ਨਿਰਧਨ ਕੋਲ਼ ਪੈਸਾ ਨਹੀਂ ਹੁੰਦਾ, ਔਖ ‘ਚ ਸਮਾਂ ਬਿਤਾਉਂਦਾ।
ਧਨੀ ਬੰਦਾ ਹੋਰ ਪੈਸੇ ਲਈ, ਰਾਤੀਂ ਉਠ-ਉਠ ਬਹਿੰਦਾ।
ਜੀਵਨ ਕੱਟਣ ਦੇ ਲਈ ਹੋਵੇ, ਪੈਸਾ ਬਹੁਤ ਜ਼ਰੂਰੀ।
ਜੇਬ ‘ਚ ਜੇ ਪੈਸਾ ਨਾ ਹੋਵੇ, ਗੱਲ ਨਾ ਹੁੰਦੀ ਪੂਰੀ।
ਨਾ ਤਾਂ ਪੈਸਾ ਏਨਾ ਹੋਵੇ, ਪਾਣੀ ਵਾਂਗ ਵਹਾਈਏ।
ਏਨਾ ਵੀ ਇਹ ਘੱਟ ਨਾ ਹੋਵੇ, ਹਰ ਵੇਲੇ ਪਛਤਾਈਏ।
ਚੋਰਾਂ, ਰਿਸ਼ਵਤਖੋਰਾਂ ਕੋਲ਼ੇ, ਧਨ ਦੀ ਕਮੀ ਨਾ ਹੋਵੇ।
ਮਾਇਆਧਾਰੀ ਬੰਦਾ ਹਰਦਮ, ਚੈਨ-ਅਰਾਮ ਨੂੰ ਖੋਵੇ।
ਧਨ ਤੇ ਦੌਲਤ ਵਾਲ਼ੇ ਬੰਦੇ, ਹੁੰਦੇ ਅੰਨ੍ਹੇ ਬੋਲ਼ੇ।
ਅਕਸਰ ਮਾਇਆਧਾਰੀ ਪਾਉਂਦੇ, ਤਨ ਤੇ ਚਿੱਟੇ ਚੋਲ਼ੇ।
ਨਿਰਧਨ ਅਤੇ ਅਮੀਰ ਦੋਵੇਂ ਹੀ, ਸੋਚਣ ਪੈਸੇ ਬਾਰੇ।
ਦੋਵੇਂ ਦੁਨੀਆਂ ਵਿੱਚ ਆ ਕੇ ਵੀ, ਲੈ ਨਾ ਸਕਣ ਨਜ਼ਾਰੇ।
ਧਰਮ-ਜਗਤ ਵਿੱਚ ਪੈਸੇ ਨੂੰ, ਆਖਣ ਮੋਹ ਤੇ ਮਾਇਆ।
ਇਹਦੇ ਵੱਸ ‘ਚ ਸਭ ਨੇ ਆ ਕੇ, ਦੀਨ ਤੇ ਦੁਨੀਂ ਗਵਾਇਆ।
ਨਾ ਧਨ ਥੋੜ੍ਹਾ ਚੰਗਾ ਹੋਵੇ, ਨਾ ਚੰਗਾ ਹੈ ਬਹੁਤਾ।
ਜੋ ਇਹਤੋਂ ਨਿਰਲੇਪ ਹੈ ਰਹਿੰਦਾ, ਉਹ ਹੀ ਪਾਂਧੀ ਪਹੁਤਾ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)