ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗਣਤੰਤਰ ਦਿਵਸ ਸਬੰਧੀ ਅੱਜ ਨਹਿਰੂ ਸਟੇਡੀਅਮ ਵਿਖੇ ਰੱਖੇ ਗਏ ਪੂਰਨ ਪੁਸ਼ਾਕ ਅਭਿਆਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਲੋਕ ਸੰਪਰਕ ਅਫਸਰ ਅਤੇ ਜ਼ਿਲ੍ਹਾ ਖੇਡ ਅਫਸਰ ਨੂੰ ਇਸ ਰਾਸ਼ਟਰੀ ਤਿਉਹਾਰ ਨੂੰ ਹੋਰ ਦਿਲ-ਖਿੱਚਵਾਂ, ਰੌਚਕ ਅਤੇ ਸਹਿਜਤਾ ਭਰਪੂਰ ਬਣਾਉਣ ਦੀਆਂ ਟਿੱਪਣੀਆਂ ਸਮੇਤ ਹੁਕਮ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵ ਮੰਤਰੀ, ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਅੱਜ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਨਾਂ ਹਰ ਕਮੀ ਨੂੰ ਲਿਖਤੀ ਰੂਪ ’ਚ ਨੋਟ ਕਰਕੇ ਪ੍ਰੋਗਰਾਮ ਦੇ ਮੁਕੰਮਲ ਹੋਣ ਉਪਰੰਤ ਇਨ੍ਹਾਂ ਟਿੱਪਣੀਆਂ ਨੂੰ ਸਾਂਝਾ ਕੀਤਾ ਅਤੇ ਪ੍ਰੋਗਰਾਮ ’ਚ ਹੋਰ ਸੁਧਾਰ ਦੀ ਲੋੜ ’ਤੇ ਜੋਰ ਦਿੱਤਾ। ਸਟੇਡੀਅਮ ਦੇ ਮੈਦਾਨ ’ਚ ਮਿੱਟੀ ਪਾਉਣ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਠੰਢ ਵਿੱਚ ਬੈਠਣ ਦੀ ਵਿਵਸਥਾ ਨੂੰ ਹੋਰ ਸੁਖਾਲਾ ਕਰਨ ਦੇ ਢੁੱਕਵੇਂ ਯਤਨ ਕਰਨ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਇਨ੍ਹਾਂ ਅਹਿਮ ਹੁੰਦਾ ਹੈ ਕਿ ਸਾਰੇ ਦੇਸ਼ ’ਚ ਇਸ ਦਾ ਇੱਕ ਦਿਨ ਪਹਿਲਾਂ ਅਭਿਆਸ ਕੀਤਾ ਜਾਂਦਾ ਹੈ ਤਾਂ ਜੋ ਗਣਤੰਤਰ ਦਿਵਸ ਮੌਕੇ ਕਿਸੇ ਵੀ ਕਿਸਮ ਦੀ ਤਰੁੱਟੀ ਜਾਂ ਉਣਤਾਈ ਦੀ ਭੋਰ੍ਹਾ ਵੀ ਗੁੰਜਾਇਸ਼ ਬਾਕੀ ਨਾ ਰਹਿ ਸਕੇ। ਸਮੂਹ ਸਕੂਲਾਂ ਦੇ ਮੁਖੀ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਵੰਨਗੀਆਂ ਅਤੇ ਪਰੇਡ ਵਿੱਚ ਹਿੱਸਾ ਲਿਆ ਉਨ੍ਹਾਂ ਨੂੰ ਮੁਖਾਤਿਬ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਢ ਦੇ ਪ੍ਰਕੋਪ ਨੂੰ ਇਸ ਸਮਾਗਮ ਦੌਰਾਨ ਕਿਸੇ ਵੀ ਹਾਲਤ ਵਿੱਚ ਅੜਿੱਕਾ ਨਾ ਬਣਨ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕਿ 26 ਜਨਵਰੀ ਵਾਲੇ ਦਿਨ ਹਰ ਵਿਦਿਆਰਥੀ ਦੇ ਨਾਲ ਸਬੰਧਤ ਅਧਿਕਾਰੀ,ਕਰਮਚਾਰੀ ਅਤੇ ਅਧਿਆਪਕ ਸਵੇਰੇ 9.15 ਤੋਂ 9.30 ਤੱਕ ਆਪਣੀ ਨਿਰਧਾਰਿਤ ਥਾਂ ਤੇ ਹਾਜ਼ਰ ਹੋਣਾ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਵੀ ਕਿਹਾ ਕਿ ਉਹ ਗਣਤੰਤਰ ਦਿਵਸ ਸਬੰਧੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਬੰਧੀ ਰੌਚਕ ਤੱਥਾਂ ਨੂੰ ਹਾਜ਼ਰੀਨ ਨਾਲ ਸਾਂਝਾ ਕਰਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡਾ ਰਾਸ਼ਟਰੀ ਤਿਉਹਾਰ ਹੈ, ਸੋ ਇਸ ਵਿੱਚ ਨਾ ਕੇਵਲ ਬੱਚੇ ਜਾਂ ਸਰਕਾਰੀ ਕਰਮਚਾਰੀ ਬਲਕਿ ਜ਼ਿਲ੍ਹਾ ਵਾਸੀ ਵੀ ਉਤਸ਼ਾਹ ਨਾਲ ਹਿੱਸਾ ਲੈਣ। ਇਸ ਮੌਕੇ ਐਸ.ਐਸ.ਪੀ ਹਰਜੀਤ ਸਿੰਘ, ਐਸ.ਡੀ.ਐਮ. ਫ਼ਰੀਦਕੋਟ ਮੇਜਰ ਵਰੁਣ ਕੁਮਾਰ, ਡੀ.ਈ.ਓ. ਮੇਵਾ ਸਿੰਘ, ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ, ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਅਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
Leave a Comment
Your email address will not be published. Required fields are marked with *