ਮੁੰਬਈ ਸ਼ਹਿਰ ਦੀ ਜ਼ਿੰਦਗੀ ਤੇ ਅਧਾਰਿਤ
ਮਹਾਂਨਗਰਾਂ ‘ਚ ਵਸਦੀ ਭੀੜ ਵਿਚ ਭਾਵੇਂ ਬੰਦਾ ਚਾਰੇ ਪਾਸਿਉਂ ਹਰ ਵਕਤ ਘਿਰਿਆ ਰਹਿੰਦਾ ਹੈ ਪਰ ਅੰਦਰੋਂ ਅੰਦਰ ਉਹ ਹਮੇਸ਼ਾ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ। ਮਹਾਂਨਗਰ ‘ਚ ਰਹਿੰਦੇ ਲੋਕਾਂ ਨੂੰ ਕਦੀ ਵੀ ਕਿਸੇ ਕੋਲ ਬੈਠ ਕੇ ਆਪਣੇ ਦੁਖ ਸਾਂਝੇ ਕਰਨ ਦੀ ਵੇਹਲ ਹੀ ਨਹੀਂ ਹੁੰਦੀ। ਪਰ ਫਿਰ ਵੀ ਕੁਝ ਸੰਵੇਦਨਸ਼ੀਲ ਵਿਅਕਤੀ, ਜੋ ਆਪ ਅੰਦਰੋਂ ਦੁਖੀ ਹੋ ਕੇ ਟੁੱਟੇ ਹੋਏ ਲੱਗਦੇ ਹਨ ਉਨ੍ਹਾਂ ਦਾ ਕਿਸੇ ਵੀ ਹੋਰ ਦੁਖੀ ਬੰਦੇ ਨੂੰ ਵੇਖਕੇ ਦਿਲ ਪਸੀਜ ਜਾਂਦਾ ਹੈ। ਆਪਣੀ ਇਸ ਕਮਜ਼ੋਰੀ ਕਰਕੇ ਅਨਜਾਣ ਲੋਕਾਂ ਨੂੰ ਵੀ ਆਪਣਾ ਸਮਝਣ ਲਗ ਪੈਂਦੇ ਹਨ। ਵੱਡੇ ਸ਼ਹਿਰਾਂ ਦੀਆਂ ਵੱਡੀਆਂ ਗੱਲਾਂ ਹੀ ਹੁੰਦੀਆਂ ਹਨ।
ਬਾਬਾ ਨਾਨਕ ਨੇ ਠੀਕ ਹੀ ਕਿਹਾ ਸੀ ‘ ਦੇਖ ਮਰਦਾਨਿਆ ਰੰਗ ਕਰਤਾਰ ਦੇ ‘।
ਮਹਾਂਨਗਰਾਂ ‘ਚ ਰਹਿੰਦਿਆਂ – ਰਹਿੰਦਿਆਂ ਮੇਰੇ ਵੇਖਣ ‘ ਚ ਇਹ ਵੀ ਆਇਆ ਹੈ ਕਿ ਕਈ ਲੋਕੀ ਜਦੋਂ ਕਦੀ ਸਾਡੇ ਬਹੁਤ ਨੇੜੇ ਹੁੰਦੇ ਸਨ, ਉਹ ਵੀ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਸਵੈਂ -ਕੇਂਦਰਿਤ ਹੋ ਕੇ ਰਹਿ ਜਾਂਦੇ ਹਨ। ਸਮੇਂ ਦੀ ਧੂੜ ‘ਚ ਪੂਰੀ ਤਰ੍ਹਾਂ ਦੱਬੀ ਰਹਿ ਜਾਂਦੀ ਹੈ। ਸਾਡੇ ਕੋਲ ਏਨੀ ਵਿਹਲ ਹੀ ਨਹੀਂ ਹੁੰਦੀ ਕਿ ਅਸੀਂ ਰਿਸ਼ਤੇ ਨਿਭਾਣ ਵੱਲ ਹੀ ਧਿਆਨ ਦੇਈਏ। ਆਪਸੀ ਦੂਰੀਆਂ ਕੁਝ ਇਸ ਤਰ੍ਹਾਂ ਵੱਧ ਜਾਂਦੀਆਂ ਹਨ ਕਿ ਅਸੀਂ ਜਿਨ੍ਹਾਂ ਤੇ ਕਦੀ ਜਿੰਦ ਜਾਨ ਵਾਰਣ ਲਈ ਤਿਆਰ ਰਹਿੰਦੇ ਹਾਂ, ਵਕਤ ਪਾ ਕੇ ਅਸੀਂ ਉਨ੍ਹਾਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਤੋਂ ਵੀ ਗੁਰੇਜ਼ ਕਰਦੇ ਹਾਂ। ਤਾੜੀ ਦੋ ਹੱਥਾਂ ਨਾਲ ਵਜਦੀ ਹੈ। ਮਹਾਂਨਗਰ ‘ਚ ਰਹਿੰਦਿਆਂ ਲੋਕੀਂ ਤਾੜੀ ਵਜਾਣਾ ਭੁੱਲ ਜਾਂਦੇ ਹਨ। ਕੀ ਲੋੜ ਹੈ ਬੇਵਜ੍ਹਾ ਮੋਬਾਇਲ ‘ਤੇ ਗੱਲਬਾਤ ਤੇ ਵਕਤ ਜ਼ਾਇਆ ਕਰਨ ਦੀ?
ਮਹਾਂਨਗਰਾਂ ‘ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਦੀ ਇਕ ਬਹੁਤ ਵੱਡੀ ਖਸਲਤ ਇਹ ਵੀ ਹੈ ਕਿ ਮਹਾਂਨਗਰ ‘ਚ ਰਹਿੰਦਿਆਂ ਹੋਇਆਂ ਉਹ ਗੁਮਨਾਮ ਹੋ ਕੇ ਵੀ ਬੜੀ ਸ਼ਾਨ ਨਾਲ ਜੀਅ ਸਕਦੇ ਹਨ। ਉਹ ਬਿਲਡਿੰਗ ‘ਚ ਰਹਿ ਕੇ ਵੀ ਬੜੀ ਸ਼ਾਨ ਨਾਲ ਜੀਅ ਸਕਦੇ ਹਨ। ਉਹ ਆਪਣੀ ਬਿਲਡਿੰਗ ‘ਚ ਰਹਿ ਕੇ ਵੀ ਉਹ ਆਪਣੇ ਆਂਢੀਆਂ – ਗਵਾਂਢੀਆਂ ਨਾਲੋਂ ਪੂਰੀ ਤਰ੍ਹਾਂ ਕੱਟ ਕੇ ਵੀ ਰਹਿ ਸਕਦੇ ਹਨ। ਉਨ੍ਹਾਂ ਦੇ ਫਲੈਟਾਂ ਦੇ ਬੂਹੇ ਹਮੇਸ਼ਾ ਹੀ ਬੰਦ ਹੀ ਰਹਿੰਦੇ ਹਨ। ਨਾ ਕੋਈ ਤਹਾਨੂੰ ਡਿਜਟਰਬ ਕਰ ਸਕਦਾ ਹੈ ਤੇ ਨਾ ਹੀ ਤੁਹਾਨੂੰ ਇਸ ਗੱਲ ਦੀ ਖੁੱਲ੍ਹ ਹੈ ਕਿ ਤੁਸੀਂ ਗਵਾਂਢੀ ਦੇ ਫਲੈਟ ਦੀ ਘੰਟੀ ਵਜਾ ਕੇ ਉਸ ਦੇ ਘਰ ਚਲੇ ਜਾਉ। ਹਰ ਇਕ ਦੀ ਜ਼ਿੰਦਗੀ ਭੇਤ ਭਰੀ ਹੀ ਬਣੀ ਰਹਿੰਦੀ ਹੈ। ਨਾ ਤਾਂ ਕੋਈ ਤੁਹਾਡੀ ਜ਼ਿੰਦਗੀ ‘ਚ ਦਖਲਅੰਦਾਜ਼ੀ ਨੂੰ ਕੋਈ ਵੀ ਬਰਦਾਸ਼ਤ ਕਰਦਾ ਹੈ। ਜਦੋਂ ਤੁਸੀਂ ਘਰੋਂ ਨਿਕਲ ਕੇ ਸੜਕ ਤੇ ਚਲਣ ਲੱਗ ਪੈਂਦੇ ਹੋ ਤੁਸੀਂ ਏਧਰ ਉਧਰ ਭੱਜਦੀ ਭੀੜ ਦਾ ਇਕ ਗੁੰਮਨਾਮ ਹਿੱਸਾ ਬਣ ਜਾਂਦੇ ਹੋ। ਤੁਹਾਡਾ ਚਿਹਰਾ ਜਾਂ ਮਖੌਟਾ ਕਿਹਾ ਜਿਹਾ ਵੀ ਹੋਵੇ। ਤੁਹਾਡਾ ਕੀ ਨਾਂ ਹੈ? ਤੁਸੀਂ ਕੀ ਕਰਦੇ ਹੋ ? ਇਸ ਬਾਰੇ ਕੁਝ ਵੀ ਜਾਣਨ ਦੀ ਕਿਸੇ ਕੋਲ ਥੋੜੀ ਜਿਹੀ ਵੀ ਵੇਹਲ ਨਹੀਂ ਹੁੰਦੀ। ਵੰਨ – ਸੁਵੰਨੇ ਚਿਹਰਿਆਂ ਦੀ ਇਸ ਭੀੜ ਵਿਚ ਗੁੰਮਨਾਮ ਬਣ ਕੇ ਵਿਚਰਦੇ ਰਹਿਣਾ ਵੀ ਮਹਾਂਨਗਰ ਦੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਜਾਂਦਾ ਹੈ।
ਇਸ ਮਹਾਂਨਗਰ ‘ਚ ਇਕੋ ਹੀ ਬਿਲਡਿੰਗ ਵਿਚ ਵਿਚ ਨਾਲੋਂ- ਨਾਲ ਰਹਿਣ ਵਾਲੇ ਗਵਾਂਢੀ ਸਾਲਾਂ ਬੱਧੀ ਨੇੜੇ ਰਹਿੰਦੇ ਹੋਏ ਵੀ ਆਪੋ ਆਪਣੇ ਸਿੱਪੀ ‘ਚ ਕੈਦ ਰਹਿੰਦੇ ਹਨ। ਗਵਾਂਢੀਆਂ ਦੀ ਤਾਂ ਗੱਲ ਛੱਡੋ। ਮਾਂ ਪਿਉ ਦਾ ਇਕੋ ਇਕ ਪੁੱਤਰ ਡਾਕਟਰ ਬਣ ਕੇ ਬਦੇਸ਼ ਚਲਾ ਜਾਂਦਾ ਹੈ ਤੇ ਡਾਕਟਰ ਆਪਣੀ ਪਾਗਲ ਮਾਂ ਦਾ ਇਲਾਜ ਪੂਨਾ ਦੇ ਪਾਗਲਖਾਨੇ ‘ਚ ਰਖ ਕੇ ਕਰਵਾ ਰਿਹਾ ਹੈ। ਬਿਲ ਤਾਰਨਾ ਉਸਦਾ ਪਤੀ ਆਪਣਾ ਕਰਤਵ ਸਮਝਦਾ ਹੈ। ਮਹਾਂਨਗਰ ਦੀ ਜ਼ਿੰਦਗੀ ‘ਚ ਪਰਿਵਾਰਕ ਸਾਂਝ, ਆਪਸੀ ਪਿਆਰ ਤੇ ਮਹੁੱਬਤ ਦੀ ਘਾਟ ਸਾਡੀ ਇਸ ਪੀੜ੍ਹੀ ਦੇ ਸਾਹਮਣੇ ਬੜੀ ਤੀਬਰਤਾ ਨਾਲ ਉਭਰ ਕੇ ਆ ਰਹੀ ਹੈ। ਪਰਿਵਾਰਕ ਕਦਰਾਂ -ਕੀਮਤਾਂ ਦਾ ਘਾਣ ਹੋ ਰਿਹਾ ਹੈ। ਅੱਜ ਹਰ ਕੋਈ ਆਪੋ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਦੂਜਾ ਭਾਵੇਂ ਮਰੇ, ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ।
ਮਹਾਂਨਗਰਾਂ ‘ਚ ਰਹਿੰਦੇ ਸਾਰੇ ਇਨਸਾਨਾਂ ਵਿਚ ਕੁਝ ਅਜਿਹੇ ਵੱਖਰੇ ਲੋਕੀਂ ਵੀ ਹੁੰਦੇ ਹਨ ਜੋ ਆਪਣੇ ਦੋਸਤਾਂ ਮਿੱਤਰਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ -ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਵਿਚ ਮੋਹਨ ਬੱਗੜ, ਹਰਜੀਤ ਵਾਲੀਆ , ਇਕਬਾਲ ਸਿੰਘ ਚਾਨਾ , ਸੁਖਮਿੰਦਰ ਧੰਜਲ ਵਰਗੇ ਅਜਿਹੇ ਨੇਕ ਪੁਰਸ਼ਾਂ ਦੀ ਮੌਜੂਦਗੀ ਸਾਨੂੰ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ।
ਮੁੰਬਈ ਰਹਿੰਦੇ ਮੇਰੇ ਇਕ ਪਰਮ ਮਿੱਤਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੰਗਤ ਜਦੋਂ ਅਸੀਂ ਵਰਸੋਵਾ ਆਪਣੀ ਬਿਲਡਿੰਗ ‘ਚ ਰਹਿਣ ਆਏ ਤਾਂ ਸਮਾਂ ਪਾ ਕੇ ਭਾਵੇਂ ਅਸੀਂ ਇਸ ਨਵੇਂ ਵਾਤਾਵਰਨ ‘ਚ ਕਮਲ ਦੇ ਫੁੱਲ ਵਾਂਗ ਸਮਾ ਗਏ ਪਰ ਜਿਵੇਂ ਵਕਤ ਬੀਤਦਾ ਗਿਆ। ਸਾਨੂੰ ਇਹ ਅਹਿਸਾਸ ਹੋਣ ਲਗ ਪਿਆ ਕਿ ਇਹ ਬਿਲਡਿੰਗ ਨਹੀਂ ਕਬਰਿਸਤਾਨ ਹੈ। ਕਬਰਿਸਤਾਨ ਇਸ ਲਈ ਕਿਉਂਕਿ ਇਸ ਮਹਾਂਨਗਰ ‘ਚ ਰਹਿੰਦਿਆਂ ਰਹਿੰਦਿਆਂ ਹਰ ਪਰਿਵਾਰ ਹੀ ਨਹੀਂ ਹਰ ਵਿਅਕਤੀ ਹੀ ਹਮੇਸ਼ਾ ਸਵੈਂ -ਕੇਂਦਰਿਤ ਹੀ ਰਹਿੰਦਾ ਹੈ। ਕੋਈ ਵੀ ਕਿਸੇ ਹੋਰ ਨਾਲ ਬਹੁਤਾ ਤਾਲ-ਮੇਲ ਰੱਖ ਕੇ ਰਾਜ਼ੀ ਨਹੀਂ ਹੁੰਦਾ। ਫਲੈਟਾਂ ‘ਚ ਰਹਿਣ ਵਾਲੇ ਵਿਅਕਤੀ ਜਦੋਂ ਆਹਮਣੇ ਸਾਹਮਣੇ ਹੁੰਦੇ ਹਨ ਤਾਂ ਕੀ ਮਜ਼ਾਲ ਕਿ ਇਕ ਦੂਜੇ ਨੂੰ ਵੇਖ ਕੇ ਉਹ ਮੁਸਕਾਣ ਦੀ ਕੋਸ਼ਿਸ਼ ਵੀ ਕਰਨ। ਕਈ ਵਾਰ ਮੈਨੂੰ ਲੱਗਦਾ ਹੈ ਕਿ ਇਸ ਬਿਲਡਿੰਗ ਵਿਚ ਰਹਿਣ ਵਾਲੇ ਸਭ ਲੋਕ ਚਲਦੀਆਂ – ਫਿਰਦੀਆਂ ਲਾਸ਼ਾਂ ਜਾਂ ਉਹ ਮੁਰਦੇ ਹਨ, ਜੋ ਮਰ ਕੇ ਵੀ ਸਾਹ ਲੈਂਦੇ ਰਹਿੰਦੇ ਹਨ।
ਵੈਸੇ ਤਾਂ ਮਹਾਂਨਗਰ ‘ਚ ਕੁਝ ਲੋਕ ਉਹ ਵੀ ਹੁੰਦੇ ਹਨ, ਜਿਨ੍ਹਾਂ ਕੋਲ ਆਪਣੀ ਤੇਜ਼ ਰਫ਼ਤਾਰ ਜ਼ਿੰਦਗੀ ‘ਤੇ ਇਕ ਝਾਤ ਮਾਰਨ ਦੀ ਵੀ ਵੇਹਲ ਨਹੀਂ ਹੁੰਦੀ। ਅਜੇਹੇ ਲੋਕ ਸ਼ੇਰ ਦੀ ਸਵਾਰੀ ਕਰਦੇ ਨਜ਼ਰੀਂ ਪੈਂਦੇ ਹਨ। ਉਨ੍ਹਾਂ ਨੂੰ ਇਹ ਡਰ ਖਾਣ ਲਗ ਪੈਂਦਾ ਹੈ ਕਿ ਜੇ ਉਹ ਇਸ ਸ਼ੇਰ ਦੀ ਪਿੱਠ ਤੋਂ ਡਿਗ ਪੈਣਗੇ ਤਾਂ ਸ਼ੇਰ ਉਨ੍ਹਾਂ ਨੂੰ ਖਾ ਜਾਵੇਗਾ। ਬੱਸ ਇਸ ਡਰ ਨਾਲ ਹੀ ਉਹ ਦੋੜਦੇ ਸ਼ੇਰ ਦੀ ਪਿੱਠ ਪਕੜ ਕੇ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ। ਮਹਾਂਨਗਰ ‘ਚ ਰਹਿੰਦਿਆਂ – ਰਹਿੰਦਿਆਂ ਬੰਦੇ ਦੇ ਆਪਣੇ ਵੱਸ ਵਿਚ ਕੁਝ ਵੀ ਤਾਂ ਨਹੀਂ ਰਹਿੰਦਾ। ” ਬੰਦੇ ਖੋਜੁ ਦਿਲ ਹਰ ਰੋਜ” ਦਾ ਨੁਸਖ਼ਾ ਕੋਲ ਹੁੰਦਿਆਂ ਵੀ ਲਾਚਾਰ ਬਣਿਆ ਰਹਿੰਦਾ ਹੈ।

ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202

