ਸਫਾਈ ਕਾਮਿਆਂ ਵੱਲੋਂ ਭੁੱਖ ਹੜਤਾਲ ਸਮਾਪਤ ਕਰਕੇ ਕੀਤੀ ਗਈ ਕੰਮ ਛੋੜ ਹੜਤਾਲ
8ਵੇਂ ਦਿਨ ਨਗਰ ਕੋਂਸਲ ਦੇ ਗੇਟ ਮੂਹਰੇ ਕੂੜੇ ਦੀਆਂ ਭਰੀਆਂ ਟਰਾਲੀਆਂ ਲਾ ਕੇ ਕੀਤਾ ਰੋਸ ਪ੍ਰਦਰਸ਼ਨ
ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਭਾਰੀ ਕਮੀ ਹੋਣ ਕਰਕੇ ਜਿੱਥੇ ਸਫਾਈ ਵਿਵਸਥਾ ਚਰਮਰਾਈ ਹੋਈ ਹੈ, ਉੱਥੇ ਕੰਮ ਕਰਦੇ ਸਫਾਈ ਸੇਵਕਾਂ ’ਤੇ ਵਾਧੂ ਕੰਮ ਦਾ ਬੈਡ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਜਥੇਬੰਦੀ ਵਲੋਂ ਪਿਛਲੇ 7 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਪਰ ਅਧਿਕਾਰੀਆਂ ‘ਤੇ ਕੋਈ ਅਸਰ ਨਾ ਹੋਣ ਕਰਕੇ ਮਜਬੂਰਨ ਸਮੂਹ ਸਫਾਈ ਸੇਵਕ ਕੰਮ ਬੰਦ ਕਰਕੇ ਹੜਤਾਲ ‘ਤੇ ਚਲੇ ਗਏ ਹਨ ਤੇ ਕੂੜੇ ਨਾਲ ਭਰੀਆਂ ਟਰਾਲੀਆਂ ਨਗਰ ਕੌਂਸਲ ਦਫਤਰ ਦੇ ਮੈਨ ਗੇਟ ’ਤੇ ਲਾਈਆਂ ਗਈਆਂ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪ੍ਰੇਮ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਤੇ ਕਾਰਜ ਸਾਧਕ ਅਫਸਰ ਵਲੋਂ 200 ਸਫਾਈ ਸੇਵਕਾਂ ਦੀ ਕੰਟਰੈਕਟ ਬੇਸ ਭਰਤੀ ਨੂੰ ਲੈ ਕੇ ਕੀਤੀ ਗਈ-ਸਿਲੈਕਸ਼ਨ ’ਚ ਵਾਲਮੀਕਿ ਸਮਾਜ ਦੇ ਉਮੀਦਵਾਰਾਂ ਨੂੰ ਤਰਜੀਹ ਨਹੀਂ ਦਿੱਤੀ ਗਈ ਹੈ, ਜਦਕਿ ਸਾਡੇ ਵਾਲਮੀਕਿ ਸਮਾਜ ਦੇ ਪੁਰਖਿਆਂ ਵਲੋਂ ਪਿਛਲੇ 7-8 ਦਹਾਕਿਆਂ ਤੋਂ ਲਗਾਤਾਰ ਸ਼ਹਿਰ ਦੀ ਸਫਾਈ ਦਾ ਕੰਮ ਕਰਕੇ ਨਗਰ ਕੌਂਸਲ ਅਤੇ ਸ਼ਹਿਰ ਨਿਵਾਸੀਆਂ ਦੀ ਸੇਵਾ ਕੀਤੀ ਗਈ ਹੈ ਪਰ ਸਾਡੀ ਇਸ ਦਲੀਲ ਨੂੰ ਨਗਰ ਕੌਂਸਲ ਤੇ ਪੰਜਾਬ ਸਰਕਾਰ ਅਣ-ਦੇਖਿਆ ਕਰ ਰਹੀ ਹੈ ਤੇ ਸਾਡੇ ਤੋਂ ਇਲਾਵਾ ਉਕਤ ਭਰਤੀ ’ਚ ਹੋਰ ਕੈਟਾਗਿਰੀਆਂ ਦੇ ਲੋਕ ਭਰਤੀ ਲਈ ਸਿਲੈਕਟ ਕਰਕੇ ਸਾਡੇ ਕਿੱਤੇ ‘ਤੇ ਬਹੁਤ ਵੱਡੀ ਚੋਟ ਮਾਰੀ ਜਾ ਰਹੀ ਹੈ, ਜੋ ਕਿ ਬਰਦਾਸਤ ਤੋਂ ਬਾਹਰ ਹੈ, ਜਿਸ ਕਾਰਨ ਸਾਡੇ ਸਮਾਜ ਦੇ ਲੋਕਾਂ ਵਿਚ ਭਾਰੀ ਰੋਸ ਭਰਿਆ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਅਧਿਕਾਰੀਆਂ ਨਾਲ ਭਰਤੀ ਸਬੰਧੀ ਹੁਣ ਤੱਕ ਹੋਈਆਂ ਮੀਟਿੰਗਾਂ ਬੇ-ਨਤੀਜਾ ਰਹੀਆਂ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਇਸੇ ਤਰਾਂ ਚਲਦਾ ਰਿਹਾ ਤੇ ਨਗਰ ਕੌਂਸਲ ਵੱਲੋਂ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੌਰਾਨ ਸ਼ਹਿਰ ਦੇ ਬਜਾਰਾਂ ’ਚ ਰੋਸ ਮਾਰਚ, ਅਰਥੀ ਫੂਕ ਮੁਜਾਹਰੇ, ਸੜਕਾਂ ਰੋਕ ਕੇ ਟ੍ਰੈਫਿਕ ਜਾਮ ਕੀਤੇ ਜਾਣਗੇ, ਜਿਸ ਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾਈ ਜਨਰਲ ਸਕੱਤਰ ਰਮੇਸ਼ ਗਚੰਡ, ਸੂਬਾ ਸਕੱਤਰ ਚਿਮਨ ਲਾਲ ਭੋਲੀ ਅਤੇ ਲੋਕਲ ਆਗੂ ਤੇ ਇੰਦਰ ਪਾਲ ਟੀਟੀ ਚਾਵਰੀਆਂ, ਸੰਨੀ ਬੋਲੀ, ਮੂਲ ਚੰਦ, ਤੋਤਾ ਰਾਮ ਰਾਹੁਲ ਗਾਠੂ, ਸੰਨੀ, ਕਮਲ ਚਾਵਰੀਆਂ ਬੇਬੀ, ਬਾਦਲ ਨੀਰੂ, ਫਕੀਰ ਚੰਦ ਸਮੇਤ ਸਮੂਹ ਸਫਾਈ ਸੇਵਕ ਵੀ ਮੌਜੂਦ ਸਨ।