ਆਪਣੇ ਬੀਬੀ ਜੀ ਸਰਦਾਰਨੀ ਤੇਜ ਕੌਰ ਨੂੰ ਯਾਦ ਕਰਦਿਆਂ
ਅੱਜ 12 ਅਪ੍ਰੈਲ 2024 ਦਾ ਦਿਨ ਹੈ। ਅੱਜ ਤੋਂ 17 ਸਾਲ ਪਹਿਲਾਂ ਸਾਡੇ ਬੀਬੀ ਜੀ ਨੇ 12 ਅਪ੍ਰੈਲ 2007 ਨੂੰ ਸ਼ਾਮ 8 ਵਜੇ ਦੇ ਕਰੀਬ ਐਸਕੋਰਟ ਹਸਪਤਾਲ ਅੰਮ੍ਰਿਤਸਰ ਦੇ ਆਈ ਸੀ ਯੂ ਵਿੱਚ ਆਖ਼ਰੀ ਸਾਹ ਲਿਆ ਸੀ। ਯਾਦ ਕਰ ਰਿਹਾ ਹਾਂ ਕਿ 10 ਅਪ੍ਰੈਲ 2007 ਨੂੰ ਦੁਪਹਿਰ ਵੇਲੇ ਅਰਬਨ ਅਸਟੇਟ ਵਾਲੇ ਬਟਾਲਾ ਵਾਲੇ ਘਰ ਦੇ ਬਾਹਰਲੇ ਬਰਾਂਡੇ ਵਿੱਚ ਉਹਨਾਂ ਦਾ ਬੈੱਡ ਲਾਇਆ ਹੋਇਆ ਸੀ। ਮੈਂ ਬੀਬੀ ਜੀ ਨੂੰ ਦੁਪਹਿਰ ਵੇਲੇ ਕੋਲ ਬਹਿ ਕੇ ਇਕ ਵਜੇ ਰੋਟੀ ਖਵਾਈ ਸੀ। ਬੀਬੀ ਜੀ ਬਹੁਤ ਕਮਜ਼ੋਰ ਸਨ। ਖ਼ੁਦ ਨਹੀਂ ਸਨ ਚੱਲ ਸਕਦੇ। ਮੈਂ ਪਹਿਲੀ ਜੂਨ 2004 ਨੂੰ ਗੌਰਮਿੰਟ ਕਾਲਿਜ ਗੁਰਦਾਸਪੁਰ ਤੋਂ ਰਿਟਾਇਰ ਹੋ ਚੁੱਕਾ ਸਾਂ। ਬੇਟਾ ਮਨਜੋਤ ਅਤੇ ਬੇਟੀ ਮਨਿੰਦਰ ਦੀ ਸ਼ਾਦੀ ਕਰ ਚੁੱਕਾ ਸਾਂ। ਮਨਿੰਦਰ ਇੰਗਲੈਂਡ ਆਪਣੇ ਸਹੁਰੇ ਘਰ ਰਹਿ ਰਹੀ ਸੀ ਅਤੇ ਮਨਜੋਤ ਬਟਾਲੇ ਦੇ ਐਚ ਡੀ ਐਫ ਸੀ ਬੈਂਕ ਵਿੱਚ ਕੰਮ ਕਰਦਾ ਸੀ। ਰੋਟੀ ਖਾਣ ਤੋਂ ਬਾਅਦ ਉਸ ਦਿਨ ਅਚਾਨਕ ਬੀਬੀ ਜੀ ਮੈਨੂੰ ਕਹਿਣ ਲੱਗੇ, “ਸੁੱਖ! ਹੁਣ ਮੈਨੂੰ ਬਹੁਤ ਠੰਢ ਲੱਗ ਰਹੀ ਏ। ਮੇਰੇ ਉੱਪਰ ਕੰਬਲ ਦੇ ਦੇ” ਮੈਂ ਉਹਨਾਂ ਉੱਪਰ ਕੰਬਲ ਦੇ ਦਿੱਤਾ। ਪਰ ਠੰਡ ਖਹਿੜਾ ਨਹੀਂ ਸੀ ਛੱਡ ਰਹੀ। ਕੰਬਲ ਦੇ ਨਾਲ ਇੱਕ ਰਜਾਈ ਹੋਰ ਉਹਨਾਂ ਉੱਪਰ ਦੇ ਦਿੱਤੀ ਗਈ। ਇਸ ਤੋਂ ਬਾਅਦ ਫਿਰ ਇਕ ਹੋਰ ਰਜਾਈ। ਪਰ ਬੀਬੀ ਜੀ ਕੰਬੀ ਜਾ ਰਹੇ ਸਨ।
ਮੈਂ ਟੈਲੀਫੋਨ ਕਰਕੇ ਮਨਜੋਤ ਨੂੰ ਬੀਬੀ ਜੀ ਬਾਰੇ ਦੱਸਿਆ। ਉਹ ਸਵੇਰੇ 11 ਵਜੇ ਬੀਬੀ ਜੀ ਵਾਸਤੇ ਇੱਕ ਪਹੀਆਂ ਵਾਲੀ ਕੁਰਸੀ ਖਰੀਦ ਕੇ ਦੇ ਗਿਆ ਸੀ, ਤਾਂ ਜੋ ਮੈਂ ਬੀਬੀ ਜੀ ਨੂੰ ਪਲਾਸਟਿਕ ਦੀ ਕੁਰਸੀ ਉਪਰ ਬਿਠਾ ਕੇ ਘੜੀਸਣ ਦੀ ਥਾਂ ਇਸ ਨਵੀਂ ਕੁਰਸੀ ਰਾਹੀਂ ਕਮਰੇ/ਬਾਥਰੂਮ ਵਿੱਚ ਆਸਾਨੀ ਨਾਲ ਲਿਜਾ ਸਕਾਂ। ਉਹ ਬਹੁਤ ਜਲਦੀ ਘਰ ਪਹੁੰਚ ਗਿਆ। ਮੈਂ ਆਪਣੇ ਪਰਿਵਾਰਕ ਦੋਸਤ ਅਤੇ ਸਰਜਨ ਡਾ ਰਵਿੰਦਰ ਪਾਲ ਸਿੰਘ (ਰਵੀ ਹਸਪਤਾਲ ਬਟਾਲਾ) ਨਾਲ ਸਲਾਹ ਕੀਤੀ। ਉਹਨਾਂ ਸਲਾਹ ਦਿੱਤੀ ਕਿ ਬੀਬੀ ਜੀ ਨੂੰ ਡਾ ਅਸ਼ਵਨੀ ਮਹਾਜਨ ਜੀ ਨੂੰ ਵਿਖਾਉ। ਨਾਲ ਹੀ ਉਨ੍ਹਾਂ ਬੀਬੀ ਜੀ ਬਾਰੇ ਡਾ. ਸਾਹਿਬ ਨੂੰ ਫੋਨ ਕਰ ਦਿੱਤਾ। ਇੱਥੇ ਇਹ ਦੱਸ ਦਿਆਂ ਕਿ ਸਾਡੇ ਬਟਾਲੇ ਅੰਦਰ ਮੈਡੀਸਿਨ ਦੇ ਸ਼੍ਰੀ ਅਸ਼ਵਨੀ ਮਹਾਜਨ ਨਾਂ ਦੇ ਇੱਕ ਸਿਆਣੇ ਡਾਕਟਰ ਸਾਹਿਬ ਨੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਦੇ ਨਜ਼ਦੀਕ ਆਪਣਾ ਮਹਾਜਨ ਹਸਪਤਾਲ ਬਣਾਇਆ ਹੋਇਆ ਹੈ। ਅਸੀਂ ਬੀਬੀ ਜੀ ਨੂੰ ਲੈਕੇ ਹਸਪਤਾਲ ਪਹੁੰਚ ਗਏ। ਡਾ ਸਾਹਿਬ ਨੇ ਬੀਬੀ ਜੀ ਨੂੰ ਚੈੱਕ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਦਾ “ਪੇਸ ਮੇਕਰ” ਇਸ ਵੇਲੇ ਕੰਮ ਨਹੀਂ ਕਰ ਰਿਹਾ, ਇਸ ਲਈ ਇਹਨਾਂ ਨੂੰ ਐਸਕੋਰਟ ਹਸਪਤਾਲ ਅੰਮ੍ਰਿਤਸਰ ਲੈ ਜਾਵੋ।
ਅਸੀਂ ਸਾਰੇ ਆਮ ਤੌਰ ਤੇ ਭਾਰੀ ਖਰਚਿਆਂ ਕਾਰਨ ਐਸਕੋਰਟ ਹਸਪਤਾਲ ਅੰਮ੍ਰਿਤਸਰ ਦਾ ਨਾਂ ਸੁਣਦਿਆਂ ਸਾਰ ਹੀ ਘਬਰਾ ਜਾਂਦੇ ਹਾਂ। ਸੋ ਮੈਂ ਵੀ ਘਬਰਾ ਗਿਆ। ਹਸਪਤਾਲ ਤੋਂ ਘਰ ਵਾਪਸ ਆਏ। ਉਸ ਸਮੇਂ 30000 ਰੁਪਏ ਕੈਸ਼ ਸਾਡੇ ਕੋਲ ਘਰ ਵਿੱਚ ਸੀ। ਸੋ ਜਿੰਨੇ ਕੁ ਪੈਸੇ ਘਰ ਵਿੱਚ ਹੈ ਸਨ, ਲੈ ਕੇ ਤੁਰ ਪਏ। ਬੀਬੀ ਜੀ ਬਹੁਤ ਤੰਗ ਸਨ। “ਹਾਏ! ਮੈਨੂੰ ਬਚਾ ਲਵੋ।
ਮੈਂ ਉਹਨਾਂ ਦੀ ਇਹ ਵਿਲਕਣੀ ਸੁਣ ਕੇ ਬਹੁਤ ਪਰੇਸ਼ਾਨ ਹੋ ਰਿਹਾ ਸਾਂ। ਮੈਂ ਵੱਡੇ ਤੋਂ ਵੱਡੇ ਦੁੱਖ ਵੇਲੇ ਵੀ ਆਪਣੀ ਮਾਂ ਦਾ ਇਹ ਬੇਬਸ ਰੂਪ ਨਹੀਂ ਸੀ ਕਦੇ ਵੇਖਿਆ। ਪਰ ਕੁਝ ਨਹੀਂ ਸੀ ਕਰ ਸਕਦਾ। ਮੈਂ ਟੈਲੀਫੋਨ ਰਾਹੀਂ ਅੰਮ੍ਰਿਤਸਰ ਆਪਣੇ ਬੇਟੇ ਦੇ ਮਾਮਾ ਜੀ ਪ੍ਰੋ. ਰਾਜਿੰਦਰ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਅਸੀਂ ਬੀਬੀ ਜੀ ਨੂੰ ਲੈਕੇ ਐਸਕੋਰਟ ਹਸਪਤਾਲ ਅੰਮ੍ਰਿਤਸਰ ਆ ਰਹੇ ਹਾਂ। ਮੈਂ ਉਹਨਾਂ ਨੂੰ ਫੌਰੀ 50000 ਰੁਪਿਆਂ ਦਾ ਪ੍ਰਬੰਧ ਕਰ ਕੇ ਲਿਆਉਣ ਲਈ ਵੀ ਕਿਹਾ।
ਮਨਜੋਤ ਸੜਕ ਉੱਪਰ ਕਾਰ ਭਜਾਈ ਜਾ ਰਿਹਾ ਸੀ। ਉਹ ਇਸ ਵਕਤ ਸਗੋਂ ਕਾਰ ਨੂੰ ਹਵਾ ਵਿੱਚ ਉਡਾ ਰਿਹਾ ਸੀ ਅਤੇ ਨਾਲ ਹੀ ਬੀਬੀ ਜੀ ਨੂੰ “ਬੀਬੀ ਜੀ ਪਹੁੰਚ ਗਏ ਹਾਂ” ਕਹਿੰਦਾ ਦਿਲਾਸਾ ਦੇਈ ਜਾ ਰਿਹਾ ਸੀ। ਮੇਰੇ ਕੋਲੋਂ ਬੀਬੀ ਜੀ ਦੀ ਇਹ ਹਾਲਤ ਵੇਖੀ ਨਹੀਂ ਸੀ ਜਾ ਰਹੀ। ਮੇਰੇ ਅੱਥਰੂ ਇਹ ਸੋਚ ਕੇ ਨਹੀਂ ਸਨ ਰੁਕ ਰਹੇ ਕਿ “ਜੇਕਰ ਬੀਬੀ ਜੀ ਨੂੰ ਕੁਝ ਹੋ ਗਿਆ, ਤਾਂ ਮੈਂ ਆਪਣੇ ਭੈਣ ਜੀ ਤੇ ਭਰਾਵਾਂ ਨੂੰ ਕੀ ਜਵਾਬ ਦੇਵਾਂਗਾ?” ਅੱਧੇ ਘੰਟੇ ਦੇ ਅੰਦਰ ਹੀ ਮਨਜੋਤ ਕਾਰ ਨੂੰ ਹਸਪਤਾਲ ਲੈ ਆਇਆ। ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਬੀਬੀ ਜੀ ਨੂੰ ਹਸਪਤਾਲ ਦੇ ਅੰਦਰ ਲੈ ਗਿਆ। ਮੈਂ ਰਿਸੈਪਸ਼ਨ ਉੱਪਰ ਜਾ ਕੇ ਫਾਈਲ ਤਿਆਰ ਕਰਵਾਈ ਅਤੇ ਕੁਝ ਐਡਵਾਂਸ ਪੈਸੇ ਜਮ੍ਹਾਂ ਕਰਵਾ ਦਿੱਤੇ। ਇਲਾਜ ਸ਼ੁਰੂ ਹੋ ਗਿਆ।
ਬੀਬੀ ਜੀ ਆਈ ਸੀ ਯੂ ਵਿੱਚ ਸਨ। ਹਾਲਾਤ ਨਾਜ਼ੁਕ ਸਨ। ਮੈਂ ਆਪਣੇ ਭੈਣ ਭਰਾਵਾਂ ਨੂੰ ਇਸ ਸਾਰੇ ਕੁਝ ਬਾਰੇ ਨਾਲੋ ਨਾਲ ਜਾਣਕਾਰੀ ਦੇਈ ਜਾ ਰਿਹਾ ਸੀ। ਪਰ ਹੁਣ ਤਾਂ ਸਾਰਾ ਮਸਲਾ ਡਾਕਟਰਾਂ ਅਤੇ ਬੀਬੀ ਜੀ ਦਰਮਿਆਨ ਸੀ। ਸ਼ਾਮ ਨੂੰ ਮਨਜੋਤ ਦੇ ਵੇਰਕੇ ਵਾਲੇ ਮਾਸੀ ਜੀ ਦਾ ਅਤੇ ਅੰਮ੍ਰਿਤਸਰ ਤੋਂ ਮਾਮਾ ਜੀ ਦਾ ਪਰਿਵਾਰ ਮੇਰੇ ਕੋਲ ਪੁੱਜ ਗਏ ਸਨ। ਕੁਝ ਦੇਰ ਬਾਅਦ ਮੇਰੇ ਮਰਹੂਮ ਦੋਸਤ ਡਾ ਰਵਿੰਦਰ ਪਾਲ ਸਿੰਘ (ਰਵੀ ਹਸਪਤਾਲ ਬਟਾਲਾ) ਵੀ ਬਟਾਲਿਓਂ ਸ਼ਾਮ ਨੂੰ ਹਸਪਤਾਲ ਆ ਗਏ ਸਨ। ਉਹਨਾਂ ਦੇ ਆਉਣ ਨਾਲ ਮੈਨੂੰ ਬਹੁਤ ਹੌਂਸਲਾ ਹੋਇਆ। ਉਹਨਾਂ ਸਬੰਧਤ ਡਾਕਟਰ ਸਾਹਿਬ ਤੋਂ ਜਾਣਕਾਰੀ ਪ੍ਰਾਪਤ ਕੀਤੀ। ਡਾ. ਰਵੀ ਦਾ ਬੀਬੀ ਜੀ ਬਾਪੂ ਨਾਲ ਬਹੁਤ ਪਿਆਰ ਸੀ। “ਵੇਖੋ, ਕੁਝ ਕਹਿ ਨਹੀਂ ਸਕਦੇ। ਟਰੀਟਮੈਂਟ ਠੀਕ ਦੇ ਰਹੇ ਹਨ।” ਕਹਿ ਕੇ ਮੈਨੂੰ ਹੌਸਲਾ ਦੇ ਕੇ ਚਲੇ ਗਏ। ਮਨਜੋਤ ਨੂੰ ਬੈਂਕ ਵਿੱਚੋਂ ਹੋਰ ਪੈਸੇ ਲਿਆਉਣ ਲਈ ਬਟਾਲੇ ਵਾਪਸ ਭੇਜ ਦਿੱਤਾ ਕਿਉਂਕਿ ਹਸਪਤਾਲ ਵਿੱਚ ਹੁਣ ਮੇਰਾ ਕੰਮ ਪੈਸਾ ਜਮ੍ਹਾਂ ਕਰਵਾਉਣਾ ਅਤੇ ਹਸਪਤਾਲ ਵਾਲਿਆਂ ਦਾ ਕੰਮ ਬੀਬੀ ਜੀ ਨੂੰ ਬਚਾਉਣ ਲਈ ਆਪਣੀ ਕੋਸ਼ਿਸ਼ ਕਰਨੀ ਸੀ। ਟੈਲੀਫੋਨ ਹੋ ਰਹੇ ਸਨ। ਇਲਾਜ ਚੱਲ ਰਿਹਾ ਸੀ। ਬੀਬੀ ਜੀ ਨੂੰ ਆਈ ਸੀ ਯੂ ਵਿੱਚ ਕੇਵਲ ਦੇਖ ਹੀ ਸਕਦੇ ਸਾਂ, ਕੁਝ ਬੋਲ ਨਹੀਂ ਸੀ ਸਕਦੇ ਕਿਉਂਕਿ ਬੀਬੀ ਜੀ ਦੀ ਬੋਲਣ ਸ਼ਕਤੀ ਖ਼ਤਮ ਹੋ ਚੁੱਕੀ ਸੀ। ਹੁਣ 11 ਅਪ੍ਰੈਲ ਆ ਗਈ ਸੀ। ਆਸ ਦੀ ਕਿਰਨ ਲੱਭਣ ਲਈ ਡਾਕਟਰਾਂ ਨੂੰ ਮਿਲ ਰਿਹਾ ਸੀ। ਪਰ ਹਰ ਵਾਰੀ ਆਸ ਦੀ ਥਾਂ ਬੇਆਸ ਹੋ ਰਿਹਾ ਸੀ।
11 ਅਪ੍ਰੈਲ ਰਾਤ ਤੱਕ ਡਾਕਟਰ ਵੀ ਬੇਆਸ ਲੱਗ ਰਹੇ ਸਨ। ਮਨਜੋਤ ਨੇ ਅੰਮ੍ਰਿਤਸਰ ਬਟਾਲਾ ਇੱਕ ਕੀਤਾ ਹੋਇਆ ਸੀ। ਹੁਣ 12 ਅਪ੍ਰੈਲ ਹੋ ਗਈ ਸੀ। ਲੁਧਿਆਣੇ ਤੋਂ ਵੱਡੇ ਭਾ ਜੀ ਜਸਵੰਤ ਤੇ ਗੁਰਭਜਨ ਵੀ ਹਸਪਤਾਲ ਪਹੁੰਚ ਗਏ ਸੀ। ਪਰ ਸਾਡੇ ਵਿੱਚੋਂ ਕਿਸੇ ਦੇ ਵੱਸ ਵਿੱਚ ਕੁਝ ਵੀ ਨਹੀਂ ਸੀ। ਡਾਕਟਰ ਵੀ ਲਗਪਗ ਆਸ ਛੱਡ ਚੁੱਕੇ ਸਨ। ਇਸ ਸਾਰੀ ਸਥਿਤੀ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਸੀ। ਸ਼ਾਮ ਵੇਲੇ ਮਨਜੋਤ ਨੂੰ ਬਟਾਲੇ ਭੇਜ ਦਿੱਤਾ ਗਿਆ। ਗੁਰਭਜਨ ਵੀ ਬਹੁਤ ਮਾਯੂਸ ਸੀ। ਰਾਤ ਕੋਈ ਪੌਣੇ ਕੁ ਅੱਠ ਵਜੇ ਗੁਰਭਜਨ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੀ ਸਲਾਹ ਦਿੱਤੀ। ਅਸੀਂ ਕਾਰ ਪਾਰਕ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸਾਂ ਕਿ ਹਸਪਤਾਲ ਵੱਲੋਂ ਟੈਲੀਫੋਨ ਉਪਰ ਸਾਨੂੰ ਮਨਹੂਸ ਖ਼ਬਰ ਮਿਲ ਗਈ ਕਿ ਸਾਡੇ ਬੀਬੀ ਜੀ ਹੁਣ ਇਸ ਦੁਨੀਆਂ ਤੇ ਹੁਣ ਨਹੀਂ ਰਹੇ। ਬੜਾ ਦੁੱਖ ਲੱਗਾ।
ਉਸ ਵਕਤ ਮੈਂ ਮਹਿਸੂਸ ਕੀਤਾ ਕਿ ਹੁਣ ਮੈਂ ਇੱਕਲਾ ਰਹਿ ਗਿਆ ਹਾਂ। ਇਸ ਤੋਂ ਲਗਪਗ 20 ਸਾਲ ਪਹਿਲਾਂ 8 ਜੁਲਾਈ 1987 ਨੂੰ ਬਾਪੂ ਜੀ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਸ ਵਕਤ ਮੈਂ ਮਹਿਸੂਸ ਕੀਤਾ ਸੀ ਕਿ ਸਾਡੇ ਭੈਣ ਭਰਾਵਾਂ ਉੱਪਰ ਜਿਹੜਾ ਤੰਬੂ ਤਣਿਆਂ ਹੋਇਆ ਸੀ,ਬਾਪੂ ਜੀ ਵੱਲੋਂ ਸਦੀਵੀ ਵਿਛੋੜੇ ਦੇਣ ਨਾਲ ਅੱਧਾ ਤੰਬੂ ਪਾਟ ਗਿਆ ਸੀ। ਇਸੇ ਤਰ੍ਹਾਂ ਬੀਬੀ ਜੀ ਦੇ 12 ਅਪ੍ਰੈਲ 2007 ਨੂੰ ਸ਼ਾਮ 8 ਵਜੇ ਸਾਨੂੰ ਸਦੀਵੀ ਵਿਛੋੜੇ ਦੇਣ ਨਾਲ ਮੈਂ ਮੁੜ ਮਹਿਸੂਸ ਕੀਤਾ ਕਿ ਸਾਡੇ ਭੈਣ ਭਰਾਵਾਂ ਉੱਪਰ ਜਿਹੜਾ ਇੱਕ ਅੱਧਾ ਤੰਬੂ ਰਹਿ ਗਿਆ ਸੀ, ਉਹ ਅੱਧਾ ਤੰਬੂ ਵੀ ਖ਼ਤਮ ਹੋ ਗਿਆ ਸੀ। ਇਹ ਬੀਬੀ ਜੀ ਅਤੇ ਬਾਪੂ ਜੀ ਮੇਰੇ ਇੱਕਲੇ ਦੇ ਨਹੀਂ ਸਨ, ਸਗੋਂ ਸਾਡੇ ਚੌਹਾਂ ਭੈਣ ਭਰਾਵਾਂ ਦੇ ਮਾਤਾ ਪਿਤਾ ਜੀ ਸਨ। ਪਰ ਮੇਰੇ ਵੱਲੋਂ ਇਹ ਮਹਿਸੂਸ ਕਰਨਾ ਕਿ ਹੁਣ ਮੈਂ ਇੱਕਲਾ ਰਹਿ ਗਿਆ ਹਾਂ ਇਸ ਕਰਕੇ ਸੀ, ਕਿਉਂਕਿ 1947 ਵਿੱਚ ਪਾਕਿਸਤਾਨ ਤੋਂ ਭਾਰਤ ਆਉਣ ਕਾਰਨ ਸਾਡੀਆਂ ਘਰੇਲੂ ਆਰਥਿਕ ਮਜਬੂਰੀਆਂ ਕਾਰਨ ਮੇਰੇ ਵੱਡੇ ਭੂਆ ਜੀ ਨੇ ਸਾਨੂੰ ਸਾਥ ਦਿੱਤਾ ਦਿੱਤਾ ਸੀ। ਜਦੋਂ ਮੇਰੇ ਵੱਡੇ ਭੈਣ ਜੀ1952 ਵਿੱਚ ਅਤੇ ਮੇਰੇ ਵੱਡੇ ਭਾਅ ਜੀ 1956 ਵਿੱਚ ਆਪਣੇ ਬੀਬੀ ਜੀ ਅਤੇ ਬਾਪੂ ਜੀ ਤੋਂ ਵੱਖ ਹੋ ਕੇ ਭੂਆ ਜੀ ਕੋਲ ਚਲੇ ਗਏ ਸਨ, ਤਾਂ ਉਸ ਵੇਲੇ ਮੇਰੀ ਉਮਰ ਕ੍ਰਮਵਾਰ 4 ਅਤੇ 8 ਸਾਲ ਸੀ। ਇਸੇ ਤਰ੍ਹਾਂ 1971 ਵਿੱਚ ਪੜ੍ਹਾਈ ਕਰਨ ਗੁਰਭਜਨ ਵੀ ਵੱਡੇ ਭਾਅ ਜੀ ਕੋਲ ਲੁਧਿਆਣੇ ਚਲਾ ਗਿਆ ਸੀ। ਸੋ, ਆਪਣੇ ਚੌਹਾਂ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਧ ਸਮਾਂ ਬੀਬੀ ਜੀ ਅਤੇ ਬਾਪੂ ਜੀ ਦੀ ਸੰਗਤ ਦਾ ਪਿੰਡ ਵਿੱਚ ਜਾਂ ਬਟਾਲੇ ਰਹਿੰਦਿਆਂ ਆਨੰਦ ਵੀ ਮਾਣਿਆ ਸੀ ਅਤੇ ਸਾਂਝੀਆਂ ਦੁੱਖ ਤਕਲੀਫਾਂ ਵੀ ਝੱਲੀਆਂ ਸਨ।
ਖੈਰ! ਵਾਪਸ ਆ ਕੇ ਬੀਬੀ ਜੀ ਦੇ ਦਰਸ਼ਨ ਕੀਤੇ। ਉਹ ਹੁਣ ਸਾਥੋਂ ਸਦਾ ਲਈ ਦੂਰ ਬਹੁਤ ਦੂਰ ਜਾ ਚੁੱਕੇ ਸਨ। ਹਸਪਤਾਲ ਵਾਲਿਆਂ ਨੇ ਬੀਬੀ ਜੀ ਦੀ ਦੇਹ ਨੂੰ ਫਰੀਜ਼ਰ ਵਿੱਚ ਰੱਖ ਦਿੱਤਾ। ਰਾਤ ਬੀਤਣ ਤੇ ਸਵੇਰੇ 13 ਅਪ੍ਰੈਲ 2007 ਨੂੰ ਲੋਕ ਤਾਂ ਵਿਸਾਖੀ ਦਾ ਤਿਉਹਾਰ ਮਨਾਉਣ ਲੱਗੇ ਹੋਏ ਸਨ ਪਰ ਅਸੀਂ ਆਪਣੇ ਬੀਬੀ ਜੀ ਦੀ ਦੇਹ ਨੂੰ ਐਂਬੂਲੈਂਸ ਰਾਹੀਂ ਅੰਤਿਮ ਸੰਸਕਾਰ ਕਰਨ ਲਈ ਬਟਾਲੇ ਲਿਆ ਰਹੇ ਸਾਂ। ਬਟਾਲੇ ਮਨਜੋਤ ਨੇ ਮੇਰੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਕੁਝ ਦੇਰ ਘਰ ਵਿੱਚ ਲੋੜੀਂਦੀਆਂ ਰਸਮਾਂ ਤੋਂ ਬਾਅਦ ਜਲੰਧਰ ਰੋਡ ਉੱਪਰ ਪੁਰੀਆਂ ਵਾਲੇ ਸ਼ਮਸ਼ਾਨ ਘਾਟ ਵਿੱਚ ਬੀਬੀ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਫਿਰ 12 ਅਪ੍ਰੈਲ 2024 ਹੈ। ਕੱਲ੍ਹ 13 ਅਪ੍ਰੈਲ 2024 ਨੂੰ ਲੋਕ ਤਾਂ ਵਿਸਾਖੀ ਦਾ ਤਿਉਹਾਰ ਮਨਾਉਣਗੇ, ਪਰ ਅੱਜ ਮੈਂ ਇੱਕਲਾ ਘਰ ਬੈਠਾ ਕਦੇ ਉਹਨਾਂ ਨੂੰ ਯਾਦ ਕਰਕੇ ਰੋ ਲੈਂਦਾਂ ਹਾਂ ਅਤੇ ਮੁੜ ਇਹ ਸੋਚ ਕੇ ਚੁੱਪ ਕਰ ਜਾਂਦਾ ਹਾਂ ਕਿ ਕਿਧਰੇ ਮੇਰੇ ਨਜ਼ਦੀਕੀ ਇਹ ਨਾ ਕਹਿਣ ਕਿ “ਇਸ ਦੀ ਮਾਂ ਅਨੋਖੀ ਮਰੀ ਹੈ, ਸਾਰਿਆਂ ਦੇ ਹੀ ਮਾਂ ਬਾਪ ਇਕ ਨਾ ਇਕ ਦਿਨ ਮਰਨੇ ਹੁੰਦੇ ਹਨ। ਸੰਸਾਰ ਵਿੱਚ ਤਾਂ ਮਰਨ ਜੰਮਣ ਬਣਿਆ ਹੋਇਆ ਹੈ।” ਪਰ ਇਸ ਵਕਤ ਮੈਨੂੰ ਬਾਬੂ ਸਿੰਘ ਮਾਨ ਦੇ ਲਿਖੇ ਤੇ ਨਰਿੰਦਰ ਬੀਬਾ ਜੀ ਦੇ ਗਾਏ ਗੀਤ ਦੀਆਂ ਇਹ ਸਤਰਾਂ ਬਾਰ ਬਾਰ ਯਾਦ ਆ ਰਹੀਆਂ ਹਨ।
ਹੱਥੀਂ ਤੋਰੇ ਸੱਜਣਾਂ ਨੂੰ
ਨਾਲੇ ਯਾਦ ਕਰਾਂ, ਨਾਲੇ ਰੋਵਾਂ।
🎾
ਪ੍ਰੋ ਸੁਖਵੰਤ ਸਿੰਘ ਗਿੱਲ
167 , ਅਰਬਨ ਐਸਟੇਟ, ਬਟਾਲਾ(ਗੁਰਦਾਸਪੁਰ)
ਸੰਪਰਕਃ 9417234744