ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ। ਹਰ ਇਨਸਾਨ ਨੂੰ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਇਨਸਾਨ ਸਮੱਸਿਆਵਾਂ ਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ, ਉਹ ਹਮੇਸ਼ਾ ਸੱਚ ਉਪਰ ਪਹਿਰਾ ਦੇਣ ਨੂੰ ਤਰਜੀਹ ਦਿੰਦਾ ਹੈ। ਬੀਬੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ. ਇੱਕ ਅਜਿਹੀ ਸ਼ਖ਼ਸ਼ੀਅਤ ਸੀ, ਜਿਹੜੀ ਆਪਣੀ ਹਿੰਮਤ ਅਤੇ ਹੌਸਲੇ ਨਾਲ ਗੁਰਬਤ ਦੀ ਜ਼ਿੰਦਗੀ ਨੂੰ ਵੀ ਸੁਖਾਲਾ ਬਣਾਉਣ ਵਿਚ ਸਫਲ ਹੋਈ। ਉਸ ਨੇ ਜ਼ਮੀਨੀ ਹਕੀਕਤਾਂ ਦਾ ਮੁਕਾਬਲਾ ਕਰਦਿਆਂ ਗੁਰਬਾਣੀ ਨੂੰ ਆਪਣਾ ਮਾਰਗ ਦਰਸ਼ਕ ਬਣਾਇਆ, ਜਿਸ ਦੇ ਨਾਲ ਉਸ ਨੇ ਸਬਰ ਤੇ ਸੰਤੋਖ਼ ਦਾ ਪੱਲਾ ਫੜਕੇ ਗ਼ਮੀ ਨੂੰ ਖ਼ੁਸ਼ੀ ਵਿਚ ਬਦਲਣ ਦੇ ਸਮਰੱਥ ਹੋਈ। ਉਸ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਢਕੋਵਾਲ ਵਿਖੇ ਰਾਮਗੜ੍ਹੀਆ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਵਿਚ ਹਰਨਾਮ ਸਿੰਘ ਅਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਉਸ ਦਾ ਪਿਤਾ ਪਹਿਲਾਂ ਫ਼ੌਜ ਅਤੇ ਬਾਅਦ ਵਿਚ ਨੰਗਲ ਡੈਮ ਅਤੇ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਸੇਵਾ ਕਰਦੇ ਰਹੇ ਸਨ। ਇਸ ਲਈ ਗੁਰਦੇਵ ਕੌਰ ਖ਼ਾਲਸਾ ਨੂੰ ਵੀ ਪਰਿਵਾਰ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਚਰਨ ਦਾ ਮੌਕਾ ਮਿਲਦਾ ਰਿਹਾ, ਜਿਸ ਕਰਕੇ ਉਸ ਦੀ ਜਾਣਕਾਰੀ ਵਿਚ ਕਾਫੀ ਵਾਧਾ ਹੋਇਆ। ਉਸ ਦੇ ਪੇਕਿਆਂ ਦਾ ਦਿਹਾਤੀ ਪਰਿਵਾਰ ਵਿਚੋਂ ਹੋਣ ਕਰਕੇ ਉਸ ਦੀ ਰੋਜ਼ਾਨਾ ਜ਼ਿੰਦਗੀ ਵਿਚ ਪੁਰਾਤਨ ਪਰੰਪਰਾਵਾਂ ਅਤੇ ਵਿਚਾਰਾਂ ਵਿਚ ਨੈਤਿਕਤਾ ਦਾ ਗਹਿਰਾ ਪ੍ਰਭਾਵ ਵਿਖਾਈ ਦਿੰਦਾ ਸੀ। ਉਹ ਮਿਡਲ ਤੋਂ ਬਾਅਦ ਪਰਿਵਾਰਿਕ ਮਜ਼ਬੂਰੀਆਂ ਅਤੇ ਜ਼ਿੰਮੇਵਾਰੀਆਂ ਕਰਕੇ ਆਪਣੀ ਪੜ੍ਹਾਈ ਜ਼ਾਰੀ ਨਾ ਰੱਖ ਸਕੀ। ਉਸ ਦਾ ਵਿਆਹ ਅੱਲ੍ਹੜ੍ਹ ਉਮਰ ਵਿਚ ਹੀ ਚੱਬੇਵਾਲ ਦੇ ਕੋਲ ਬਿਹਾਲਾ ਪਿੰਡ ਦੇ ਅਜੀਤ ਸਿੰਘ ਨਾਲ ਹੋ ਗਿਆ ਸੀ। ਗੁਰਦੇਵ ਕੌਰ ਖ਼ਾਲਸਾ ਦੇ ਤਿੰਨ ਧੀਆਂ ਅਤੇ ਇੱਕ ਲੜਕਾ ਪੈਦਾ ਹੋਇਆ, ਲੜਕਾ ਬਚਪਨ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ। ਉਦਾਸੀ ਦੇ ਆਲਮ ਵਿਚ ਉਸ ਨੇ ਜ਼ਿੰਦਗੀ ਬਸਰ ਕਰਨੀ ਸ਼ੁਰੂ ਕੀਤੀ ਪ੍ਰੰਤੂ ਜਲਦੀ ਹੀ ਗੁਰਬਾਣੀ ਦੇ ਲੜ ਲੱਗਣ ਕਰਕੇ ਵਾਹਿਗੁਰੂ ਦੀ ਰਜਾ ਵਿਚ ਰਹਿਣ ਨੂੰ ਪ੍ਰਵਾਨ ਕਰ ਲਿਆ। ਵਿਵਾਹਿਕ ਜ਼ਿੰਦਗੀ ਵਿੱਚ ਉਸ ਨੂੰ ਸਾਂਝੇ ਪਰਿਵਾਰ ਦੀਆਂ ਖ਼ੁਸ਼ੀਆਂ- ਗ਼ਮੀਆਂ ਅਤੇ ਦੁੱਖ-ਸੁੱਖ ਸਹਿਣ ਕਰਨ ਦਾ ਗਹਿਰਾ ਤਜ਼ਰਬਾ ਪ੍ਰਾਪਤ ਹੋਇਆ, ਜਿਹੜਾ ਹਰ ਪੰਜਾਬੀ ਪਰਿਵਾਰ ਦੀ ਵਿਰਾਸਤ ਦੀ ਤਰ੍ਹਾਂ ਬਣ ਜਾਂਦਾ ਹੈ। ਜ਼ਿੰਦਗੀ ਦੇ ਅਜਿਹੇ ਕੌੜੇ-ਮਿੱਠੇ ਤਜ਼ਰਬੇ ਹੀ ਇਨਸਾਨ ਨੂੰ ਸਮਾਜ ਵਿੱਚ ਅਜਿਹਾ ਕੁਝ ਕਰਨ ਲਈ ਪ੍ਰੇਰਦੇ ਹਨ, ਜਿਸ ਨਾਲ ਉਹ ਉਸਾਰੂ ਸੋਚ ਅਪਣਾ ਕੇ ਕਾਬਲੇ ਤਾਰੀਫ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ। ਫਿਰ ਇਨਸਾਨ ਨੂੰ ਉਸ ਦੀ ਜ਼ਿੰਦਗੀ ਨੂੰ ਜ਼ੋਖ਼ਮ ਵਿੱਚ ਪਾਉਣ ਵਾਲੇ ਲੋਕਾਂ ਦੇ ਕਿਰਦਾਰਾਂ ਨੂੰ ਨਾ ਚਾਹੁੰਦਿਆਂ ਵੀ ਬਰਦਾਸ਼ਤ ਕਰਨ ਦੀ ਸ਼ਕਤੀ ਮਿਲ ਜਾਂਦੀ ਹੈ। ਅਜਿਹੇ ਹਾਲਾਤ ਉਸ ਨੂੰ ਚੰਗੇ ਰਸਤੇ ਪਾਉਣ ਦਾ ਕਾਰਨ ਬਣਦੇ ਹਨ। ਪਰਿਵਾਰ ਦੀਆਂ ਇਨ੍ਹਾਂ ਦਿਲ ਨੂੰ ਹਲੂਣਨ ਵਾਲੀਆਂ ਪ੍ਰਸਥਿਤੀਆਂ ਨੇ ਗੁਰਦੇਵ ਕੌਰ ਖਾਲਸਾ ਨੂੰ ਕਵਿਤਾਵਾਂ ਲਿਖਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਹਾਲਾਤਾਂ ਨੂੰ ਹੀ ਉਸ ਨੇ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਸੀ। ਪਰਿਵਾਰ ਵਿੱਚੋਂ ਸੱਸ-ਸਹੁਰੇ ਵੱਲੋਂ ਦੁੱਖ ਦੇ ਸੰਤਾਪ ਮੌਕੇ ਸਹਿਯੋਗ ਵੀ ਬਥੇਰਾ ਮਿਲਿਆ।
ਬੀਬੀ ਗੁਰਦੇਵ ਕੌਰ ਖ਼ਾਲਸਾ ਸਿੱਖੀ ਸੋਚ ਨੂੰ ਪ੍ਰਣਾਈ ਹੋਈ ਕਵਿਤਰੀ ਸੀ। ਸਿੱਖੀ ਦੇ ਮਾਹੌਲ ਅਤੇ ਵਾਤਵਰਨ ਵਿਚ ਜੰਮ੍ਹੀ ਪਲੀ ਅਤੇ ਪ੍ਰਪੱਕ ਹੋਣ ਕਰਕੇ ਉਹ ਸਿੱਖ ਇਤਿਹਾਸ ਦੀ ਭਰਪੂਰ ਜਾਣਕਾਰੀ ਰੱਖਦੀ ਸੀ। ਇਸ ਕਰਕੇ ਉਹ ਸਿੱਖੀ ਸੰਕਲਪ, ਵਿਚਾਰਧਾਰਾ, ਪਰੰਪਰਾਵਾਂ ਅਤੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਦੀ ਸੀ, ਜਿਹੜੀਆਂ ਸਿੱਖ ਧਰਮ ਦੇ ਅਨੁਆਈਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਉਸ ਦੀਆਂ ਕਵਿਤਾਵਾਂ ਖਾਸ ਤੌਰ ‘ਤੇ ਸਿੱਖੀ ਸੋਚ ਨੂੰ ਤਿਆਗ ਕੇ ਡੇਰਿਆਂ ਦੇ ਮਗਰ ਲੱਗਣ ਵਾਲੇ ਸਿੱਖਾਂ ਨੂੰ ਹਲੂਨਣ ਵਾਲੀਆਂ ਹਨ ਤਾਂ ਜੋ ਧਰਮ ਦੇ ਨਾਂ ਤੇ ਸਥਾਪਤ ਕੀਤੀਆਂ ਦੁਕਾਨਦਾਰੀਆਂ ਲੋਕਾਂ ਨੂੰ ਗੁਮਰਾਹ ਕਰਨ ਵਿਚ ਸਫਲ ਨਾ ਹੋ ਸਕਣ। ਇਸ ਤੋਂ ਇਲਾਵਾ ਉਨ੍ਹਾਂ ਲੋਕ ਮਸਲਿਆਂ ਨਾਲ ਸੰਬੰਧਤ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਧਾਰਮਿਕ ਸਟੇਜਾਂ ਖਾਸ ਤੌਰ ਸਿੱਖ ਸਿਧਾਂਤਾਂ ਨਾਲ ਸੰਬੰਧਤ ਤਿਥ ਤਿਓਹਾਰਾਂ ਦਾ ਸ਼ਿੰਗਾਰ ਬਣਨ ਲੱਗੀਆਂ। ਉਸ ਦੀਆਂ ਕਵਿਤਾਵਾਂ ਵਿਚੋਂ ਆਪ ਮੁਹਾਰੇ ਸ਼ੂਕਦੇ ਦਰਿਆ ਦੀਆਂ ਲਹਿਰਾਂ ਦੀ ਤਰ੍ਹਾਂ ਮਨ ਦੀਆਂ ਤਰੰਗਾਂ ਉਠਦੀਆਂ ਹੋਈਆਂ ਸਰਸਰਾਹਟ ਪੈਦਾ ਕਰਦੀਆਂ ਹਨ ਅਤੇ ਸਮਾਜਿਕ ਦਰਦ ਦੇ ਵਿਛੋੜੇ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਅਜਿਹੇ ਹਾਲਾਤ ਦਾ ਸਾਹਮਣਾ ਕਰਦਿਆਂ ਹੀ ਉਸ ਦੀ ਕਲਪਨਾ ਨੇ ਕਵਿਤਾ ਦਾ ਰੂਪ ਧਾਰਨ ਕਰ ਲਿਆ ਸੀ। ਸ਼ੁਰੂ ਵਿਚ ਉਹ ਆਪਣੀਆਂ ਕਵਿਤਾਵਾਂ ਪਰਿਵਾਰ ਤੋਂ ਛੁਪਾ ਕੇ ਰੱਖਦੀ ਰਹੀ ਅਤੇ ਆਪਣਾ ਦੁੱਖ ਵੀ ਉਸ ਸਮੇਂ ਜ਼ਾਹਰ ਨਾ ਕਰ ਸਕਦੀ, ਕਿਉਂਕਿ ਉਹ ਜ਼ਮਾਨਾ ਇਸਤਰੀਆਂ ਦੀ ਗ਼ੁਲਾਮੀ ਦਾ ਸੀ ਜਾਂ ਇਉਂ ਕਹਿ ਲਵੋ ਸ਼ਿਸ਼ਟਾਚਾਰ ਕਰਕੇ ਸਾਂਝੇ ਪਰਿਵਾਰਾਂ ਵਿਚ ਆਪਣੀਆਂ ਭਾਵਨਾਵਾਂ ਦਾ ਇਸਤਰੀਆਂ ਪ੍ਰਗਟਾਵਾ ਕਰਨ ਤੋਂ ਝਿਜਕਦੀਆਂ ਰਹਿੰਦੀਆਂ ਸਨ। ਬੀਬੀ ਖਾਲਸਾ ਸੰਤਾਪ ਦੀ ਪੀੜਾ ਨੂੰ ਅੰਦਰੋ ਅੰਦਰ ਰੱਖ ਕੇ ਕੁੜ੍ਹਦੀ ਰਹਿੰਦੀ ਸੀ। ਸੱਸ-ਸਹੁਰੇ ਦੀ ਆਸ਼ੀਰਵਾਦ ਵੀ ਕਵਿਤਾਵਾਂ ਵਿਚੋਂ ਝਲਕਦੀ ਹੈ। ਗੁਰਦੇਵ ਕੌਰ ਖਾਲਸਾ ਦੀਆਂ ਕਵਿਤਾਵਾਂ ਦੀ ਕਮਾਲ ਇਹ ਸੀ ਕਿ ਉਹ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਮਾਨਸਿਕ ਅਤੇ ਭਾਵਨਾਤਮਿਕ ਜ਼ਿਆਦਤੀਆਂ ਨੂੰ ਵੀ ਰੋਮਾਂਟਿਕ ਢੰਗ ਨਾਲ ਪ੍ਰਗਟਾਉਣ ਦੀ ਥਾਂ ਗੁਰਮਤਿ ਦੀ ਚਾਸ਼ਣੀ ਵਿਚ ਡੋਬ ਕੇ ਗੁਰਬਾਣੀ ਦੀ ਓਟ ਲੈਂਦੀ ਹੋਈ, ਉਸ ਪਰਮ ਪਰਮਾਤਮਾ ਅੱਗੇ ਅਜਿਹੀਆਂ ਪੀੜਾਂ ਅਤੇ ਦੁੱਖਾਂ -ਕਲੇਸ਼ਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਮੰਗਣ ਵਾਲੀਆਂ ਕਵਿਤਾਵਾਂ ਲਿਖਦੀ ਰਹੀ। 18 ਸਾਲ ਦੀ ਉਮਰ ਤੋਂ ਲਿਖਣਾ ਸ਼ੁਰੂ ਕਰਕੇ 80 ਸਾਲ ਦੀ ਉਮਰ ਤੱਕ ਲਗਾਤਾਰ ਧਾਰਮਿਕ ਰੰਗਤ ਵਾਲੀਆਂ ਕਵਿਤਾਵਾਂ ਲਿਖਦੀ ਆ ਰਹੀ ਸੀ। ਉਹ ਮਹਿਸੂਸ ਕਰਦੀ ਸੀ ਕਿ ਗੁਰਬਾਣੀ ਇਕੱਲਤਾ ਦਾ ਸਹਾਰਾ ਹੈ, ਇਸ ਲਈ ਨਾਮ ਜਪਕੇ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਜਿਓਣੀ ਚਾਹੀਦੀ ਹੈ ਕਿਉਂਕਿ ਇਨਸਾਨੀ ਜੀਵਨ ਇੱਕ ਵਾਰ ਹੀ ਮਿਲਦਾ ਹੈ। ਇਸਦਾ ਆਨੰਦ ਮਾਨਣਾ ਚਾਹੀਦਾ ਹੈ, ਝੁਰ-ਝੁਰ ਕੇ ਜੀਵਨ ਜਿਓਣ ਦੀ ਲੋੜ ਨਹੀਂ। ਆਪਣੀ ਸੋਚ ਉਸਾਰੂ ਰੱਖਣੀ ਚਾਹੀਦੀ ਹੈ ਤਾਂ ਹੀ ਇਨਸਾਨ ਸਿਰਜਣਾਤਮਕ ਕੰਮ ਕਰ ਸਕਦਾ ਹੈ। ਧਾਰਮਿਕ ਕਵਿਤਾਵਾਂ ਲਿਖਣਾ ਵੀ ਉਸਾਰੂ ਕੰਮ ਹੈ, ਜਿਸ ਨਾਲ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ ਜਾ ਸਕਦਾ ਹੈ। ਇਨਸਾਨ ਦੀ ਸੋਚ ਨਾਕਾਰਾਤਮਿਕ ਨਹੀਂ ਹੋਣੀ ਚਾਹੀਦੀ। ਸੱਚ ਦਾ ਮਾਰਗ ਸਫਲਤਾ ਦੀ ਕੁੰਜੀ ਹੈ। ਇੱਕ ਝੂਠ ਨੂੰ ਛੁਪਾਉਣ ਲਈ ਅਨੇਕ ਵਾਰ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਇਨਸਾਨ ਨੂੰ ਗੁਰੂ ਦੇ ਲੜ ਲੱਗਣ ਨਾਲ ਚੜ੍ਹਦੀ ਕਲਾ ਵਿਚ ਰਹਿਣ ਦੀ ਸ਼ਕਤੀ ਮਿਲਦੀ ਹੈ। ਇਨ੍ਹਾਂ ਕਵਿਤਾਵਾਂ ਨੂੰ ਉਹ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਾਂ ਅਤੇ ਰੇਡੀਓਜ਼ ਤੋਂ ਪੜ੍ਹਦੀ ਆ ਰਹੀ ਸੀ।
ਉਸ ਦੀਆਂ ਧੀਆਂ ਸੁਖਵਿੰਦਰ ਕੌਰ ਚਾਨਾ ਅਤੇ ਪਰਵਿੰਦਰ ਕੌਰ, ਉਸ ਦੀ ਜ਼ਿੰਦਗੀ ਵਿਚ ਸਹਾਈ ਹੋ ਰਹੀਆਂ ਸਨ। ਉਸ ਦੀ ਧੀ ਸੁਖਵਿੰਦਰ ਕੌਰ ਚਾਨਾ ਅਤਿ ਮੁਸ਼ਕਲ ਪਰਿਵਾਰਿਕ ਦਰਦ ਦੀ ਚੀਸ ਨੂੰ ਮਹਿਸੂਸ ਕਰਦੀ ਹੋਈ, 25 ਸਾਲ ਪਹਿਲਾਂ ਆਪਣੀ ਮਾਂ ਨੂੰ ਅਮਰੀਕਾ ਲੈ ਗਈ ਸੀ। ਸੁਖਵਿੰਦਰ ਕੌਰ ਚਾਨਾ ਨੇ ਗੁਰਦੇਵ ਕੌਰ ਖਾਲਸਾ ਦੇ ਸਾਰੇ ਦੁੱਖ ਪੁੱਤਰ ਤੋਂ ਵੀ ਵੱਧ ਪਿਆਰ, ਸਤਿਕਾਰ ਅਤੇ ਸੇਵਾ ਕਰਕੇ ਦੂਰ ਕੀਤੇ। ਉਸ ਦੀ ਹਰ ਖਾਹਸ਼ ਪੂਰੀ ਕੀਤੀ। ਹੁਣ ਉਸ ਲਈ ਆਧੁਨਿਕ ਸਹੂਲਤਾਂ ਵਾਲੀ ਕੋਠੀ ਹੁਸ਼ਿਆਰਪੁਰ ਵਿਖੇ ਖ੍ਰੀਦ ਕੇ ਦਿੱਤੀ ਸੀ, ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਇਸ ਕੋਠੀ ਵਿੱਚ ਰਹਿਣ ਦਾ ਆਨੰਦ ਸਿਰਫ 6 ਮਹੀਨੇ ਹੀ ਮਾਣ ਸਕੀ। ਭਾਵੇਂ ਉਹ ਕਾਫੀ ਸਮਾਂ ਅਮਰੀਕਾ ਵਿਚ ਕੈਲੇਫੋਰਨੀਆ ਰਾਜ ਦੇ ਬੇਅ ਏਰੀਆ ਵਿਚ ਸਨੀਵੇਲ ਸ਼ਹਿਰ ਵਿਚ ਆਪਣੀ ਧੀ ਦੇ ਪਰਿਵਾਰ ਨਾਲ ਰਹੀ। ਪ੍ਰੰਤੂ ਪੰਜਾਬ ਦੀ ਜਨਮ ਤੇ ਕਰਮ ਭੂਮੀ ਦੀ ਮਿੱਟੀ ਦਾ ਮੋਹ ਉਸ ਨੂੰ ਪੰਜਾਬ ਖਿੱਚ ਲਿਆਉਂਦਾ ਰਿਹਾ। ਪਿਛਲੇ 6 ਮਹੀਨੇ ਤੋਂ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੀ ਸੀ। ਉਸ ਦੀ ਸਿਹਤ ਵੀ ਨਾਸਾਜ਼ ਚਲ ਰਹੀ ਸੀ। ਸੁਖਵਿੰਦਰ ਕੌਰ ਚਾਨਾ ਆਪਣੀ ਮਾਂ ਦੀ ਮਿਜ਼ਾਜ਼ਪੁਰਸ਼ੀ ਲਈ ਅਮਰੀਕਾ ਤੋਂ ਆਈ ਸੀ ਪ੍ਰੰਤੂ ਉਸ ਦੇ ਵਾਪਸ ਅਮਰੀਕਾ ਜਾਣ ਤੋਂ ਬਾਅਦ ਬੀਬੀ ਗੁਰਦੇਵ ਕੌਰ ਖਾਲਸਾ 11 ਅਪ੍ਰੈਲ 2024 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ ਹਨ। ਸਵਰਗਵਾਸ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਸ ਦਾ ਕਾਵਿ ਸੰਗ੍ਰਹਿ ‘ਮੇਰੇ ਬੁਲੰਦ ਸੁਨੇਹੇ’ ਪ੍ਰਕਾਸ਼ਤ ਹੋਇਆ ਹੈ।
ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡਪਾਠ ਦਾ ਭੋਗ ਅਤੇ ਕੀਰਤਨ 21 ਅਪ੍ਰੈਲ 2024 ਦਿਨ ਐਤਵਾਰ ਨੂੰ ਕਲਗੀਧਰ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਵਿਖੇ 11.30 ਤੋਂ 1.00 ਵਜੇ ਤੱਕ ਹੋਵੇਗਾ।
ਤਸਵੀਰ: ਗੁਰਦੇਵ ਕੌਰ ਖਾਲਸਾ

ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com