ਵਿਰਸਾ:-
ਗਾਗਰਾਂ, ਘੜੇ, ਲੱਜ।
ਜਾਂ ਲਹਿੰਗੇ ਫੁਲਕਾਰੀਆਂ, ਛੱਜ।
ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂ
ਪਰ ਵਿਰਸਾ ਨਈਂ ਹੁੰਦਾ।
ਪੱਖੀਆਂ, ਖੂਹ, ਮਧਾਣੀਆਂ
ਜਾਂ ਗੱਡੇ, ਬਲਦ, ਪਰਾਣੀਆਂ।
ਤਕਨੀਕੀ ਕਾਢਾਂ ‘ਚ ਥੋੜਾਂ ਤਾਂ ਹੋ ਸਕਦੀਆਂ
ਪਰ ਵਿਰਸਾ ਨਈਂ ਹੁੰਦਾ।
ਵਿਰਸਾ ਹੁੰਦਾ ਹੈ, ਹੱਕਾਂ ਲਈ ਲੜਨਾ
ਅਤੇ ਸੱਚ ਤੇ ਖੜ੍ਹਨਾ।
ਆਰਿਆਂ ਨਾਲ ਚੀਰੇ ਜਾਣਾ
ਤੇ ਚਰਖੜੀਆਂ ‘ਤੇ ਚੜ੍ਹਨਾ।
ਮਜ਼ਲੂਮਾਂ ਲਈ ‘ਖੰਡੇ ਦੀ ਧਾਰ’ ਤੇ ਨੱਚਣਾ।
ਦੇਗਾਂ ਚ ਉਬਲਣਾ ਜਾਂ ਰੂੰਈ ਵਿੱਚ ਮੱਚਣਾ।
ਤੋਪਾਂ ਮੂਹਰੇ ਡਹਿਣਾ, ਬੰਦ ਬੰਦ ਕਟਵਾਉਣ।
ਤੱਤੀ ਤਵੀ ‘ਤੇ ਬਹਿਕੇ ਵੀ ‘ਭਾਣਾ ਮੀਠਾ’ ਮਨਾਉਣਾ।
ਸੋ ਗਾਗਰਾਂ, ਘੜੇ, ਲੱਜ।
ਜਾਂ ਲਹਿੰਗੇ, ਫੁਲਕਾਰੀਆਂ, ਛੱਜ।
ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂ
ਪਰ ਵਿਰਸਾ ਨਈਂ ਹੁੰਦਾ।
ਪੱਖੀਆਂ, ਖੂਹ, ਮਧਾਣੀਆਂ।
ਜਾਂ ਗੱਡੇ, ਬਲਦ, ਪਰਾਣੀਆਂ।
ਤਕਨੀਕੀ ਕਾਢਾਂ ‘ਚ ਥੋੜਾਂ ਤਾਂ ਹੋ ਸਕਦੀਆਂ
ਪਰ ਵਿਰਸਾ ਨਈਂ ਹੁੰਦਾ।
ਸਭਿਆਚਾਰ:-
ਕੱਚਿਆਂ ਤੇ ਤਰਨਾ ਜਾਂ ਜੰਡ ਥੱਲੇ ਮਰਨਾ।
ਖ਼ਤਰਨਾਕ ਹੱਦ ਤੱਕ ਆਸ਼ਕੀ ਤਾਂ ਹੋ ਸਕਦੀ
ਪਰ ਸਭਿਆਚਾਰ ਨਈਂ ਹੁੰਦਾ।
ਮੱਝੀਆਂ ਚਰਾਉਣਾ ਜਾਂ ਕੰਨ ਪੜਵਾਉਣਾ।
ਵਿਆਹ ਨਾ ਹੋਣ ਦੀ ਬੇ-ਆਸਗੀ ਤਾਂ ਹੋ ਸਕਦੀ
ਪਰ ਸਭਿਆਚਾਰ ਨਈਂ ਹੁੰਦਾ।
@ਸਭਿਆਚਾਰ ਹੁੰਦੈ ਖਾਨਦਾਨੀ ਅਮੀਰੀ ਦੇ ਹੁੰਦਿਆਂ,
ਆਜ਼ਾਦੀ ਦੀ ਲਹਿਰ ਚਲਾਉਣਾ
ਤੇ ਫਾਂਸੀ ਦੇ ਤਖਤੇ ਤੇ ਖੜ੍ਹਕੇ ਵੀ
‘ਰੰਗ ਦੇ ਬਸੰਤੀ’ ਗਾਉਣਾ।
ਚੜ੍ਹਦੀ ਉਮਰੇ ਵਤਨ ਲਈ ਕਰਤਾਰ ‘ਚ
ਇੱਕ-ਮਿੱਕ ਹੋ ਜਾਣਾ।
*ਪਿੱਠੂ ਮਾਪਿਆਂ ਦੇ ਹੁੰਦਿਆਂ ਵੀ
ਮਾਤ-ਭੂਮੀ ਲਈ ਖਲੋ ਜਾਣਾ।
**ਡਾਲਰਾਂ ਦੀ ਚਕਾਚੌਂਧ ਨੂੰ ਛੱਡ ਵਤਨਾਂ ਨੂੰ ਭੱਜਣਾ।
21 ਸਾਲ ਪੁਰਾਣੇ ਬਦਲੇ ਲਈ ਵੈਰੀ ਦੀ ਹਿੱਕ ‘ਚ ਵੱਜਣਾ।
ਕੱਚਿਆਂ ਤੇ ਤਰਨਾ ਜਾਂ ਜੰਡ ਥੱਲੇ ਮਰਨਾ।
ਖ਼ਤਰਨਾਕ ਹੱਦ ਤੱਕ ਆਸ਼ਕੀ ਤਾਂ ਹੋ ਸਕਦੀ
ਪਰ ਸਭਿਆਚਾਰ ਨਈਂ ਹੁੰਦਾ।
ਮੱਝੀਆਂ ਚਰਾਉਣਾ ਜਾਂ ਕੰਨ ਪੜਵਾਉਣਾ।
ਵਿਆਹ ਨਾ ਹੋਣ ਦੀ ਬੇ-ਆਸਗੀ ਤਾਂ ਹੋ ਸਕਦੀ
ਪਰ ਸਭਿਆਚਾਰ ਨਈਂ ਹੁੰਦਾ।
ਰੋਮੀ ਘੜਾਮਾਂ।
9855281105 (ਵਟਸਪ ਨੰ.)