ਬਿਨਾਂ ਕਿਤਾਬ ਲਿਖੇ ਰਮੇਸ਼ ਗਰਗ ਦਾ ਨਾਮ ਪੰਜਾਬੀ ਸਾਹਿਤਕਾਰਾਂ ਵਿੱਚ ਬਹੁਤ ਅੱਗੇ ਆ ਰਿਹਾ ਹੈ ਕਿਉਂਕਿ ਉਸ ਦੀਆਂ ਰਚਨਾਵਾਂ ਅਖਬਾਰਾਂ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ਰਮੇਸ਼ ਗਰਗ ਨੇ ਹੁਣ ਤੱਕ ਪੰਜਾਬੀ ਵਿੱਚ 40 ਕਹਾਣੀਆਂ, 15 ਕਾਵਿ ਚਿੱਤਰ, 20-25 ਕਵਿਤਾਵਾਂ, 12 ਕਿਤਾਬਾਂ ਦੀ ਆਲੋਚਨਾਤਮਕ ਵਿਆਖਿਆ, ਕਈ ਪ੍ਰਕਾਰ ਦੇ ਹਾਸ ਵਿਅੰਗ ਤੋਂ ਇਲਾਵਾ ਇੱਕ ਨਾਟਕ ਪਹਿਲਾਂ 'ਲੈਪਟਾਪ' ਤੇ ਹੁਣ ਦੂਸਰਾ ਨਾਟਕ 'ਪਛਤਾਵਾ' ਲਿਖ ਚੁੱਕਿਆ ਹੈ। ਗਰਗ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਕਈ ਸਾਹਿਤਕ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆ ਚੁੱਕੀਆਂ ਹਨ। ਗਰਗ ਨੇ ਪਹਿਲੀ ਕਹਾਣੀ 1979 ਵਿੱਚ ਲਿਖੀ ਸੀ ਜਦੋਂ ਉਹ ਗੌਰਮਿੰਟ ਰਾਜਿੰਦਰਾ ਕਾਲਜ ਵਿੱਚ ਬੀਏ ਦਾ ਵਿਦਿਆਰਥੀ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਹੀ ਰਮੇਸ਼ ਵੱਲੋਂ ਅੱਜ ਤੋਂ 44 ਸਾਲ ਪਹਿਲਾਂ ਡਾ: ਆਤਮਜੀਤ ਜੀ ਦਾ ਲਿਖਿਆ ਨਾਟਕ 'ਸਾਢੇ ਤਿੰਨ ਲੱਤਾਂ ਵਾਲਾ ਮੇਜ਼' ਜੋ ਟੋਨੀ ਬਾਤਿਸ਼ ਨੇ ਨਿਰਦੇਸ਼ਤ ਕੀਤਾ ਸੀ, ਐਮ.ਐਚ.ਆਰ. ਸਕੂਲ ਬਠਿੰਡਾ ਵਿੱਚ ਖੇਡਿਆ ਗਿਆ। ਰਮੇਸ਼ ਦੇ ਨਾਟਕਾਂ ਬਾਰੇ 1981-82 ਵਿੱਚ 42 ਸਾਲ ਪਹਿਲਾਂ ਕਈ ਅਖ਼ਬਾਰਾਂ ਵਿੱਚ ਇਸ ਉੱਪਰ ਆਰਟੀਕਲ ਲੱਗਣੇ ਤੇ ਇਸ ਵੱਲੋਂ ਕੀਤੇ ਨਾਟਕਾਂ ਦੀਆਂ ਤਸਵੀਰਾਂ ਤੇ ਖ਼ਬਰਾਂ ਛਪਣਾ ਇੱਕ ਆਮ ਜਿਹੀ ਗੱਲ ਸੀ। ਰਮੇਸ਼ ਗਰਗ ਸੈਂਕੜੇ ਨਾਟਕਾਂ ਦਾ ਮੰਚਨ ਕਰ ਚੁੱਕਿਆ ਹੈ।
ਰਮੇਸ਼ ਗਰਗ ਦਾ ਲਿਖਿਆ ਨਾਟਕ 'ਲੈਪਟੌਪ' ਸਾਡੇ ਦੇਸ਼ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ ਅਤੇ ਐਜੂਕੇਸ਼ਨ ਸਿਸਟਮ ਉੱਪਰ ਕਰਾਰਾ ਵਿਅੰਗ ਹੈ। ਰਮੇਸ਼ ਗਰਗ ਨਾਟਕ ਦੇ ਹਰ ਪੱਖ ਤੋਂ ਜਾਣਕਾਰੀ ਰੱਖਦਾ ਹੈ। 1980-81 ਵਿੱਚ ਰਮੇਸ਼ ਗਰਗ ਨੇ ਨਾਟਕ ਖੇਡਣ ਦੀ ਝੜੀ ਲਾ ਦਿੱਤੀ ਸੀ। ਇਸ ਦੌਰਾਨ ਉਸਨੇ ਵੀਨਸ ਆਰਟ ਥੀਏਟਰ (ਰਜਿ.) ਬਠਿੰਡਾ ਨਾਲ ਜੁੜ ਕੇ ਜਿਸ ਦਾ ਡਾਇਰੈਕਟਰ ਟੋਨੀ ਬਾਤਿਸ਼ ਸੀ, 10 ਸਾਲ ਲਗਾਤਾਰ ਬਠਿੰਡਾ, ਚੰਡੀਗੜ੍ਹ ਟੈਗੋਰ ਥੀਏਟਰ, ਸੈਂਟਰਲ ਲਾਇਬ੍ਰੇਰੀ ਪਟਿਆਲਾ, ਐਕਸਟੈਂਸ਼ਨ ਲਾਇਬ੍ਰੇਰੀ ਲੁਧਿਆਣਾ, ਬਰਨਾਲਾ, ਰਾਮਪੁਰਾ ਫੂਲ, ਅੰਮ੍ਰਤਸਰ ਸਾਹਿਬ, ਜੈਤੋ, ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਸੈਂਕੜੇ ਨਾਟਕ ਮੰਚਨ ਕੀਤੇ। ਜਿਸ ਵਿੱਚ, ਟੋਭਾ ਟੇਕ ਸਿੰਘ, ਮੁਰਗੀਖ਼ਾਨਾ, ਏਧਰ ਓਧਰ ਕਿੱਥੋਂ ਤੱਕ, ਸਾਢੇ ਤਿੰਨ ਲੱਤਾਂ ਵਾਲਾ ਮੇਜ਼, ਬੇਬੇ, ਬੱਕਰੀ, ਰੇਲ ਗੱਡੀ, ਕਹਾਣੀ ਇੱਕ ਪਿੰਡ ਦੀ ਵਗੈਰਾ ਖੇਡੇ ਗਏ। ਰਮੇਸ਼ ਗਰਗ ਦੇ ਨਾਟਕ, ਭਾਸ਼ਾ ਵਿਭਾਗ ਪੰਜਾਬ ਅਤੇ ਹੋਰ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਵੀ ਆਉਂਦੇ ਰਹੇ ਤੇ ਖ਼ੁਦ ਬੈਸਟ ਐਕਟਰ ਵੀ ਆਉਂਦਾ ਰਿਹਾ।
ਹੁਣ ਰਮੇਸ਼ ਗਰਗ ਨੇ ਪੰਜਾਬੀ ਦਾ ਇੱਕ ਹੋਰ ਨਵਾਂ ਨਾਟਕ ਲਿਖਿਆ ਹੈ ਜਿਸ ਦਾ ਨਾਮ ਹੈ 'ਪਛਤਾਵਾ'। ਇਸ ਨਾਟਕ ਦੀ ਕਹਾਣੀ ਦੱਸਦੀ ਹੈ ਕਿ ਘਰ ਵਿੱਚ ਕੋਈ ਚੀਜ਼ ਗੁਆਚ ਜਾਣ ਤੇ ਸਾਨੂੰ ਬਿਨ੍ਹਾਂ ਵਜ਼ਾ ਘਰ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਵਿਅੱਕਤੀ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ। ਸ਼ੱਕ ਕਰਕੇ ਉਸ ਉੱਪਰ ਇਲਜ਼ਾਮ ਲਾਉਂਣ ਤੋਂ ਬਾਅਦ, ਗੁਆਚੀ ਹੋਈ ਚੀਜ਼ ਦਾ ਘਰ ਵਿਚੋਂ ਹੀ ਮਿਲ ਜਾਣ ਨਾਲ ਸਾਰਿਆਂ ਨੂੰ ਜ਼ਿੰਦਗੀ ਭਰ ਲਈ ਬਹੁਤ ਵੱਡਾ ਪਛਤਾਵਾ ਲੱਗ ਜਾਂਦਾ ਹੈ। ਕਿ ਅਸੀਂ ਐਡਾ ਵੱਡਾ ਇਲਜ਼ਾਮ ਉਸ ਉੱਪਰ ਐਵੇਂ ਹੀ ਥੋਪ ਦਿੱਤਾ ਸੀ। ਜਦੋਂ ਕਿ ਉਹ ਪੂਰਾ ਇਮਾਨਦਾਰ ਤੇ ਨਿਰਦੋਸ਼ ਸੀ। ਰਮੇਸ਼ ਗਰਗ ਦਾ ਕਹਿਣਾ ਹੈ ਕਿ "ਮੇਰੇ ਦੋਵੇਂ ਨਾਟਕ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਉੱਪਰ ਅਧਾਰਿਤ ਹਨ। ਇਹਨਾਂ ਨੂੰ ਮੰਚ ਉੱਪਰ ਖੇਡਣਾ ਬਹੁਤ ਸੌਖਾ ਹੈ। ਕਿਉਂਕਿ ਮੰਚ ਤੇ ਆਉਂਣ ਵਾਲੀਆਂ ਦਿੱਕਤਾਂ ਨੂੰ ਸਾਹਮਣੇ ਰੱਖਕੇ ਹੀ ਦੋਵੇਂ ਨਾਟਕਾਂ ਨੂੰ ਲਿਖਿਆ ਗਿਆ ਹੈ"। ਰਮੇਸ਼ ਨੂੰ ਰੰਗਮੰਚ ਦਾ ਬਹੁਤ ਤਜ਼ਰਬਾ ਹੈ। ਇਸ ਦੇ ਲਿਖੇ ਨਾਟਕਾਂ ਤੋਂ ਦਰਸ਼ਕਾਂ ਨੂੰ ਸਿੱਖਣ ਲਈ ਬਹੁਤ ਕੁਝ ਮਿਲੇਗਾ। ਦੋਵੇਂ ਨਾਟਕ ਦੇਖ ਕੇ ਤੁਹਾਨੂੰ ਲੱਗੇਗਾ ਕਿ ਸਾਡੇ ਸਮਾਜ ਵਿੱਚ ਬਿਲਕੁਲ ਓਵੇਂ ਹੋ ਰਿਹਾ ਹੈ ਜਿਵੇਂ ਨਾਟਕਾਂ ਵਿੱਚ ਦਿਖਾਇਆ ਗਿਆ ਹੈ। ਰਮੇਸ਼ ਗਰਗ ਬਚਪਨ ਤੋਂ ਹੀ ਰੰਗ-ਮੰਚ ਨਾਲ ਜੁੜਿਆ ਹੋਇਆ ਹੈ। ਨਾਟਕਾਂ ਨਾਲ ਸਬੰਧਤ ਲੋਕ, ਰਮੇਸ਼ ਗਰਗ ਨੂੰ ਜ਼ਿਆਦਾਤਰ "ਐਮ.ਐਮ." ਕਹਿਕੇ ਬੁਲਾਉਂਦੇ ਹਨ। ਕਿਉਂਕਿ ਰਮੇਸ਼ ਗਰਗ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਹਾਸਰਸ ਕਲਾਕਾਰ ਸ਼੍ਰੀ ਮਿਹਰ ਮਿੱਤਲ ਜੀ ਦਾ ਸਕਾ ਭਾਣਜਾ ਹੈ। ਰਮੇਸ਼ ਗਰਗ ਐਮ.ਐਮ. ਪੰਜਾਬੀ ਸਾਹਿਤਕਾਰ ਦੇ ਨਾਲ ਨਾਲ ਇੱਕ ਬਹੁਤ ਵਧੀਆ ਐਕਟਰ ਅਤੇ ਸਟੇਜ ਦਾ ਬੁਲਾਰਾ ਵੀ ਹੈ।

ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202