ਡਾ. ਆਸਾ ਸਿੰਘ ਘੁੰਮਣ ਸਿੱਖ ਸਾਹਿਤ ਅਤੇ ਪੰਜਾਬੀ ਸਭਿਆਚਾਰ ਦਾ ਗੌਲਣਯੋਗ ਸਿਰਨਾਵਾਂ ਹੈ। ਉਨ੍ਹਾਂ ਨੇ ਆਪਣੀ ਸੇਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਕਲਰਕ ਸ਼ੁਰੂ ਕੀਤੀ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚਨ ਕਾਲਜ ਬਟਾਲਾ ਤੋਂ ਐਮਏ ਅੰਗਰੇਜ਼ੀ ਤੇ ਫਿਰ ਐਮਫ਼ਿਲ ਕਰਨ ਪਿੱਛੋਂ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ 30 ਸਾਲ ਅੰਗਰੇਜ਼ੀ-ਅਧਿਆਪਕ ਵਜੋਂ ਕਾਰਜ ਕੀਤਾ। ਏਥੇ ਸੇਵਾ ਦੌਰਾਨ ਹੀ ਉਨ੍ਹਾਂ ਨੇ ਪੀਐਚਡੀ ਕੀਤੀ ਅਤੇ ਜੀਟੀਬੀ ਨੈਸ਼ਨਲ ਕਾਲਜ ਮੁੱਲਾਂਪੁਰ ਦਾਖਾ ਵਿਖੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਤੇ 2013 ਵਿੱਚ ਇਸ ਅਹੁਦੇ ਤੋਂ ਸੇਵਾਮੁਕਤ ਹੋਏ।
ਡਾ. ਘੁੰਮਣ ਨੇ ਹੁਣ ਤੱਕ 16 ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਦੀਆਂ 4 (ਪੰਜਾਬ ਦੀਆਂ ਰੁੱਤਾਂ, ਰਾਜੇ ਮਹਿਲੀਂ ਚੰਬਾ ਖਿੜਿਆ, ਸੁੰਦਰ ਮੁੰਦਰੀਏ ਹੋ- ਲੋਹੜੀ ਦੇ ਗੀਤ, ਬਲਿਹਾਰੀ ਕੁਦਰਤ ਵੱਸਿਆ- ਚੇਤਰ ਤੋਂ ਫੱਗਣ); ਸਿੱਖ ਧਰਮ ਤੇ ਸਾਹਿਤ ਦੀਆਂ 4 (ਪੰਜਾਬ ਦਾ ਗੌਰਵ: ਸੁਲਤਾਨਪੁਰ ਲੋਧੀ- ਸੰਪਾਦਨ, ਕੱਤਕ ਕਿ ਵਿਸਾਖ? ਕਿ ਦੋਵੇਂ?, ਸੁਲਤਾਨਪੁਰ ਲੋਧੀ: ਇਤਿਹਾਸਕ ਗੁਰਧਾਮ, ਬਾਬਾ ਮੱਖਣ ਸ਼ਾਹ ਬਨਜਾਰਾ ਅਤੇ ਭਾਈ ਲੱਖੀ ਸ਼ਾਹ ਲੁਬਾਣਾ); ਇੱਕ ਅੰਗਰੇਜ਼ੀ (Khushwant Singh’s novels: an analysis); 3 ਹੋਰ (ਮੇਰਾ ਜਪਾਨੀ ਸਫ਼ਰਨਾਮਾ- ਕੁਕਨੂਸ ਦੇ ਅੰਗਸੰਗ, ਮਹਾਨਤਮ ਸ਼ਖ਼ਸੀਅਤਾਂ- ਅਨੁਵਾਦ, ਅਤੀਤ ਦੇ ਪ੍ਰਛਾਵੇਂ- ਲੇਖ ਸੰਗ੍ਰਹਿ); ਅਤੇ 3 ਦਸਤਾਰ ਨਾਲ ਸੰਬੰਧਿਤ (ਦਾਸਤਾਨ-ਇ-ਦਸਤਾਰ, ਦਸਤੂਰ-ਇ-ਦਸਤਾਰ, ਪੰਜਾਬੀ ਲੋਕਗੀਤਾਂ ਵਿੱਚ ਪੱਗ, ਪਗੜੀ, ਦਸਤਾਰ, ਦਰੀਚਾ-ਏ-ਦਸਤਾਰ) ਸ਼ਾਮਲ ਹਨ।
ਫ਼ਾਰਸੀ-ਪੰਜਾਬੀ ਡਿਕਸ਼ਨਰੀ (ਸੰਪਾਦਕ ਪ੍ਰੋ. ਗੁਲਵੰਤ ਸਿੰਘ) ਅਨੁਸਾਰ ਦਰੀਚਾ ਦਾ ਅਰਥ ਹੈ- ਛੋਟੀ ਦਰਵਾਜ਼ਾ, ਖਿੜਕੀ ਜਾਂ ਬਾਰੀ (ਪੰਨਾ 320)। ਇਸ ਤਰ੍ਹਾਂ ਦਰੀਚਾ-ਏ-ਦਸਤਾਰ ਦਾ ਅਰਥ ਹੋਇਆ ਦਸਤਾਰ ਬਾਰੇ ਸੰਖਿਪਤ ਜਾਣਕਾਰੀ। ਮੇਰੇ ਅਨੁਸਾਰ 159 ਪੰਨਿਆਂ ਦੀ ਇਸ ਪੁਸਤਕ ਵਿੱਚ ਦਸਤਾਰ ਬਾਰੇ ਇੰਨੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਸਪਸ਼ਟੀਕਰਨ ਦੀ ਲੋੜ ਹੀ ਨਹੀਂ ਹੈ। ਰੀਵਿਊ ਅਧੀਨ ਪੁਸਤਕ (ਦਰੀਚਾ-ਏ-ਦਸਤਾਰ,ਪ੍ਰਕਾਸ਼ਕ: ਯੂਰਪੀਅਨ ਪੰਜਾਬੀ ਸੱਥ, ਵਾਸਲਾਲ, ਯੂਕੇ,ਪੰਨੇ: 159, ਮੁੱਲ: 200/-) ਨੂੰ ਲੇਖਕ ਨੇ ਦਸਤਾਰਧਾਰੀ ਨੋਬੇਲ ਇਨਾਮ ਜੇਤੂਆਂ ਡਾ. ਸੀਵੀ ਰਮਨ ਅਤੇ ਡਾ. ਅਬਦੁਸ ਸਲਾਮ ਨੂੰ ਸਮਰਪਿਤ ਕੀਤਾ ਹੈ।
ਦਸਤਾਰ ਲਈ ਆਮ ਵਰਤੇ ਜਾਂਦੇ ਸ਼ਬਦਾਂ ਪੱਗ, ਪਗੜੀ ਤੇ ਪਗਰੀ ਤੋਂ ਇਲਾਵਾ ਇਮਾਮਾ, ਸਾਫ਼ਾ, ਚਮਲਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ ਦਾ ਵੀ ਪ੍ਰਯੋਗ ਕੀਤਾ ਮਿਲਦਾ ਹੈ। ਪੁਸਤਕ ਦੇ ਤਿੰਨ ਭਾਗ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 6, 7 ਅਤੇ 7 ਲੇਖ ਹਨ। ਪਹਿਲੇ ਭਾਗ ‘ਦਸਤਾਰ ਦਾ ਧਾਰਮਿਕ ਮਹੱਤਵ’ ਵਿੱਚ ਸਾਬਤ ਸੂਰਤ ਦਸਤਾਰ ਸਿਰਾ, ਉਨਿ ਲਾਹ ਪਗ ਭੁਇੰ ਨਾਲ ਮਾਰੀ, ਪਾਗ ਚੁਨਹਿ ਕਰ ਬਾਂਧਈ, ਪਹਿਰਿ ਸਿਰਪਾਉ ਸੇਵਕ ਜਨ ਮੇਲੇ, ਸਾਹਿਬ ਅਲ-ਇਮਾਮਾ, ਸਿਖ ਹੋਇ ਸਿਰ ਟੋਪੀ ਧਰੇ ਨਾਮਕ ਲੇਖ ਹਨ; ਦੂਜੇ ਭਾਗ ‘ਸਾਹਿਤਕ ਅਤੇ ਸਭਿਆਚਾਰਕ ਪੱਖ’ ਵਿੱਚ ਸ਼ਮਲਾ ਤੱਕ ਕੇ ਭੁੱਲੀ – ਨਾ ਕੁੱਲੀ ਨਾ ਜੁੱਲੀ, ਪੱਤਾਂ ਬਾਝ ਨਾ ਸੋਹੰਦੀਆਂ ਪੱਗਾਂ, ਲੈ ਚੱਲ ਦਾਨਾਬਾਦ ਨੂੰ ਜਿ ਸਿਰ ਹੈਗੀ ਪੱਗ, ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ, ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ, ਝਨਾਂ ਦੇ ਪਾਣੀਆਂ ਵਿੱਚ ਘੁਲਦਾ ਅਕਸ ਅਤੇ ਦਸਤਾਰ, ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ; ਤੀਜੇ ਭਾਗ ‘ਦੇਸ਼-ਵਿਦੇਸ਼ ਵਿੱਚ ਛਪ ਚੁੱਕੇ’ ਦੇ ਅੰਤਰਗਤ 7 ਲੇਖ ਸੰਕਲਿਤ ਹਨ- ਔਰਤਾਂ ਵਿੱਚ ਪੱਗ ਬੰਨ੍ਹਣ ਦਾ ਵਧ ਰਿਹਾ ਰੁਝਾਨ, ਨੋਬਲ ਪੁਰਸਕਾਰ ਅਤੇ ਵਿਰਾਸਤੀ ਚੇਤਨਾ, ਕਾਮਯਾਬ ਔਰਤਾਂ ਅਤੇ ਦੁਮਾਲਾ, ਦਸਤਾਰਧਾਰੀ ਪਾਇਲਟ: ਹਰਦਿਤ ਸਿੰਘ ਮਲਕ, ਦਸਤਾਰਧਾਰੀ ਜੱਜ ਪਲਬਿੰਦਰ ਕੌਰ ਨੂੰ ਮਿਲਦਿਆਂ, ਮੇਰਾ ਪਿੰਡ ਧਰਮ ਅਤੇ ਦਸਤਾਰ, ਦਸਤੂਰਿ-ਦਸਤਾਰ।
ਅਨੁਲੱਗ ਵਿੱਚ ਬਰਤਾਨਵੀ ਪਾਰਲੀਮੈਂਟ ਵਿੱਚ ਦਸਤਾਰ ਸੰਬੰਧੀ ਚੱਲੀ ਕਾਰਵਾਈ ਵਿੱਚੋਂ ਅੰਸ਼ ਪ੍ਰਕਾਸ਼ਿਤ ਕੀਤੇ ਗਏ ਹਨ, ਜੋ 28 ਜਨਵਰੀ 1975 ਅਤੇ 5 ਅਕਤੂਬਰ 1976 ਦੇ ਹਨ। ਪੁਸਤਕ ਦੇ ਆਗਾਜ਼ ‘ਅਰੰਭ’ ਵਿੱਚ ਲਿਖੇ ਸ਼ਬਦਾਂ ਤੋਂ ਦਸਤਾਰ ਦੇ ਵਿਸਤ੍ਰਿਤ ਅਰਥਾਂ, ਰੁਝਾਨਾਂ, ਮੁਸ਼ਕਿਲਾਂ ਅਤੇ ਵੰਗਾਰਾਂ ਦਾ ਪਤਾ ਲੱਗਦਾ ਹੈ। ਇਸਤੋਂ ਵੀ ਪਹਿਲਾਂ ਇੱਕ ਪੰਨੇ ਤੇ ਚਮਨ ਹਰਗੋਬਿੰਦਪੁਰੀ ਦੀ ਦਸਤਾਰ ਦੀ ਮਹਾਨਤਾ ਨੂੰ ਦਰਸਾਉਂਦੀ ਇੱਕ ਕਵਿਤਾ ਪ੍ਰਕਾਸ਼ਿਤ ਕੀਤੀ ਗਈ ਹੈ। ਪੰਜਾਬੀ ਸੱਥ ਦੇ ਪ੍ਰਬੰਧਕਾਂ (ਮੋਤਾ ਸਿੰਘ ਸਰਾਏ, ਡਾ. ਨਿਰਮਲ ਸਿੰਘ) ਵੱਲੋਂ ਮੁੱਖਬੰਦ, ਡਾ. ਆਸਾ ਸਿੰਘ ਘੁੰਮਣ ਵੱਲੋਂ ਧੰਨਵਾਦੀ ਸ਼ਬਦ ਤੇ ਅਰੰਭਕ ਸ਼ਬਦ ਕਲਮਬੱਧ ਕੀਤੇ ਗਏ ਹਨ।
ਪੁਸਤਕ ਦੇ ਸਰਵਰਕ ਤੇ ਵੱਖ-ਵੱਖ ਢੰਗਾਂ ਨਾਲ ਬੰਨ੍ਹੀਆਂ ਹੋਈਆਂ ਦਸਤਾਰਾਂ ਦੀਆਂ 21 ਰੰਗ-ਬਰੰਗੀਆਂ ਤਸਵੀਰਾਂ ਹਨ। ਆਖਰੀ ਸਰਵਰਕ ਤੇ ਡਾ. ਨਿਰਮਲ ਸਿੰਘ (ਪੰਜਾਬੀ ਸੱਥ ਲਾਂਬੜਾ), ਮੋਤਾ ਸਿੰਘ ਸਰਾਏ (ਯੂਰਪੀ ਪੰਜਾਬੀ ਸੱਥ) ਅਤੇ ਡਾ. ਸੁਰਜੀਤ ਪਾਤਰ ਦੀਆਂ ਸੁਹਜਮਈ ਟਿੱਪਣੀਆਂ ਹਨ। ਪੁਸਤਕ ਦੇ ਅੰਦਰਵਾਰ 16 ਪੰਨਿਆਂ ਤੇ ਦਸਤਾਰ ਸੰਬੰਧੀ 48 ਰੰਗੀਨ/ਗੈਰ-ਰੰਗੀਨ ਤਸਵੀਰਾਂ ਛਾਪੀਆਂ ਹੋਈਆਂ ਹਨ।
ਡਾ. ਆਸਾ ਸਿੰਘ ਘੁੰਮਣ ਦੀ ਇਸ ਪੁਸਤਕ ਰਾਹੀਂ ਦਸਤਾਰ ਦੇ ਗੌਰਵ ਨੂੰ ਜਾਣਿਆ ਤੇ ਪਛਾਣਿਆ ਜਾ ਸਕਦਾ ਹੈ। ਢਾਡੀ ਅਬਦੁੱਲਾ ਤੇ ਨੱਥਾ ਮੱਲ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦਸਤਾਰ (ਪੱਗ) ਬਾਰੇ ਉਚਾਰੀਆਂ ਇਹ ਪੰਕਤੀਆਂ ਕਿੰਨੀਆਂ ਮਹੱਤਵਪੂਰਣ ਹਨ:
ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ ਕੀ ਜਹਾਂਗੀਰ ਦੀ।
ਲੇਖਕ ਨੇ ਸਪਸ਼ਟ ਕੀਤਾ ਹੈ ਕਿ ਜਿੱਥੇ ਪੰਜਾਬ ਦੇ ਸਿੱਖ ਪਰਿਵਾਰਾਂ ਵਿੱਚ ਹੁਣ ਦਸਤਾਰ ਦਾ ਰੁਝਾਨ ਘੱਟ ਰਿਹਾ ਹੈ, ਉੱਥੇ ਵਿਦੇਸ਼ ‘ਚ ਰਹਿੰਦੇ ਕਈ ਸਿੰਘ ਤੇ ਸਿੰਘਣੀਆਂ ਆਪਣੀ ਵਿਰਾਸਤ ਤੇ ਮਾਣ ਕਰਦੇ ਹੋਏ ਇਸਨੂੰ ਸਿਰ ਦਾ ਤਾਜ ਮੰਨਦੇ ਹਨ। ਬੜੀ ਖੋਜ ਤੇ ਮਿਹਨਤ ਨਾਲ ਲਿਖੀ ਇਸ ਮਹੱਤਵਯੋਗ ਪੁਸਤਕ ਦਾ ਖ਼ੈਰ-ਮਕਦਮ!

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

