ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਸਥਾਪਨਾ (1925 ਈ.) ਦਾ ਮੁੱਖ ਕਾਰਜ ਤਾਂ ਭਾਵੇਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਨਾਲ ਸੰਬੰਧਿਤ ਹੈ, ਪਰ ਹੌਲੀ ਹੌਲੀ ਇਸਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਧਾਰਮਿਕ ਵਿੱਦਿਆ ਪ੍ਰਦਾਨ ਕਰਨ ਦੇ ਉਦੇਸ਼ ਨੂੰ ਵੀ ਸ਼ਾਮਲ ਕਰ ਲਿਆ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੀ ਸੰਸਥਾ ਧਰਮ ਪ੍ਰਚਾਰ ਕਮੇਟੀ ਨੇ ਸਿੱਖ ਮਿਸ਼ਨਰੀ ਕਾਲਜਾਂ, ਗੁਰਮਤਿ ਵਿਦਿਆਲਿਆਂ ਅਤੇ ਅਕੈਡਮੀਆਂ ਦਾ ਨਿਰਮਾਣ ਕਰਵਾਇਆ, ਜਿਸ ਵਿੱਚ ਸਿੱਖ ਇਤਿਹਾਸ, ਗੁਰਮਤਿ ਸੰਗੀਤ, ਸਿੱਖ ਰਹਿਤ ਮਰਯਾਦਾ, ਸਿੱਖ ਫ਼ਲਸਫ਼ਾ, ਸ਼ਸਤਰ ਵਿੱਦਿਆ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅਜਿਹੀ ਪਹਿਲ-ਪਲੇਠੀ ਸੰਸਥਾ 1927 ਈ. ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ਼੍ਰੀ ਅੰਮ੍ਰਿਤਸਰ ਦੇ ਰੂਪ ਵਿੱਚ ਸਾਹਮਣੇ ਆਈ। ਇਸਤੋਂ ਬਾਦ ਲਗਾਤਾਰ ਇਨ੍ਹਾਂ ਸੰਸਥਾਵਾਂ ਵਿੱਚ ਵਾਧਾ ਹੁੰਦਾ ਰਿਹਾ ਤੇ ਇਸ ਸਮੇਂ ਇਨ੍ਹਾਂ ਦੀ ਕੁੱਲ ਗਿਣਤੀ 15 ਤੱਕ ਪਹੁੰਚ ਗਈ ਹੈ।
ਇਨ੍ਹਾਂ ਸੰਸਥਾਵਾਂ ਦਾ ਅਸਲੀ ਮਕਸਦ ਸਿੱਖ ਧਰਮ ਦੀ ਸੰਪੂਰਨ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਨਾਲ ਨਾਲ ਸਿੱਖ ਸਿੱਧਾਂਤ, ਇਤਿਹਾਸ, ਗੁਰਬਾਣੀ ਸੰਥਿਆ ਤੇ ਤੰਤੀ ਸਾਜ਼ਾਂ ਰਾਹੀਂ ਕੀਰਤਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਅਜਿਹੀਆਂ ਸੰਸਥਾਵਾਂ ਵਿੱਚੋਂ ਵਿੱਦਿਆ ਹਾਸਲ ਕਰ ਚੁੱਕੇ ਅਨੇਕਾਂ ਵਿਦਿਆਰਥੀ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀ ਕਵੀਸ਼ਰ, ਪ੍ਰਚਾਰਕ ਅਤੇ ਕਥਾਵਾਚਕ ਵਜੋਂ ਦੇਸ਼ ਵਿਦੇਸ਼ ਵਿੱਚ ਸੇਵਾਵਾਂ ਨਿਭਾ ਰਹੇ ਹਨ, ਜਿਸ ਨਾਲ ਸਿੱਖੀ ਦਾ ਬੂਟਾ ਵਿਕਸਿਤ ਹੋ ਕੇ ਵਿਸ਼ਵ ਭਰ ਵਿੱਚ ਖ਼ੁਸ਼ਬੋਈ ਵੰਡ ਰਿਹਾ ਹੈ।
ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਹੋਣ ਵਾਲੀ ਮਾਸਿਕ ਪੱਤ੍ਰਿਕਾ ‘ਗੁਰਮਤਿ ਪ੍ਰਕਾਸ਼’ (ਜਿਸਦੀ ਕੀਮਤ ਸਿਰਫ਼ 5/-, ਸਾਲਾਨਾ 50/-, ਪੰਜ ਸਾਲ 250/-, ਆਜੀਵਨ 500/-) ਦਾ ਜੁਲਾਈ 2024 ਦਾ ਅੰਕ ਵਿਸ਼ੇਸ਼ ਤੌਰ ਤੇ ਇਨ੍ਹਾਂ ਸੰਸਥਾਵਾਂ ਬਾਰੇ ਹੈ। ਇਸ ਵਿੱਚ ਇਨ੍ਹਾਂ ਸੰਸਥਾਵਾਂ ਦੇ ਪ੍ਰਿੰਸੀਪਲ/ਇਨਚਾਰਜ ਸਾਹਿਬਾਨ ਵੱਲੋਂ ਪੂਰੀ ਤਫ਼ਸੀਲ ਨਾਲ ਆਪਣੀ ਇੰਸਟੀਚਿਊਟ ਦੀ ਜਾਣਕਾਰੀ ਪ੍ਰਦਾਨ ਕਰਵਾਈ ਗਈ ਹੈ। ਜਿਨ੍ਹਾਂ 15 ਵਿਦਿਆਲਿਆਂ ਵਿੱਚ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਨਾਂ ਹਨ :
1. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਪੁਤਲੀਘਰ, ਸ਼੍ਰੀ ਅੰਮ੍ਰਿਤਸਰ
2. ਸੰਤ ਫ਼ਤਹਿ ਸਿੰਘ ਚੰਨਣ ਸਿੰਘ ਸਿੱਖ ਮਿਸ਼ਨਰੀ ਕਾਲਜ, ਬੁੱਢਾ ਜੌਹੜ, ਸ਼੍ਰੀ ਗੰਗਾਨਗਰ (ਰਾਜਸਥਾਨ।
3. ਸ਼ਹੀਦ ਸੰਗੀਤ ਵਿਦਿਆਲਾ, ਬਾਦੀਆਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
4. ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ (ਬਠਿੰਡਾ।
5. ਪਦਮਸ਼੍ਰੀ ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਅਕੈਡਮੀ, ਸ਼੍ਰੀ ਅਨੰਦਪੁਰ ਸਾਹਿਬ
6. ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ, ਸੁਲਤਾਨਪੁਰ ਲੋਧੀ (ਕਪੂਰਥਲਾ।
7. ਗੁਰਮਤਿ ਸੰਗੀਤ ਅਕੈਡਮੀ, ਸ਼ੇਖੂਪੁਰਾ, ਮੰਚੂਰੀ (ਕਰਨਾਲ)
8. ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤਿ ਵਿਦਿਆਲਾ, ਬਰਨਾਲਾ
9. ਗੁਰੂ ਨਾਨਕ ਗੁਰਮਤਿ ਸਿਖਲਾਈ ਵਿਦਿਆਲਾ, ਡੇਰਾ ਬਾਬਾ ਨਾਨਕ
10. ਸ. ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ, ਗੁ. ਸਿੱਧਸਰ ਸਾਹਿਬ ਕਾਲਾਮਾਲਾ ਛਾਪਾ (ਬਰਨਾਲਾ)
11. ਸੰਤ ਕਰਤਾਰ ਸਿੰਘ ਜੀ ਖਾਲਸਾ ਸਿੱਖ ਮਿਸ਼ਨਰੀ ਕਾਲਜ, ਭੂਰਾ ਕੋਹਨਾ (ਤਰਨਤਾਰਨ)
12. ਭਾਈ ਗੁਰਦਾਸ ਗੁਰਮਤਿ ਵਿਦਿਆਲਾ, ਫ਼ਿਰੋਜ਼ਪੁਰ
13. ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟਡੀਜ਼ ਇਨ ਸਿਖਇਜ਼ਮ, ਬਹਾਦਰਗੜ (ਪਟਿਆਲਾ)
14. ਬੇਬੇ ਨਾਨਕੀ ਗੁਰਮਤਿ ਸੰਗੀਤ ਅਕੈਡਮੀ (ਲੜਕੀਆਂ) ਸ਼੍ਰੀ ਅੰਮ੍ਰਿਤਸਰ
15. ਗਿਆਨੀ ਸੋਹਣ ਸਿੰਘ ਸੀਤਲ ਢਾਡੀ/ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ, ਗੁਰੂ ਕੀ ਵਡਾਲੀ, ਛੇਹਰਟਾ (ਸ਼੍ਰੀ ਅੰਮ੍ਰਿਤਸਰ)
ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਵਿਦਿਆ ਮੁਫ਼ਤ ਤਾਂ ਦਿੱਤੀ ਹੀ ਜਾਂਦੀ ਹੈ, 1500/- ਰੁਪਏ ਮਾਸਿਕ ਵਜ਼ੀਫ਼ਾ ਵੀ ਵੱਖਰੇ ਤੌਰ ਤੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ‘ਗੁਰਮਤਿ ਪ੍ਰਕਾਸ਼’ ਵਿੱਚ ਪ੍ਰਕਾਸ਼ਿਤ ਇਨ੍ਹਾਂ ਲੇਖਾਂ ਰਾਹੀਂ ਸਾਨੂੰ ਗੁਰਮਤਿ ਵਿਦਿਆਲਿਆਂ ਦੀ ਹੀ ਜਾਣਕਾਰੀ ਨਹੀਂ ਮਿਲਦੀ ਸਗੋਂ ਸੰਬੰਧਿਤ ਸੰਸਥਾ ਦੀਆਂ ਰੋਜ਼ਾਨਾ ਗਤੀਵਿਧੀਆਂ, ਉੱਥੋਂ ਦਾ ਇਤਿਹਾਸ, ਨਾਮਕਰਣ ਆਦਿ ਬਾਰੇ ਵੀ ਸੂਚਨਾ ਪ੍ਰਾਪਤ ਹੁੰਦੀ ਹੈ। ਲੱਗਭੱਗ ਇਹ ਸਾਰੇ ਹੀ ਵਿਦਿਆਲੇ ਲੜਕਿਆਂ ਲਈ ਹਨ ਪਰ 2015 ਤੋਂ ਸ਼੍ਰੋਮਣੀ ਕਮੇਟੀ ਨੇ ਰਾਮਸਰ ਰੋਡ ਸ਼੍ਰੀ ਅੰਮ੍ਰਿਤਸਰ ਵਿਖੇ ਨਿਰੋਲ ਲੜਕੀਆਂ ਲਈ ਸੰਗੀਤ ਅਕੈਡਮੀ ਸਥਾਪਤ ਕਰਕੇ ਜ਼ਿਕਰਯੋਗ ਕਾਰਜ ਕੀਤਾ ਹੈ। ਇਸ ਤਰ੍ਹਾਂ 1927 ਤੋਂ ਪ੍ਰਾਰੰਭ ਹੋਏ ਇਹ ਵਿਦਿਆਲੇ ਵਿਕਾਸ ਕਰਦੇ ਹੋਏ 2018 ਤੱਕ 15 ਦੀ ਗਿਣਤੀ ਤੱਕ ਪਹੁੰਚ ਗਏ ਹਨ। ‘ਗੁਰਮਤਿ ਪ੍ਰਕਾਸ਼’ ਦੇ ਸੰਪਾਦਕ ਸ. ਸਤਵਿੰਦਰ ਸਿੰਘ ਅਤੇ ਸਹਾਇਕ ਸੰਪਾਦਕ ਸ. ਬਿਕਰਮਜੀਤ ਸਿੰਘ ਨੇ ਬੜੀ ਮਿਹਨਤ ਨਾਲ ਇਹ ਅੰਕ ਤਿਆਰ ਕੀਤਾ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਸੇਵਾ ਕਾਰਜਾਂ ਦੀ ਸਿਫ਼ਤੋ-ਸਾਲਾਹ ਆਪ ਮੁਹਾਰੇ ਸਾਡੇ ਹੋਠਾਂ ਤੇ ਆ ਜਾਂਦੀ ਹੈ। ਇੱਥੇ ਇਹ ਦੱਸਣਾ ਵੀ ਲਾਹੇਵੰਦ ਹੋਵੇਗਾ ਕਿ ਡੀਪੀਆਈ (ਪੰ.) ਵੱਲੋਂ ਇਹ ਪੱਤ੍ਰਿਕਾ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਕੀਤੀ ਗਈ ਹੈ। ਮੇਰਾ ਸੁਝਾਅ ਹੈ ਕਿ ਇੰਨੀ ਸਸਤੀ ਤੇ ਲਾਭਕਾਰੀ ਪੱਤ੍ਰਿਕਾ ਨੂੰ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਵੀ ਮਨਜ਼ੂਰ ਕਰਵਾ ਲੈਣਾ ਚਾਹੀਦਾ ਹੈ।

~ ਪ੍ਰੋ.ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)