ਸਵਰਗ ਦਾ ਇਤਿਹਾਸ ਬਣਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਰਾਜਾ ਰੰਕ ਦੇ ਪੈਰ ਦਬਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਇੱਛਾ ਸ਼ਕਤੀ ਦਾ ਸਦਉਪਯੋਗ ਜੀਵਨ ਦੀ ਅਨੁਪਮ ਕੂੰਜੀ,
ਗੀਤਾ ਦਾ ਸੰਦੇਸ਼ ਸੁਣਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਜਿਉਂ ਅੰਬਰ ਤੱਕ ਫੈਲੀਆਂ ਨਜ਼ਰਾਂ ਸੂਰਜ ਦੇ ਦਰਸ਼ਨ ਕਰਦੀਆਂ,
ਸਦੀਆਂ ਤੋਂ ਹੀ ਆਏ ਜਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਜਾਤੀ-ਪਾਤੀ ਰੰਗ ਰੂਪ ਭਿੰਨਤਾ ‘ਤੇ ਅਵਿਨਾਸ਼ੀ ਕੁਦਰਤ,
ਸਭ ਨੂੰ ਉਤਮ ਕਰਮ ਸਿਖਾਏ ਕਿ੍ਸ਼ਨ ਸੁਦਮਾ ਦੀ ਯਾਰੀ |
ਇਕਾਗਰ ਬੁੱਧੀ ਨਾਲ ਪ੍ਰਤੱਖ ਕਰਮ ਫਲਾਂ ਦੀ ਆਜ਼ਾਦੀ,
ਮਾਨਵ ਦਾ ਹੰਕਾਰ ਮਿਟਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਮੰਗਲਮਈ ਪ੍ਰਮੋਦਭਰੀ ਸਦਭਾਵ ਪੂਰਨ ਪ੍ਰੇਰਨਾਵਾਂ,
ਸ਼ਕਤੀ ਦੇ ਮਾਅਨੇ ਸਮਝਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਸਵਰਗ ਲੋਕ ਅਤੇ ਧਰਤੀ ਲੋਕ ਦਾ ਯਸ਼ ਏਥੇ ਹੀ ਮਿਲਦਾ,
ਡਿਗਦੇ ਨੂੰ ਵੀ ਸੀਨੇ ਲਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਅਖੰਡ ਸੋਚ ਤੇ ਆਨੰਦਨਿਧਿ ਪਰਮਾਤਮਾ ਦੀ ਹੈ ਪ੍ਰਾਪਤੀ,
ਹਿਰਦੇ ‘ਚੋਂ ਅਭਿਵਾਦਨ ਗਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਨਿਰਬਲ, ਨਿਰਧਨ, ਨਿਰਛਲ, ਸ਼ਾਸਕ, ਮਾਝੀ ਆਏ ਜਾਏ ਹੈ,
ਸਰਵ-ਵਰਣ ਦਾ ਪੁੱਲ ਬਣਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਮਾਨਵਤਾ ਵਿਚ ਸ਼ਿਸ਼ਟਾਚਾਰ ਬੁਲੰਦੀ ਨੂੰ ਛੂ ਜਾਂਦਾ ਹੈ,
ਤਦ ਸਰਹੱਦ ਦੀ ਲੀਕ ਮਿਟਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਪ੍ਰੀਤੀ, ਸ਼ਾਂਤੀ, ਸਮਤਾ, ਨਿਡਰਤਾ ਨਾਲ ਪਰਮਾਨੰਦ ਪ੍ਰਕਾਸ਼,
ਮੈਤਰੀ ਪੂਰਨ ਬਿੰਬ ਬਣਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਸ਼ਾਮ ਢਲੇ ਸਭ ਤੋਂ ਪਹਿਲਾਂ ਚੜ੍ਹਦੇ ਹਨ ਦੋ ਸੁੰਦਰ ਤਾਰੇ,
ਏਦਾਂ ਯਾਦ ਹਮੇਸ਼ਾ ਆਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
‘ਬਾਲਮ’ ਜਿਸ ਵਿਚ ਪੂਜਨ ਦੇ ਸਭ ਤੱਤਾਂ ਦੀ ਖ਼ੁਸ਼ਬੂ ਫੈਲੇ,
ਪੂਜਾ ਵਾਲੇ ਥਾਲ ਸਜਾਏ ਕ੍ਰਿਸ਼ਨ ਸੁਦਾਮਾ ਦੀ ਯਾਰੀ |
ਬਲਵਿੰਦਰ ‘ਬਾਲਮ’
ਓਾਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. 98156-25409