ਤਰਕਸ਼ੀਲਾਂ ਵੱਲੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਮੰਗ
ਪਰਿਵਾਰਕ ਮਿਲਣੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ
ਸੰਗਰੂਰ 22 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕੱਤਰਤਾ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਸੀਤਾ ਰਾਮ ਬਾਦਲ ਕਲਾਂ ਤੇ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਮਾਜ ਵਿਚ ਦਿਨੋਂ ਦਿਨ ਵਧ ਰਹੀਆਂ ਮਾਨਸਿਕ ਸਮੱਸਿਆਵਾਂ ਉਨ੍ਹਾਂ ਦੇ ਹਲ ਸਬੰਧੀ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨਾਲ ਸੰਬੰਧਿਤ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਆਯੋਜਿਤ ਕੀਤੇ ਜਾਂਦੇ ਸੈਮੀਨਾਰਾਂ ਅਤੇ ਸਟੱਡੀ ਸਰਕਲ ਦਾ ਹਿੱਸਾ ਬਣਾ ਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ।
ਤਰਕਸ਼ੀਲ ਮੈਗਜ਼ੀਨ ਸੁਸਾਇਟੀ ਦੀ ਵਿਗਿਆਨਕ ਵਿਚਾਰਧਾਰਾ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ ਇਸ ਨੂੰ ਹਰ ਪਿੰਡ,ਕਸਬੇ,ਲਾਇਬ੍ਰੇਰੀ,ਦਫਤਰ ਅਤੇ ਕਾਰਖਾਨਿਆਂ ਤਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਜੁਟਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਤਰਕਸ਼ੀਲ ਕਾਰਕੁੰਨਾਂ ਵਿੱਚ ਚਿੰਤਨ, ਅਧਿਐਨ ਅਤੇ ਸਵੈ ਚਿੰਤਨ ਦੀ ਭਾਵਨਾ ਵਿਕਸਤ ਕਰਨ ਦੀ ਲੋੜ ਹੈ।
ਤਰਕਸ਼ੀਲ ਕਾਰਕੁੰਨਾਂ ਵਿਚ ਸਮਰਪਣ ਅਤੇ ਚਿੰਤਨ ਦੀ ਭਾਵਨਾ ਪੈਦਾ ਕਰਨ ਲਈ ਵਿਗਿਆਨਕ ਸਾਹਿਤ ਦੇ ਇਲਾਵਾ ਵਿਰੋਧੀ ਵਿਚਾਰਧਾਰਾ ਦੇ ਸਾਹਿਤ ਦਾ ਅਧਿਐਨ ਕਰਨ ਦੀ ਵੀ ਲੋੜ ਹੈ ਤਾਂ ਕਿ ਵਿਰੋਧੀਆਂ ਵਲੋਂ ਫੈਲਾਏ ਜਾਂਦੇ ਗੁੰਮਰਾਹਕੁੰਨ ਫ਼ਿਰਕੂ ਪ੍ਰਚਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ ਜਾ ਸਕੇ।
ਮੀਟਿੰਗ ਵਿੱਚ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ,ਫ਼ਿਰਕੂ ਨਫ਼ਰਤੀ ਭਾਸ਼ਣ ਕਰਨ ਉਤੇ ਸਖ਼ਤ ਪਾਬੰਦੀ ਲਗਾਉਣ, ਤਰਕਸ਼ੀਲ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉਤੇ ਧਾਰਾ 295 ਅਤੇ 295 ਏ ਹੇਠ ਦਰਜ ਝੂਠੇ ਅਤੇ ਨਜਾਇਜ਼ ਕੇਸਾਂ ਨੂੰ ਤੁਰੰਤ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਮੀਟਿੰਗ ਵਿੱਚ 8 ਇਕਾਈਆਂ ਤੇ ਆਧਾਰਿਤ ਜ਼ੋਨ ਵੱਲੋਂ ਕਰਵਾਈ ਜਾਣ ਵਾਲ਼ੀ ਪਰਿਵਾਰਕ ਮਿਲਣੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਰਮਿੰਦਰ ਸਿੰਘ ਮਹਿਲਾਂ, ਸੁਖਵਿੰਦਰ ਸਿੰਘ,ਗੁਰਦੀਪ ਸਿੰਘ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ ਨੇ ਸ਼ਮੂਲੀਅਤ ਕੀਤੀ।