ਟਿੱਬਿਆਂ ਦੀ ਰੇਤਲੀ ਧਰਤੀ ਬਠਿੰਡਾ ਜਿਸ ਨੇ ਬਲਵੰਤ ਗਾਰਗੀ ਵਰਗੇ ਨਾਟਕਕਾਰ ਦਿੱਤੇ ਹਨ। ਹੁਣ ਉਨ੍ਹਾਂ ਤੋਂ ਚਰਚਿਤ ਨਾਟਕਕਾਰ ਰਮੇਸ਼ ਕੁਮਾਰ ਗਰਗ ਐਮ ਐਮ ਨੂੰ ਉਨ੍ਹਾਂ ਦਾ ਉਤਰਾਧਿਕਾਰੀ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਰਮੇਸ਼ ਗਰਗ ਐਮ ਐਮ ਦੇ ਦੋ ਨਾਟਕ ਅੱਜ ਕੱਲ ਬਹੁਤ ਚਰਚਾ ਵਿੱਚ ਹਨ। ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ:) ਬਠਿੰਡਾ ਦੀ ਵਿਸ਼ੇਸ਼ ਬੈਠਕ ਵਿੱਚ ਐਮ ਐਮ ਵੱਲੋਂ ਆਪਣਾ ਲਿਖਿਆ ਨਾਟਕ ‘ਲੈਪਟਾਪ’ ਪੜ੍ਹ ਕੇ ਸੁਣਾਇਆ ਗਿਆ। ਇਹ ਨਾਟਕ ਕੁਰੱਪਸ਼ਨ ਅਤੇ ਐਜੂਕੇਸ਼ਨ ਸਿਸਟਮ ਉੱਪਰ ਬਹੁਤ ਵੱਡਾ ਵਿਅੰਗ ਹੈ। ਬਾਅਦ ਵਿੱਚ ਸਾਰੇ ਮੈਬਰਾਂ ਨੇ ਉਸ ਨਾਟਕ ਉੱਪਰ ਖੁੱਲ੍ਹ ਕੇ ਚਰਚਾ ਕੀਤੀ। ਉਸ ਬੈਠਕ ਵਿੱਚ ਪ੍ਰਧਾਨ ਸ਼੍ਰੀ ਜਸਪਾਲ ਮਾਨਖੇੜਾ, ਦਮਜੀਤ ਦਰਸ਼ਨ, ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ, ਲਛਮਣ ਸਿੰਘ ਮਲੂਕਾ, ਜਸਵਿੰਦਰ ਜਸ, ਪ੍ਰੋਫੈਸਰ ਤਰਸੇਮ ਸਿੰਘ ਨਰੂਲਾ ਤੇ ਰਣਬੀਰ ਰਾਣਾ ਤੋਂ ਇਲਾਵਾ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ।
ਉਸ ਤੋਂ ਬਾਅਦ ਰਮੇਸ਼ ਨੇ ਹੁਣ ਇੱਕ ਹੋਰ ਨਾਟਕ ਲਿਖਿਆ ਹੈ ‘ਪਛਤਾਵਾ’। ਉਸ ਉੱਪਰ ਵਿਚਾਰ ਵਟਾਂਦਰਾ ਹੋਣਾ ਬਾਕੀ ਹੈ। ਇਹ ਨਾਟਕ ਘਰ ਵਿੱਚ ਗੁਆਚੀ ਹੋਈ ਚੀਜ਼ ਲਈ ਚੋਰੀ ਦਾ ਇਲਜ਼ਾਮ ਘਰ ਵਿੱਚ ਕੰਮ ਕਰ ਰਹੇ ਕਿਸੇ ਮੁਲਾਜ਼ਮ ਉੱਪਰ ਲਗਾ ਦੇਣਾ ਜਦੋਂ ਕਿ ਉਹ ਇਮਾਨਦਾਰ ਤੇ ਬੇਕਸੂਰ ਹੈ। ਬਾਅਦ ਵਿੱਚ ਉਸ ਚੀਜ਼ ਦਾ ਘਰ ਵਿਚੋਂ ਹੀ ਮਿਲ ਜਾਣ ਤੇ ਸਾਰਿਆਂ ਲਈ ਜ਼ਿੰਦਗੀ ਭਰ ਦਾ ‘ਪਛਤਾਵਾ’ ਬਣ ਜਾਂਦਾ ਹੈ। ਰਮੇਸ਼ ਗਰਗ ਹੁਣ ਦੋਵੇਂ ਨਾਟਕ “ਐਮ ਐਮ ਆਰਟ ਥੀਏਟਰ ਐਂਡ ਫ਼ਿਲਮਜ਼” ਦੇ ਬੈਨਰ ਥੱਲੇ ਖੇਡੇਗਾ। ਇਨ੍ਹਾਂ ਦੀ ਨਿਰਦੇਸ਼ਨਾ ਰਮੇਸ਼ ਖ਼ੁਦ ਕਰੇਗਾ। ਇੰਨ੍ਹਾਂ ਨਾਟਕਾਂ ਵਿੱਚ ਮੰਚ ਦੇ ਮੰਝੇ ਹੋਏ ਕਲਾਕਾਰਾਂ ਨੂੰ ਰੋਲ ਦਿੱਤਾ ਜਾਵੇਗਾ। ਐਮ ਐਮ ਖੁਦ ਵੀ 18 ਸਾਲ ਦਾ ਸੀ ਜਦੋਂ ਉਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਸੈਂਕੜੇ ਨਾਟਕ ਮੰਚਨ ਕਰ ਚੁੱਕਿਆ ਹੈ। ਉਹ ਰੰਗਮੰਚ ਦੀ ਹਰ ਬਰੀਕੀ ਬਾਰੇ ਜਾਣੂ ਹੈ। ਰਮੇਸ਼ ਬਹੁਤ ਵਧੀਆ ਐਕਟਰ ਤੇ ਸਟੇਜ ਦਾ ਬੁਲਾਰਾ ਹੈ। ਵੱਡੀਆਂ ਵੱਡੀਆਂ ਰਾਜਨੀਤਕ ਸਟੇਜਾਂ ਦਾ ਸੰਚਾਲਨ ਵੀ ਕਰਦਾ ਰਿਹਾ ਹੈ। ਰਮੇਸ਼ ਮਾਈਮ ਵੀ ਬਹੁਤ ਸੁਹਣੀ ਕਰਦਾ ਹੈ। ਰਮੇਸ਼ ਨੇ ਨਾਟਕਾਂ ਵਿੱਚ ਹਰ ਕਿਸਮ ਦੇ ਰੋਲ ਨਿਭਾਏ ਹਨ। ਜਿੱਥੇ ਕਾਮੇਡੀ ਰੋਲ ਕੀਤੇ ਉੱਥੇ ਉਸਨੇ ਗੰਭੀਰ ਰੋਲ ਵਿੱਚ ਵੀ ਜਾਨ ਪਾ ਦਿੱਤੀ।
ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਇੱਕ ਫ਼ਿਲਮ ਖ਼ੁਦ ਬਣਾਈ “ਜੋੜੀਆਂ ਜੱਗ ਥੋੜੀਆਂ” ਜਿਸ ਦਾ ਡਾਇਰੈਕਟਰ ਰਮੇਸ਼ ਖ਼ੁਦ ਸੀ ਤੇ ਨੌਕਰ ਦੇ ਮੇਨ ਰੋਲ ਵਿੱਚ ਸੀ ਅਤੇ ਇਸ ਫ਼ਿਲਮ ਵਿੱਚ ਮਿਹਰ ਮਿੱਤਲ ਦਾ ਰੋਲ ਬਹੁਤ ਹੀ ਸ਼ਾਨਦਾਰ ਸੀ। ਸ਼ੂਟਿੰਗ ਪੂਰੀ ਕਰ ਲਈ ਗਈ ਸੀ ਪਰ ਕੁਝ ਕਾਰਨਾਂ ਕਰਕੇ ਉਹ ਰਿਲੀਜ਼ ਨਹੀਂ ਹੋ ਸਕੀ। ਇੱਕ ਹੋਰ ਫ਼ਿਲਮ ‘ਅੱਜ ਦਾ ਮਜਨੂੰ’ ਵਿੱਚ ਐਕਟਰ ਵੇਦ ਗੋਸਵਾਮੀ ਨਾਲ ਮੁਨੀਮ ਦਾ ਬਹੁਤ ਵਧੀਆ ਕਿਰਦਾਰ ਨਿਭਾਇਆ। ਇਸ ਫ਼ਿਲਮ ਵਿੱਚ ਮਿਹਰ ਮਿੱਤਲ, ਸਤੀਸ਼ ਕੌਲ, ਰਮਾ ਵਿਜ, ਸੁਨੀਲ ਧਵਨ, ਅਨੂ ਧਵਨ, ਗੋਪੀ ਭੱਲਾ ਆਦਿ ਨੇ ਰੋਲ ਕੀਤਾ। ਇਸ ਦੀ ਸ਼ੂਟਿੰਗ ਮੁੰਬਈ ਦੇ ਫ਼ਿਲਮਸਤਾਨ ਸਟੂਡੀਓ ਵਿੱਚ ਹੋਈ। ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਰਮੇਸ਼ ਐਮ ਐਮ, ਮਿਹਰ ਮਿੱਤਲ ਦਾ ਸਕਾ ਭਾਣਜਾ ਹੈ। ਇਸੇ ਲਈ ਰਮੇਸ਼ ਦੇ ਕਲਾਕਾਰ ਸਾਥੀ ਉਸ ਨੂੰ ਸੰਨ 1979 ਵਿੱਚ ਹੀ ਐਮ ਐਮ ਕਹਿਣ ਲੱਗ ਪਏ ਸਨ। ਇਹ ਗੱਲ ਮਿਹਰ ਮਿੱਤਲ ਜੀ ਨੂੰ ਬਹੁਤ ਚੰਗੀ ਲੱਗਦੀ ਸੀ। ਮਿਹਰ ਮਿੱਤਲ ਜੀ ਵਿਸ਼ੇਸ਼ ਤੌਰ ਤੇ ਰਮੇਸ਼ ਦਾ ਨਾਟਕ “ਕਹਾਣੀ ਇੱਕ ਪਿੰਡ ਦੀ” ਦੇਖਣ ਲਈ ਮੁੰਬਈ ਤੋਂ ਬਠਿੰਡਾ ਆਏ ਸਨ। ਇਹ ਨਾਟਕ ਰੋਜ਼ ਗਾਰਡਨ ਦੇ ਓਪਨ ਏਅਰ ਥੀਏਟਰ ਵਿਖੇ ਖੇਡਿਆ ਗਿਆ ਸੀ। ਐਮ ਐਮ ਦਾ ਕਹਿਣਾ ਹੈ ਕਿ ਉਹ ਐਕਟਿੰਗ ਨੂੰ ਕਿੱਤੇ ਵਜੋਂ ਨਹੀਂ ਲੈਂਦਾ ਬਲਕਿ ਸ਼ੌਂਕ ਨਾਲ ਕਰਦਾ ਹੈ।
ਐਮ ਐਮ ਨੇ ਸਾਢੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਜ਼ਿੰਦਗੀ ਰੰਗ ਮੰਚ ਉੱਪਰ ਬਿਤਾਇਆ ਹੈ। ਮਿਹਰ ਮਿੱਤਲ ਨਾਲ ਵੀ ਸਟੇਜ ਸ਼ੋਅ ਕਰਦਾ ਰਿਹਾ ਹੈ। ਐਮ ਐਮ ਨੇ ਮਿਹਰ ਮਿੱਤਲ ਨਾਲ ਮੁੰਬਈ, ਉਲਹਾਸਨਗਰ, ਵਾਸ਼ੀ( ਨਿਊ ਬੰਬੇ) ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਟੇਜ ਸ਼ੋਅ ਕੀਤੇ। ਵਾਸ਼ੀ ਵਿੱਚ ਰੁਸਤਮੇ ਹਿੰਦ ਸ: ਦਾਰਾ ਸਿੰਘ ਜੀ ਤੋਂ ਇਲਾਵਾ ਹੋਰ ਪੰਜਾਬੀ ਫ਼ਿਲਮਾਂ ਦੇ ਐਕਟਰ ਵੀ ਆਏ ਹੋਏ ਸਨ। ਇਨ੍ਹਾਂ ਸਟੇਜਾਂ ਉੱਪਰ ਹੋਰ ਪੰਜਾਬੀ ਐਕਟਰ, ਸਿੰਗਰ ਤੇ ਕਮੇਡੀ ਟੀ ਵੀ ਕਲਾਕਾਰ ਵੀ ਹੁੰਦੇ ਸਨ। ਰਮੇਸ਼ ਦੂਰਦਰਸ਼ਨ ਜਲੰਧਰ ਟੀ ਵੀ ਉੱਪਰ ਵੀ ਆਪਣੀਆਂ ਸਕਿਟਾਂ ਪੇਸ਼ ਕਰਦਾ ਰਿਹਾ ਹੈ। ਲਗਾਤਾਰ 15 ਸਾਲ ਸ਼੍ਰੀ ਰਾਮਲੀਲਾ ਦੀ ਸਟੇਜ ਦਾ ਸੰਚਾਲਨ ਕੀਤਾ ਹੈ। ਰਮੇਸ਼ ਐਮ ਐਮ ਨਾਟਕ “ਲੈਪਟਾਪ” ਉੱਪਰ ਸਕਰੀਨ ਪਲੇ ਵੀ ਲਿਖ ਰਿਹਾ ਹੈ ਤਾਂ ਜੋ ਇਸ ਉੱਪਰ ਫ਼ਿਲਮ ਬਣਾਈ ਜਾ ਸਕੇ। ਕਿਉਂਕਿ ਉਸ ਨੂੰ ਫ਼ਿਲਮ ਲਾਈਨ ਦਾ ਤਜ਼ਰਬਾ ਵੀ ਹਾਸਲ ਹੈ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202