ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਲੋੜ।
ਰਾਮ ਨੌਮੀ ਦਾ ਤਿਉਹਾਰ ਭਾਰਤ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ। ਚੈਤ ਮਹੀਨੇ ਦੇ ਨਵਰਾਤਰੀ ਵੀ ਰਾਮ ਨੌਮੀ ਦੇ ਦਿਨ ਸਮਾਪਤ ਹੁੰਦੇ ਹਨ। ਹਿੰਦੂ ਧਰਮ ਗ੍ਰੰਥਾਂ ਅਨੁਸਾਰ ਇਸ ਦਿਨ ਭਗਵਾਨ ਸ਼੍ਰੀ ਰਾਮ ਦਾ ਜਨਮ ਹੋਇਆ ਸੀ। ਇਸ ਲਈ ਸ਼ਰਧਾਲੂ ਇਸ ਸ਼ੁਭ ਦਿਨ ਨੂੰ ਰਾਮ ਨੌਮੀ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਹਨ ਅਤੇ ਪੁੰਨ ਦੇ ਭਾਗੀ ਬਣਦੇ ਹਨ।
ਹਿੰਦੂ ਧਾਰਮਿਕ ਸਭਿਅਤਾ ਵਿੱਚ ਰਾਮ ਨੌਮੀ ਦੇ ਤਿਉਹਾਰ ਦਾ ਮਹੱਤਵ ਰਿਹਾ ਹੈ। ਇਸ ਤਿਉਹਾਰ ਦੇ ਨਾਲ ਹੀ ਮਾਂ ਦੁਰਗਾ ਦੇ ਨਵਰਾਤਰੇ ਵੀ ਸਮਾਪਤ ਹੋ ਜਾਂਦੇ ਹਨ। ਹਿੰਦੂ ਧਰਮ ਵਿੱਚ ਰਾਮ ਨੌਮੀ ਦੇ ਦਿਨ ਪੂਜਾ ਕੀਤੀ ਜਾਂਦੀ ਹੈ। ਰਾਮ ਨੌਮੀ ਦੀ ਪੂਜਾ ‘ਚ ਪਹਿਲਾਂ ਦੇਵਤਿਆਂ ਨੂੰ ਜਲ ਅਤੇ ਰੋਲੀ ਚੜ੍ਹਾਈ ਜਾਂਦੀ ਹੈ, ਉਸ ਤੋਂ ਬਾਅਦ ਮੂਰਤੀਆਂ ਨੂੰ ਮੁੱਠੀ ਭਰ ਚੌਲ ਅਕਸ਼ਤ ਚੜ੍ਹਾਏ ਜਾਂਦੇ ਹਨ। ਪੂਜਾ ਤੋਂ ਬਾਅਦ ਆਰਤੀ ਕੀਤੀ ਜਾਂਦੀ ਹੈ। ਕੁਝ ਲੋਕ ਇਸ ਦਿਨ ਵਰਤ ਵੀ ਰੱਖਦੇ ਹਨ।ਤ੍ਰੇਤਾਯੁਗ ਵਿੱਚ ਭਗਵਾਨ ਵਿਸ਼ਨੂੰ ਨੇ ਰਾਮ ਦਾ ਅਵਤਾਰ ਲਿਆ ਸੀ ਅਤੇ ਮਾਂ ਲਕਸ਼ਮੀ ਨੇ ਸੀਤਾ ਦਾ ਅਵਤਾਰ ਲਿਆ ਸੀ। ਜਿਸ ਦਿਨ ਸ਼੍ਰੀ ਹਰੀ ਨੇ ਮਾਤਾ ਕੌਸ਼ੱਲਿਆ ਦੀ ਕੁੱਖੋਂ ਰਾਜਾ ਦਸ਼ਰਥ ਦੇ ਘਰ ਜਨਮ ਲਿਆ, ਉਹ ਦਿਨ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਤਿੱਥ ਸੀ। ਇਸ ਲਈ ਇਸ ਦਿਨ ਨੂੰ ਰਾਮ ਨੌਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਸਮੇਂ ਦੌਰਾਨ ਰਾਮ ਜੀ ਦੇ ਭਗਤ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਲਈ ਰਾਮਚਰਿਤ ਮਾਨਸ ਦੀ ਚੌਪਈਆਂ ਦਾ ਪਾਠ ਕਰਦੇ ਹਨ। ਇਸ ਤੋਂ ਇਲਾਵਾ ਜੀਵਨ ਵਿੱਚ ਚੱਲ ਰਹੇ ਦੁੱਖਾਂ, ਮੁਸੀਬਤਾਂ ਅਤੇ ਸੰਕਟਾਂ ਤੋਂ ਛੁਟਕਾਰਾ ਪਾਉਣ ਲਈ ਵੀ ਕਈ ਉਪਾਅ ਕੀਤੇ ਜਾਂਦੇ ਹਨ।
ਰਾਮ ਜੀ ਦੇ ਜਨਮ ਦੀ ਗਾਥਾ _
ਹਿੰਦੂ ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਤ੍ਰੇਤਾਯੁਗ ਵਿੱਚ ਰਾਵਣ ਦੇ ਅੱਤਿਆਚਾਰਾਂ ਨੂੰ ਖਤਮ ਕਰਨ ਅਤੇ ਧਰਮ ਦੀ ਪੁਨਰ ਸਥਾਪਨਾ ਲਈ ਭਗਵਾਨ ਵਿਸ਼ਨੂੰ ਨੇ ਪ੍ਰਾਣੀ ਸੰਸਾਰ ਵਿੱਚ ਸ਼੍ਰੀ ਰਾਮ ਦੇ ਰੂਪ ਵਿੱਚ ਅਵਤਾਰ ਲਿਆ ਸੀ। ਸ਼੍ਰੀ ਰਾਮ ਚੰਦਰ ਜੀ ਦਾ ਜਨਮ ਚੈਤਰ ਸ਼ੁਕਲ ਦੀ ਨਵਮੀ ਵਾਲੇ ਦਿਨ ਪੁਨਰਵਾਸੂ ਨਛੱਤਰ ਵਿੱਚ ਹੋਇਆ ਸੀ ਅਤੇ ਰਾਜਾ ਦਸ਼ਰਥ ਦੇ ਘਰ ਮਹਾਰਾਣੀ ਕੌਸ਼ੱਲਿਆ ਦੀ ਕੁੱਖ ਤੋਂ ਹੋਇਆ ਸੀ।ਸ਼੍ਰੀ ਰਾਮ ਨੌਮੀ ਦਾ ਤਿਉਹਾਰ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ।
ਰਾਮਾਇਣ ਅਨੁਸਾਰ ਅਯੁੱਧਿਆ ਦੇ ਰਾਜਾ ਦਸ਼ਰਥ ਦੀਆਂ ਤਿੰਨ ਪਤਨੀਆਂ ਸਨ ਪਰ ਲੰਬੇ ਸਮੇਂ ਤੱਕ ਉਨ੍ਹਾਂ ਵਿੱਚੋਂ ਕੋਈ ਵੀ ਉਸ ਨੂੰ ਸੰਤਾਨ ਦੀ ਖੁਸ਼ੀ ਨਹੀਂ ਦੇ ਸਕੀ ਜਿਸ ਕਾਰਨ ਰਾਜਾ ਦਸ਼ਰਥ ਬਹੁਤ ਪਰੇਸ਼ਾਨ ਰਹਿੰਦਾ ਸੀ। ਪੁੱਤਰ ਪ੍ਰਾਪਤ ਕਰਨ ਲਈ, ਰਿਸ਼ੀ ਵਸ਼ਿਸ਼ਟ ਨੇ ਰਾਜਾ ਦਸ਼ਰਥ ਨੂੰ ਪੁੱਤਰਕਾਮੇਸ਼ਤੀ ਯੱਗ ਕਰਨ ਦਾ ਵਿਚਾਰ ਦਿੱਤਾ। ਇਸ ਤੋਂ ਬਾਅਦ ਰਾਜਾ ਦਸ਼ਰਥ ਨੇ ਮਹਾਰਿਸ਼ੀ ਰਿਸ਼ਯਸ਼੍ਰਿਂਗ ਦੁਆਰਾ ਯੱਗ ਕੀਤਾ। ਇਸ ਤੋਂ ਬਾਅਦ ਅਗਨੀਦੇਵ ਹੱਥਾਂ ਵਿੱਚ ਖੀਰ ਦਾ ਕਟੋਰਾ ਲੈ ਕੇ ਯੱਗ ਕੁੰਡ ਤੋਂ ਬਾਹਰ ਆਏ।
ਯੱਗ ਦੀ ਸਮਾਪਤੀ ਤੋਂ ਬਾਅਦ, ਮਹਾਂਰਿਸ਼ੀ ਰਿਸ਼ਯਸ਼੍ਰਿਂਗ ਨੇ ਦਸ਼ਰਥ ਦੀਆਂ ਤਿੰਨਾਂ ਪਤਨੀਆਂ ਨੂੰ ਖਾਣ ਲਈ ਖੀਰ ਦਾ ਇੱਕ ਕਟੋਰਾ ਦਿੱਤਾ। ਖੀਰ ਖਾਣ ਦੇ ਕੁਝ ਮਹੀਨਿਆਂ ਵਿੱਚ ਹੀ ਤਿੰਨੋਂ ਰਾਣੀਆਂ ਗਰਭਵਤੀ ਹੋ ਗਈਆਂ। ਠੀਕ 9 ਮਹੀਨੇ ਬਾਅਦ, ਰਾਜਾ ਦਸ਼ਰਥ ਦੀ ਸਭ ਤੋਂ ਵੱਡੀ ਰਾਣੀ ਕੌਸਲਿਆ ਨੇ ਸ਼੍ਰੀ ਰਾਮ( ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ), ਕੈਕੇਯੀ ਨੂੰ ਸ਼੍ਰੀ ਭਰਤ ਅਤੇ ਸੁਮਿਤਰਾ ਨੇ ਸ਼੍ਰੀ ਲਕਸ਼ਮਣ ਅਤੇ ਸ਼੍ਰੀ ਸ਼ਤਰੂਘਨ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਭਗਵਾਨ ਸ਼੍ਰੀ ਰਾਮ ਨੇ ਦੁਸ਼ਟ ਜੀਵਾਂ ਦਾ ਨਾਸ਼ ਕਰਨ ਲਈ ਧਰਤੀ ‘ਤੇ ਜਨਮ ਲਿਆ ਸੀ।
ਮਨੁੱਖ ਆਪਣੇ ਗੁਣਾਂ ਅਤੇ ਕਰਮਾਂ ਰਾਹੀਂ ਹੀ ਆਪਣੀ ਪਛਾਣ ਬਣਾਉਂਦਾ ਹੈ। ਭਗਵਾਨ ਰਾਮ ਨੂੰ ਉਨ੍ਹਾਂ ਦੇ ਸੁਭਾਅ ਅਤੇ ਗੁਣਾਂ ਕਾਰਨ ਮਰਿਆਦਾ ਪੁਰਸ਼ੋਤਮ ਵੀ ਕਿਹਾ ਜਾਂਦਾ ਹੈ। ਭਗਵਾਨ ਰਾਮ ਨੂੰ ਸ਼੍ਰੀ ਹਰੀ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਵਿੱਚ ਉਨ੍ਹਾਂ ਨੂੰ ਇੱਕ ਆਦਰਸ਼ ਪੁਰਸ਼ ਅਤੇ ਮਰਯਾਦਾ ਪੁਰਸ਼ੋਤਮ ਦੱਸਿਆ ਗਿਆ ਹੈ। ਭਗਵਾਨ ਸ੍ਰੀ ਰਾਮ ਜੀ ਨੇ ਰਾਜ ਛੱਡ ਦਿੱਤਾ ਅਤੇ 14 ਸਾਲ ਬਨਵਾਸ ਕਟਿਆ। ਓਹਨਾਂ ਨੂੰ ਮਹਾਨ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਸੱਚ, ਦਇਆ, ਰਹਿਮ, ਧਰਮ ਅਤੇ ਇੱਜ਼ਤ ਦੇ ਮਾਰਗ ‘ਤੇ ਚੱਲ ਕੇ ਰਾਜ ਕੀਤਾ। ਅੱਜ ਵੀ ਜੇਕਰ ਕਿਸੇ ਥਾਂ ਤੇ ਸੱਭਿਅਤਾ ਅਤੇ ਨੈਤਿਕਤਾ ਦੀ ਗੱਲ ਹੁੰਦੀ ਹੈ ਤਾਂ ਕੇਵਲ ਭਗਵਾਨ ਰਾਮ ਦਾ ਹੀ ਨਾਮ ਲਿਆ ਜਾਂਦਾ ਹੈ। ਸ਼੍ਰੀ ਰਾਮ ਜੀ ਨੇ ਆਪਣੇ ਜੀਵਨਕਾਲ ਵਿਚ ਬਿਨਾਂ ਕਿਸੇ ਭੇਦਭਾਵ ਅਤੇ ਬਿਨਾਂ ਤੂੰ ਤੂੰ ਮੈ ਮੈਂ ਤੋਂ ਹਰ ਮਰਿਆਦਾ ਦੀ ਪਾਲਣਾ ਕੀਤੀ ਜਿਸ ਕਾਰਨ ਇਤਿਹਾਸ ਵਿਚ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਿਹਾ ਜਾਂਦਾ ਹੈ। ਰਾਮਨੌਮੀ ਦਾ ਦਿਹਾੜਾ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਦੀ ਇਕ ਜ਼ਿੰਦਾ ਯਾਦ ਹੈ। ਭਗਵਾਨ ਸ਼੍ਰੀ ਰਾਮ ਜੀ ਨੇ ਇਕ ਆਦਰਸ਼ ਸੰਤਾਨ ਦੇ ਰੂਪ ਵਿਚ ਜੋ ਆਦਰਸ਼ ਕਾਇਮ ਕੀਤਾ ਮਨੁੱਖ ਉਸ ਤੋਂ ਯੁੱਗਾਂ ਯੁੱਗਾਂ ਤਕ ਪ੍ਰੇਰਿਤ ਰਹੇਗਾ। ਇਕ ਪਾਸੇ ਤਾਂ ਰਾਜ ਲਕਸ਼ਮੀ ਦਾ ਸੰਪੂਰਨ ਸੁੱਖ ਭੋਗ ਤੇ ਦੂਜੇ ਪਾਸੇ ਮਾਤਾ ਕੈਕਈ ਅਤੇ ਪਿਤਾ ਦੀ ਆਗਿਆ ਦਾ ਪਾਲਣ। ਇਸ ਤਰ੍ਹਾਂ ਦੀ ਦੁਬਿਧਾ ਭਰੀ ਸਥਿਤੀ ਵਿਚ ਕੋਈ ਵੀ ਇਨਸਾਨ ਭਟਕ ਸਕਦਾ ਹੈ ਪਰ ਭਗਵਾਨ ਸ਼੍ਰੀ ਰਾਮ ਜੀ ਨੇ ਪਿਤਾ ਦੀ ਰਘੂਕੁਲ ਰੀਤ ਦਾ ਪਾਲਣ ਕੀਤਾ। ਭਗਵਾਨ ਸ੍ਰੀ ਰਾਮ ਨੇ ‘ਰਘੁ ਕੁਲ ਰੀਤ ਸਦਾ ਚਲਿ ਆਈ, ਪ੍ਰਾਣ ਜਾਇ ਪਰ ਵਚਨ ਨ ਜਾਇ’ ਦਾ ਪਾਲਣ ਕਰਦਿਆਂ ਮਿਸਾਲ ਕਾਇਮ ਕੀਤੀ। ਅੱਜ ਦੇ ਯੁੱਗ ਵਿੱਚ ਅਜਿਹਾ ਕਿਹੜਾ ਪੁੱਤਰ ਹੈ ਜਿਸ ਨੂੰ ਪਿਤਾ ਕਹੇ ਕਿ ਕੱਲ ਤੈਨੂੰ ਰਾਜ ਤਿਲਕ ਹੋਣਾ ਹੈ ਪਰ ਠੀਕ ਉਸੇ ਖੁਸ਼ੀ ਦੀ ਘੜੀ ਦੇ ਮੌਕੇ ‘ਤੇ ਬਨਵਾਸ ਦੀ ਆਗਿਆ ਮਿਲੇ ਤੇ ਪੁੱਤਰ ਬੇਝਿਜਕ ਹੋ ਕੇ ਪਿਤਾ ਜੀ ਆਗਿਆ ਦਾ ਪਾਲਣ ਕਰੇ। ਪਿਤਾ ਦੀ ਆਗਿਆ ਦਾ ਪਾਲਣ ਬਿਨਾਂ ਕਿਸੇ ਵਿਰੋਧ ਦੇ ਖੁਸ਼ੀ ਭਰੇ ਮਨ ਨਾਲ ਸਵੀਕਾਰ ਕਰਨਾ ਸ਼੍ਰੀ ਰਾਮ ਜੀ ਇਹੋ ਜਿਹੇ ਹੀ ਆਦਰਸ਼ ਹਨ ਜਿਨ੍ਹਾਂ ਨੂੰ ਅਸੀਂ ਪੂਜ ਰਹੇ ਹਾਂ। ਮਹਾਕਵੀ ਤੁਲਸੀ ਦਾਸ ਜੀ ਦਾ ਕਥਨ ਹੈ ਕਿ ਰਾਮ ਨਾਮ ਜਪਣ ਨਾਲ ਸਾਡੇ ਪਾਪ ਮਿਟ ਜਾਂਦੇ ਹਨ। ਭਗਵਾਨ ਰਾਮ ਦਾ ਨਾਮ ਜਪਣ ਦੇ ਨਾਲ ਹੀ ਮੁਕਤੀ ਦਾ ਰਸਤਾ ਵੀ ਸੰਭਵ ਹੈ ਤਾਂ ਫਿਰ ਉਸ ਦੇ ਵਿਅਕਤੀਤਵ ਦੇ ਗੁਣਾਂ ਨੂੰ ਅਪਣਾ ਲੈਣ ਨਾਲ ਤਾਂ ਪਤਾ ਨਹੀਂ ਕਿੰਨਾ ਲਾਭ ਪ੍ਰਾਪਤ ਹੋ ਸਕਦਾ ਹੈ। ਇਸ ਦੀ ਕਲਪਨਾ ਤਾਂ ਸ਼ਾਇਦ ਕਦੇ ਸੁਪਨੇ ਵਿਚ ਵੀ ਨਹੀਂ ਕੀਤੀ ਜਾ ਸਕਦੀ। ਸ਼੍ਰੀ ਰਾਮ ਚੰਦਰ ਜੀ ਦੇ ਨਾਮਕਰਨ ਦੀ ਵਿਆਖਿਆ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਹੈ। ਅਗਨੀ ਵਿਚ ਜੋ ਪ੍ਰਚੰਡਤਾ ਹੈ ਅਤੇ ਚੰਦਰਮਾ ਵਿਚ ਜੋ ਸ਼ਾਂਤੀ ਹੈ ਇਹ ਸਭ ਸਾਨੂੰ ਰਾਮ ਸ਼ਬਦ ਦੇ ਉਚਾਰਨ ਨਾਲ ਪ੍ਰਾਪਤ ਹੋ ਜਾਂਦਾ ਹੈ। ਰਾਮ ਜੀ ਦੇ ਸੰਬੰਧ ਵਿਚ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਸਾਨੂੰ ਇੰਝ ਲੱਗਦਾ ਹੈ ਕਿ ਉਹ ਅੱਜ ਵੀ ਸਾਨੂੰ ਉਨ੍ਹਾਂ ਮਰਿਆਦਾਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਅਸੀਂ ਕਿਸੇ ਦੇ ਵੀ ਆਦਰਸ਼ਾਂ ਬਾਰੇ ਕਿਸੇ ਨੂੰ ਤਾਂ ਹੀ ਪ੍ਰੇਰਿਤ ਕਰ ਸਕਦੇ ਹਾਂ ਜਦੋਂ ਅਸੀਂ ਖ਼ੁਦ ਉਨ੍ਹਾਂ ਮਹਾਨ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦਾ ਪ੍ਰਣ ਕਰੀਏ। ਆਓ ਸਾਰੇ ਰਲ ਕੇ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਵਸ ਨੂੰ ਹਰਸ਼ ਉਲਾਸ ਨਾਲ ਮਨਾਈਏ ਅਤੇ ਆਪਣੇ ਵਿੱਚੋਂ ਅਹੰਕਾਰ ਰੂਪੀ ਮੈ ਨੂੰ ਕੱਢ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ।

ਲੈਕਚਰਾਰ ਲਲਿਤ ਗੁਪਤਾ ।
ਮੰਡੀ ਅਹਿਮਦਗੜ੍ਹ।
9781590500