇ ਮਹਿਲ ਮਾਤਾ ਗੰਗਾ ਜੀ ਵੀ ਆਏ ਸਨ। ਮਾਤਾ ਜੀ ਦੀ ਯਾਦ ਵਿੱਚ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ। ਉੱਥੇ ਚਾਰ ਹੋਰ ਇਤਿਹਾਸਕ ਗੁਰਦੁਆਰੇ ਮੌਜੂਦ ਹਨ। ਹਰ ਸਾਲ 4 ਹਾੜ੍ਹ (ਇਸ ਸਾਲ 17 ਜੂਨ) ਨੂੰ ਇਹ ਦਿਵਸ ਚੋਹਲਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹਦੇ ਨਾਲ-ਨਾਲ ਉੱਥੇ ਵਿਸਾਖੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.