ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਅੱਗੇ ਬੈਠ ਕੇ ਸ਼ਾਂਤਮਈ ਢੰਗ ਨਾਲ ਚੌਪਹਿਰਾ ਸਾਹਿਬ ਦਾ ਪਾਠ ਕੀਤਾ ਗਿਆ। ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀਆਂ ਤੋਂ ਰੱਦ ਕਰਕੇ ਸਰਕਾਰੀ ਅਦਾਰਿਆਂ ਰਾਹੀਂ ਸਪਲਾਈ ਕੀਤਾ ਜਾਵੇ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁੱਹਈਆ ਕਰਵਾਏ ਜਾਣ, ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਦਾ ਪਿਛਲੇਂ 10 ਮਹੀਨਿਆਂ ਦਾ ਰੁਕਿਆ ਹੋਇਆ ਮਾਣਭੱਤਾ ਤੁਰੰਤ ਦਿੱਤਾ ਜਾਵੇ। ਇਸ ਤੋਂ ਇਲਾਵਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਬਹਾਲ ਕੀਤੀਆਂ ਜਾਣ। ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਐਤਵਾਰ ਵਾਲੇ ਦਿਨ ਇਥੇ ਆ ਕੇ ਚੌਪਿਹਰਾ ਸਾਹਿਬ ਦਾ ਪਾਠ ਕਰਦੀਆਂ ਰਹਿਣਗੀਆਂ। ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਦੀ ਮੰਤਰੀ ਜਥੇਬੰਦੀ ਨਾਲ ਗੱਲਬਾਤ ਕਰੇ ਤੇ ਉਹਨਾਂ ਦੀਆਂ ਮੰਗਾਂ ਮੰਨੇ। ਜਿਕਰਯੋਗ ਹੈ ਕਿ ਹਰ ਐਤਵਾਰ ਨੂੰ ਵਰਕਰਾਂ ਤੇ ਹੈਲਪਰਾਂ ਫਰੀਦਕੋਟ ਵਿਖੇ ਆਪਣੀਆਂ ਮੰਗਾਂ ਸਬੰਧੀ ਮੰਤਰੀ ਦੇ ਘਰ ਅੱਗੇ ਆਉਂਦੀਆਂ ਹਨ ਪਰ ਮੰਤਰੀ ਨੇ ਅਜੇ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ। ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਦੀਆਂ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਮਨਜੀਤ ਕੌਰ ਫਿਰੋਜਪੁਰ, ਗੁਰਮੀਤ ਕੌਰ ਮੱਖੂ, ਨਰਿੰਦਰਜੀਤ ਕੌਰ ਮਿਸ਼ਰੀ ਵਾਲਾ, ਹਰਭਿੰਦਰ ਕੌਰ ਸੁਲਹਾਣੀ, ਕਸ਼ਮੀਰ ਕੌਰ ਗੁਰੂ ਹਰਸਹਾਏ, ਜਸਵਿੰਦਰ ਕੌਰ ਹਰੀ ਨੌਂ, ਇੰਦਰਜੀਤ ਕੌਰ ਲੁਹਾਰਾ, ਹਰਬੰਸ ਕੌਰ ਮੁੱਦਕੀ, ਹਰਮੀਤ ਕੌਰ ਗੁਰੂ ਹਰਸਹਾਏ, ਸੀਮਾ ਰਾਣੀ ਗੁਰੂ ਹਰਸਹਾਏ, ਇਕਬਾਲ ਸਿੰਘ ਨਿਹਾਲ ਸਿੰਘ ਵਾਲਾ, ਮਨਜੀਤ ਕੌਰ ਅਤੇ ਸੁਖਦੇਵ ਕੌਰ ਨਿਹਾਲ ਸਿੰਘ ਵਾਲਾ ਆਦਿ ਆਗੂ ਮੌਜੂਦ ਸਨ।
