ਸਵਾਰੀਆਂ ਵੱਲੋਂ ਪੁੱਛਣ ਤੇ ਡਰਾਈਵਰਾਂ ਵੱਲੋਂ ਅਕਸਰ ਕੀਤੀ ਜਾਂਦੀ ਹੈ ਬਦਤਮੀਜੀ
ਬਠਿੰਡਾ,10 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਰਕਾਰ ਭਾਵੇਂ ਲੱਖ ਦਾਅਵੇ ਕਰੀ ਜਾਵੇ ਪਰ ਕੁਝ ਸਰਕਾਰੀ ਮਹਿਕਮੇ ਬਾਜ ਆਉਣ ਵਾਲੇ ਨਹੀਂ। ਪਿਛਲੇ ਦਿਨੀ ਪੀਆਰਟੀਸੀ ਦੇ ਇੱਕ ਉੱਚ ਅਧਿਕਾਰੀ ਵੱਲੋਂ ਇਹ ਬਿਆਨ ਦਾਗਿਆ ਗਿਆ ਸੀ ਕਿ ਭਾਵੇਂ ਕੋਈ ਸਰਕਾਰੀ ਬੱਸ ਹੋਵੇ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੀ, ਸਵਾਰੀਆਂ ਨਾਲ ਕਿਸੇ ਵੀ ਕਿਸਮ ਦੀ ਬਤਮੀਜੀ ਕਰਨ ਵਾਲੇ ਕਰਮਚਾਰੀ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ । ਪਰ ਜਿਆਦਾਤਰ ਬਿਆਨਾਂ ਵਾਂਗ ਇਹ ਵੀ ਸਿਰਫ ਇੱਕ ਬਿਆਨ ਬਣ ਕੇ ਹੀ ਰਹਿ ਗਿਆ। ਕਿਉਂਕਿ ਪ੍ਰਾਈਵੇਟ ਬੱਸਾਂ ਦੀ ਤਾਂ ਗੱਲ ਹੀ ਛੱਡੋ ਇਹਨਾਂ ਦੇ ਆਪਣੇ ਸਰਕਾਰੀ ਮਹਿਕਮੇ ਦੇ ਡਰਾਈਵਰ ਵੀ ਆਪਣੇ ਆਪ ਚ ਸੁਧਾਰ ਕਰਨ ਨੂੰ ਤਿਆਰ ਨਹੀਂ। ਕਿਉਂਕਿ ਅਕਸਰ ਕਿਸੇ ਵੀ ਸਰਕਾਰੀ ਬੱਸ ਦੀ ਸੀਟ ਤੇ ਬੈਠਾ ਡਰਾਈਵਰ ਆਪਣੇ ਆਪ ਨੂੰ ਬੱਸ ਦਾ ਮਾਲਕ ਅਤੇ ਇਸ ਵਿੱਚ ਬੈਠੀਆਂ ਸਵਾਰੀਆਂ ਨੂੰ ਆਪਣੀ ਪਰਜਾ ਸਮਝਦਾ ਹੈ ਅਤੇ ਸਰਕਾਰੀ ਬੱਸ ਵਿੱਚ ਗੰਦੇ ਮੰਦੇ ਗੀਤ ਚਲਾਉਣ ਸਮੇਤ ਪੁੱਛਣ ਤੇ ਸਵਾਰੀਆਂ ਨਾਲ ਬਦਤਮੀਜ਼ੀ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ।
ਬੀਤੇ ਦਿਨੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਸਾਡਾ ਇਹ ਪੱਤਰਕਾਰ ਸਵੇਰੇ ਤਕਰੀਬਨ ਸਵਾ ਕੁ ਨੌ ਵਜੇ ਬਠਿੰਡਾ ਤੋਂ ਮੁਕਤਸਰ ਜਾਣ ਵਾਲੀ ਪੀ ਬੀ 13 ਏ ਬੀ 9735 ਨੰਬਰ ਦੀ ਸਰਕਾਰੀ ਬੱਸ ਚ ਚੜ੍ਹਿਆ,। ਬਿਨਾ ਸ਼ੱਕ ਬੱਸ ਦੇ ਕੰਡਕਟਰ ਦੀ ਬੋਲਬਾਣੀ ਸਵਾਰੀਆਂ ਨਾਲ ਬੜੀ ਵਧੀਆ ਅਤੇ ਸਲੀਕੇ ਭਰਪੂਰ ਸੀ ਪਰ ਡਰਾਈਵਰ ਦਾ ਇੱਕ ਸਰਕਾਰੀ ਬੱਸ ਵਿੱਚ ਉੱਚੀ ਆਵਾਜ਼ ਵਿੱਚ ਭੱਦਾ ਮਿਊਜਿਕ ਵਜਾਉਣਾ ਬੇਹੱਦ ਸ਼ਰਮਨਾਕ ਹੈ।
ਇਸ ਬਾਰੇ ਜਦੋਂ ਮੁਕਤਸਰ ਅੱਡੇ ਤੇ ਉਤਰੀਆਂ ਕੁਝ ਸਵਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰੀ ਬੱਸ ਵਿੱਚ ਇਸ ਤਰਾਂ ਉੱਚੀ ਆਵਾਜ਼ ਵਿੱਚ ਭੱਦੇ ਗੀਤ ਵਜਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕੋਈ ਕਿਸੇ ਗਮੀ ਵਿੱਚ ਚਲਿਆ ਹੋਵੇ ਜਾਂ ਹੋਰ ਵੀ ਸੈਂਕੜੇ ਕਾਰਨ ਹੋ ਸਕਦੇ ਹਨ। ਇਸ ਤੋਂ ਬਿਨਾਂ ਬੱਸ ਵਿੱਚ ਸਫਰ ਕਰ ਲਈ ਰਹੀਆਂ ਲੜਕੀਆਂ ਅਤੇ ਔਰਤਾਂ ਵੀ ਇਸ ਤਰਾਂ ਦੇ ਗੀਤਾਂ ਕਾਰਨ ਅਸਹਿਜ ਮਹਿਸੂਸ ਕਰਦੀਆਂ ਹਨ। ਉਹਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਨੂੰ ਇਸ ਬਾਬਤ ਡਰਾਇਵਰਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ।