ਉਮਰਾਂ ਭਰ ਲਈ ਦੂਰ ਕੀ ਹੋਇਆ।
ਏਨਾਂ ਵੀਂ ਮਨਜ਼ੂਰ ਕੀ ਹੋਇਆ।
ਕਿਣਕਾ ਤਕ ਵੀ ਨਜ਼ਰ ਨਾ ਆਵੇ,
ਸ਼ੀਸ਼ਾ ਚਕਨਾਚੂਰ ਕੀ ਹੋਇਆ।
ਪਾਗ਼ਲ ਜਿੱਦਾਂ ਹਰਕਤ ਕਰਦਾ,
ਬੰਦਾ ਉਹ ਮਸ਼ਹੂਰ ਕੀ ਹੋਇਆ।
ਉਸ ਦਾ ਏਨਾਂ ਸੁੰਦਰ ਮੁਖੜਾ,
ਚੜ੍ਹਦੇ ਚੰਨ ਦਾ ਨੂਰ ਕੀ ਹੋਇਆ।
ਓਧਰ ਪਾਉਣੈਂ ਏਧਰ ਕੀ ਏ,
ਸਾਕੀ ਇਹ ਦਸਤੂਰ ਕੀ ਹੋਇਆ।
ਕੰਨਾਂ ਵਿਚ ਝੁਮਕੇ ਲਹਿਰਾਂਦੇ,
ਅੰਬਾਂ ਉਪਰ ਬੂਰ ਕੀ ਹੋਇਆ।
ਜਿਹੜਾ ਉਸ ਨੂੰ ਤੱਕ ਲੈਂਦਾ ਹੈ,
ਬੋਤਲ ਨਾਲ ਸਰੂਰ ਕੀ ਹੋਇਆ।
ਬਿਟ ਬਿਟ ਤੱਕੀ ਜਾਂਦੇ ਹੋ ਕਿਉਂ,
ਮਹਿਫ਼ਲ ਵਿੱਚ ਹਜ਼ੂਰ ਕੀ ਹੋਇਆ।
ਆਪਾਂ ਜੋ ਲੈਣਾ ਸੀ ਲੀਤਾ,
ਐਪਰ ਹੋਰ ਜ਼ਰੂਰ ਕੀ ਹੋਇਆ।
ਅੱਖਾਂ ਵਿਚ ਗਲੇਡੂ ਏਦਾਂ,
ਗੁੱਛੇ ਵਿਚ ਅੰਗੂਰ ਕੀ ਹੋਇਆ।
ਕੀ ਗੱਲ ਹੋਈ ਕੀ ਹੋਇਆ ਏ,
ਉਹ ਹੋ ਮਗਰ ਕਸੂਰ ਕੀ ਹੋਇਆ।
ਲਿਖਦਾ ਹੋਊ ਬਾਲਮ ਗ਼ਜ਼ਲਾਂ,
ਏਨਾਂ ਮਗਰ ਗ਼ਰੂਰ ਕੀ ਹੋਇਆ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409