ਮਨਮੋਹਨ ਸਿੰਘ ਦਾਊਂ (ਜਨਮ 22 ਸਤੰਬਰ 1941) ਪੰਜਾਬੀ ਦਾ ਸੁਹਜਵਾਦੀ ਲੇਖਕ ਹੈ। ਬੀਏ., ਬੀਐੱਡ., ਐਮਏ (ਪੰਜਾਬੀ) ਦੀ ਵਿਦਿਆ ਹਾਸਲ ਕਰ ਚੁੱਕਿਆ ਲੇਖਕ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਪੰਜਾਬੀ ਲੈਕਚਰਾਰ ਵਜੋਂ ਸੇਵਾਮੁਕਤ ਹੋ ਚੁੱਕਾ ਹੈ। ਸਾਹਿਤ ਅਕਾਦਮੀ ਦਿੱਲੀ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਬਾਲ-ਸਾਹਿਤ ਪੁਰਸਕਾਰ ਪ੍ਰਾਪਤ ਕਰ ਚੁੱਕੇ ਦਾਊਂ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚ ਲਿਖਿਆ ਹੈ। ਖਾਸ ਤੌਰ ਤੇ ਪੁਆਧ ਖਿੱਤੇ ਪ੍ਰਤੀ ਉਹਦੀ ਲਗਨ ਤੇ ਨਿਸ਼ਠਾ ਅਕੱਥ ਹੈ, ਜਿਸ ਵਿੱਚ 11 ਸੰਪਾਦਿਤ ਪੁਸਤਕਾਂ ਤੇ 12 ਖੋਜ-ਕਾਰਜ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਸਦੇ 5 ਵਾਰਤਕ ਸੰਗ੍ਰਹਿ ਤੇ ਬਾਲ-ਸਾਹਿਤ ਦੀਆਂ 40 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮੁੱਖ ਤੌਰ ਤੇ ਉਹਦੇ ਅੰਦਰ ਇੱਕ ਕਵੀ-ਹਿਰਦਾ ਧੜਕਦਾ ਹੈ ਤੇ ਉਹਦੇ ਹੁਣ ਤੱਕ 13 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਖਾਮੋਸ਼ ਚਸ਼ਮਾ (1971), ਦਰਦ ਸੰਗ ਦੋਸਤੀ (1975), ਮਿੱਟੀ ਦਾ ਰੁਦਨ (1986), ਰਾਤਾਂ ਪ੍ਰਭਾਤਾਂ (1988), ਅਗੰਮ ਅਗੋਚਰ (2003), ਸ਼ਾਇਰੀ ਦਾ ਸਰਵਰ (2007), ਸ਼ਾਇਰੀ ਸਾਗਰ (2011), ਉਦਾਸੀਆਂ ਦਾ ਬੂਹਾ : ਸੁਲੱਖਣੀ (2014), ਪੰਛੀ ਬਿਰਖ ਸੁਹਾਵੜਾ (2016), ਤਿੱਪ ਤੇ ਕਾਇਨਾਤ (2018), ਚਾਨਣ ਦੀ ਪੈੜ (2019), ਸਮਿਆਂ ਦੇ ਨਾਇਕ (2020) ਅਤੇ ਧਰਤੀ ਦੀ ਕੰਬਣੀ (2024)। ਇਨ੍ਹਾਂ ‘ਚੋਂ ਦੋ ਕਿਤਾਬਾਂ ‘ਸ਼ਾਇਰੀ ਸਾਗਰ’ ਅਤੇ ‘ਪੰਛੀ ਬਿਰਖ ਸੁਹਾਵੜਾ’ ਇਨਾਮੀ ਹਨ।
ਉਹਦੀਆਂ ਦੋ ਕਿਤਾਬਾਂ ਇੱਕ ਯੂਨੀਵਰਸਿਟੀ ਸਿਲੇਬਸ ਦਾ ਵੀ ਹਿੱਸਾ ਹਨ। ਇਸ ਤਰ੍ਹਾਂ ਹੁਣ ਤੱਕ ਉਹਨੇ ਲੱਗਭੱਗ ਆਪਣੀ ਉਮਰ ਜਿੰਨੀਆਂ ਹੀ ਕਿਤਾਬਾਂ ਦੀ ਰਚਨਾ ਕੀਤੀ ਹੈ। ਉਹਦੀਆਂ ਕਾਵਿ-ਕਿਤਾਬਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹਦੇ ਜ਼ਿਹਨ ‘ਚ ਕਿਤੇ ਨਾ ਕਿਤੇ ਪ੍ਰਕਿਰਤੀ ਮੌਜੂਦ ਹੈ ਤੇ ਉਹਦੀਆਂ ਵਧੇਰੇ ਕਿਤਾਬਾਂ ਪ੍ਰਾਕਿਰਤਕ ਜੀਵਨ ਦੇ ਆਲੇ-ਦੁਆਲੇ ਨਾਲ ਵਾਬਸਤਾ ਹਨ।
‘ਧਰਤੀ ਦੀ ਕੰਬਣੀ’ ਕਾਵਿ ਸੰਗ੍ਰਹਿ (ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ, ਪੰਨੇ 144, ਮੁੱਲ 250/-) ਇਸੇ ਸਾਲ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਕੁੱਲ 76 ਕਵਿਤਾਵਾਂ ਹਨ। ਇਨ੍ਹਾਂ ਨੂੰ ਉਹਨੇ ਤਿੰਨ ਭਾਗਾਂ- ਪਹਿਲਾ, ਦੂਜਾ ਤੇ ਤੀਜਾ ਸਰਗ ਵਿੱਚ ਵੰਡ ਕੇ ਕ੍ਰਮਵਾਰ ‘ਚਿੰਤਨ ਤੇ ਸੰਵੇਦਨਾ ਸੰਗ ਤੁਰਦੇ ਤੁਰਦੇ’, ‘ਅਤੀਤ ਦੀ ਖਿੜਕੀ’ ਅਤੇ ‘ਨਿੱਕੀਆਂ ਕਵਿਤਾਵਾਂ- ਵਰਤਮਾਨ ਨਾਲ ਗੱਲਾਂ’ ਹੇਠ ਸਿਰਜਿਆ ਹੈ। ਇਨ੍ਹਾਂ ਵਿੱਚ ਕ੍ਰਮਵਾਰ 40, 10 ਅਤੇ 26 ਕਵਿਤਾਵਾਂ ਸ਼ਾਮਲ ਹਨ।
ਭੂਮਿਕਾ ਵਜੋਂ ਲਿਖੇ ਸੰਖਿਪਤ ਪ੍ਰਾਕਥਨ ਵਿੱਚ ਕਵੀ ਨੇ ਦੇਸ-ਪਰਦੇਸ ਵਿੱਚ ਵਾਪਰਦੀਆਂ ਚਿੰਤਾਜਨਕ ਘਟਨਾਵਾਂ, ਅਣਮਨੁੱਖੀ ਵਰਤਾਰਿਆਂ, ਪੰਜਾਬੀ ਸੰਸਕ੍ਰਿਤੀ, ਤਹਿਜ਼ੀਬ, ਰਹਿਤਲ ਅਤੇ ਕਵਿਤਾ ਦੇ ਕਰਤਾਰੀ ਕਰਮ ਨੂੰ ਰੇਖਾਂਕਿਤ ਕੀਤਾ ਹੈ। ਉਂਜ ਤਾਂ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਛੋਟੀਆਂ ਹਨ ਪਰ ਪੁਸਤਕ ਦੇ ਤੀਜੇ ਭਾਗ ਦੀਆਂ ਕਵਿਤਾਵਾਂ ਹੋਰ ਵੀ ਛੋਟੀਆਂ ਹਨ ਤੇ ਕੁਝ ਇੱਕ ਤਾਂ 6-6 ਪੰਕਤੀਆਂ ਦੀਆਂ।
ਦਾਊਂ ਨੇ ਵਿਸ਼ਵ ਸਾਹਿਤ ਦੇ ਨਾਲ ਨਾਲ ਪੰਜਾਬੀ ਸਾਹਿਤ, ਖਾਸ ਤੌਰ ਤੇ ਦੇਸ਼-ਵਿਦੇਸ਼ ‘ਚ ਰਚੀ ਜਾ ਰਹੀ ਪੰਜਾਬੀ ਕਵਿਤਾ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਉਹਨੂੰ ਪਤਾ ਹੈ ਕਿ ਕਵਿਤਾ ਮਹਿਜ਼ ਸ਼ਬਦਾਂ/ਅੱਖਰਾਂ ਦਾ ਚਮਤਕਾਰ ਹੀ ਨਹੀਂ ਹੈ, ਇਸ ‘ਚੋਂ ਵਕ੍ਰੋਕਤੀ ਤੇ ਵਿਸ਼ਿਸ਼ਟਤਾ ਵੀ ਪ੍ਰਗਟ ਹੋਣੀ ਚਾਹੀਦੀ ਹੈ। ਇਸ ਪੱਖੋਂ ਉਹਦੀ 19 ਪੰਕਤੀਆਂ ਵਿੱਚ ਰਚੀ ਇੱਕ ਕਵਿਤਾ ‘ਤੌਲੀਆ’ ਨੇ ਮੈਨੂੰ ਖਾਸ ਤੌਰ ਤੇ ਆਕਰਸ਼ਿਤ ਕੀਤਾ ਹੈ :
ਬਾਥਰੂਮ ‘ਚ ਨਹਾਉਣ ਵੇਲੇ
ਮੈਂ ਅਤੇ ਤੌਲੀਆ
ਇੱਕ-ਮਿੱਕ ਹੋ ਜਾਂਦੇ ਹਾਂ
ਆ ਆਪਾਂ ਵੀ
ਇੰਜ ਹੀ ਮਿਲੀਏ
ਦੂਰੀ ਰਹੇ ਨਾ ਵਿਚਕਾਰ।
ਧੁੱਪੇ ਸੁੱਕਦੇ ਤੌਲੀਏ ਨੂੰ
ਉਹ ਨੀਝ ਲਾ ਤੱਕਣ ਲੱਗਦੀ ਹੈ। (138)
‘ਥਰਮਸ’ ਕਵਿਤਾ ਵਿੱਚ ਵੀ ਮੈਨੂੰ ‘ਤੌਲੀਆ’ ਵਰਗੀ ਕੈਫ਼ੀਅਤ ਤੈਰਦੀ ਨਜ਼ਰ ਆਈ ਹੈ :
“ਕਿੰਨੇ ਠੰਢੇ ਹੱਥ ਨੇ”
ਉਹ ਬੋਲੀ।
“ਦਿਲ ਤਾਂ ਥਰਮਸ ‘ਚ ਪਾਏ
ਦੁੱਧ ਵਾਂਗ ਗਰਮ ਐ।” (136)
ਦਾਊਂ ਦੀਆਂ ਬਹੁਤੀਆਂ ਕਵਿਤਾਵਾਂ ਚਿਹਨਮਈ/ਪ੍ਰਤੀਕਮਈ ਹਨ ਤੇ ਇਨ੍ਹਾਂ ਨੂੰ ਸਿੱਧੇ-ਸਾਦੇ ਸ਼ਬਦਾਂ ਵਿੱਚ ਨਹੀਂ ਸਮਝਿਆ ਜਾ ਸਕਦਾ। ਦਰਅਸਲ ਅਜਿਹੀਆਂ ਕਵਿਤਾਵਾਂ ਵਿੱਚ ਉਹ ਕਿਸੇ ਅਦਿੱਖ ਚੀਜ਼ ਵੱਲ ਸੰਕੇਤ ਕਰ ਰਿਹਾ ਹੁੰਦਾ ਹੈ। ਜਿਵੇਂ :
ਅੰਬਰ ਤੇ ਉਡਦੀ ਘੁੱਗੀ
‘ਪਿਕਾਸੋ’ ਨੂੰ ਯਾਦ ਕਰਾਉਂਦੀ (16)
ਸ਼ਾਇਰੀ ਉਦਾਸੀਆਂ ਲਈ ਗਾਉਂਦੀ ਰਬਾਬ ਹੈ (25)
ਮੌਜੂਦਾ ਸਮੇਂ ਪੁਆਧੀ ਸੱਥ ਮੋਹਾਲੀ ਦੇ ਮੁਖੀ ਵਜੋਂ ਕਾਰਜਸ਼ੀਲ ਮਨਮੋਹਨ ਸਿੰਘ ਦਾਊਂ ਅਜੇ ਵੀ ਸਾਹਿਤ-ਸੇਵਾ ਵਿੱਚ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਜੁੜਿਆ ਹੋਇਆ ਹੈ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

