ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਗੋਕੁਲ, ਜਿਲ੍ਹਾ ਮਥੁਰਾ (ਯੂ.ਪੀ.) ਵਿਖੇ ਹੋਇਆ। ਸ਼੍ਰੀ ਕ੍ਰਿਸ਼ਨ ਦਵਾਪਰ ਯੁਗ ਵਿਚ ਯਸ਼ੋਧਾ ਮਾਤਾ ਦੀ ਕੁੱਖ ’ਚੋਂ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸ੍ਰੀ ਨੰਦ ਕਿਸ਼ੋਰ ਸਨ। ਗੋਕੁਲ ਪਿੰਡ ਵਿਚ ਅੱਜ ਵੀ ਕ੍ਰਿਸ਼ਨ ਭਗਵਾਨ ਦੇ ਸਮੇਂ ਦੇ ਚਿੰਨ੍ਹ ਮੌਜੂਦ ਹਨ। ਉਹ ਰੁੱਖ ਵੀ ਮੌਜੂਦ ਹੈ ਜਿਸ ਨਾਲ ਬਾਲ ਕ੍ਰਿਸ਼ਨ ਨੂੰ ਯਸ਼ੋਧਾ ਮਾਤਾ ਨੇ ਬੰਨਿਆ ਸੀ
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਵਸ ਨੂੰ ਹੀ ਜਨਮ ਅਸ਼ਟਮੀ ਕਹਿੰਦੇ ਹਨ। ਜਿਸ ਕਾਲ ਵਿਚ ਧਰਮ ਦੇ ਸਿਧਾਂਤ ਜੀਵਨ ਵਿਚ ਚਰਿਤਾਰਥ ਨਾ ਹੋ ਕੇ ਕੇਵਲ ਪੁਸਤਕਾਂ ਵਿਚ ਹੀ ਰਹਿ ਗਏ ਸਨ ਉਸ ਕਾਲ ਵਿਚ ਕ੍ਰਿਸ਼ਨ ਦਾ ਜਨਮ ਹੋਇਆ। ਸੱਤਾ ਜਾਂ ਸੰਪਤੀ ਦੇ ਬਿਨਾਂ ਵੀ ਹਜ਼ਾਰਾਂ ਲੋਕਾਂ ਦਾ ਸੰਗਠਨ ਹੋ ਸਕਦਾ ਹੈ, ਇਹ ਉਨ੍ਹਾਂ ਦੇ ਗੋਕੁਲ ਵਿਚ ਵੈਸਾ ਸੰਗਠਨ ਕਰਕੇ ਵਿਖਾਇਆ। ‘ਕਰਸ਼ਤੀ ਆਕਰਸ਼ਤੀ ਇਤੀ ਕ੍ਰਿਸ਼ਨ’ ਸਲੋਕ ਮੁਤਾਬਿਕ ਜੋ ਖਿੱਚਦਾ ਹੈ, ਆਕਰਸ਼ਿਤ ਕਰਦਾ ਹੈ ਉਹ ਕ੍ਰਿਸ਼ਨ। ਕ੍ਰਿਸ਼ਨ ਨੇ ਗੋਪੋਆਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਪ੍ਰੇਮ ਸੰਪਾਦਨ ਕੀਤਾ। ਕ੍ਰਿਸ਼ਨ ਦੇ ਕਹਿਣ ’ਤੇ ਗੋਕੁਲ ਦੇ ਲੋਕਾਂ ਨੇ ਸਾਲਾਂ ਪੁਰਾਣੀ ਇੰਦਰ ਪੂਜਾ ਦੀ ਪਰੰਪਰਾ ਤੋੜ ਦਿੱਤੀ ਅਤੇ ਗੌਵਰਧਨ ਪੂਜਾ ਨੂੰ ਸਵੀਕਾਰ ਕੀਤਾ। ਇਸ ਘਟਨਾ ਨਾਲ ਕੰਸ, ਜਰਾਸੰਘ ਆਦਿ ਲੋਕਾਂ ਦੀ ਧਾਰਨਾ ਨੂੰ ਬੜਾ ਧੱਕਾ ਲੱਗਿਆ। ਕ੍ਰਿਸ਼ਨ ਨੇ ਸਾਧਾਰਣ ਮਾਨਵ ਨੂੰ ਸਮਝਾਇਆ ਕਿ ਜੇਬ ਵਿਚ ਭਲੇ ਹੀ ਦਮੜੀ ਨਾ ਹੋਵੇ, ਪਰ ਤੇਜ਼ਸਵਿਤਾ ਨਾਲ ਅਤੇ ਨਿਸ਼ਠਾ ਨਾਲ ਇਕੱਠੇ ਹੋ ਕੇ ਸਾਹ ਵੀ ਲਵੋਗੇ ਤਾਂ ਜਗਤ ਬਦਲ ਜਾਵੇਗਾ। ਭਗਵਦ ਕਾਰਜ ਦੇ ਬਿਨਾਂ ਸਵਾਰਥ ਨਾਲ ਕਰਦੇ ਰਹੋ, ਪ੍ਰਭੂ ਤੁਹਾਡੇ ਪਿੱਛੇ ਖੜ੍ਹਿਆ ਹੈ।
ਮੂਸਲਾਧਾਰ ਬਾਰਿਸ਼, ਬਿਜਲੀ ਦੀ ਕੜਕੜਾਹਤ, ਬੱਦਲਾਂ ਦੇ ਝੁਰਮਟ, ਸਾਰੀ ਧਰਤੀ ਜਲ ਥਲ ਐਸੇ ਸਮੇਂ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ। ਜਦ ਜੀਵਨ ਵਿਚ ਅੰਧਕਾਰ ਵਧਦਾ ਹੈ, ਨਿਰਾਸ਼ਾ ਦੇ ਬੱਦਲ ਛਾ ਜਾਂਦੇ ਹਨ, ਮੁਸੀਬਤਾਂ ਦਾ ਹੜ੍ਹ ਆ ਜਾਂਦਾ ਹੈ, ਦੁੱਖ-ਆਫ਼ਤਾਂ ਸਿਰ ਚੜ੍ਹ ਕੇ ਬੋਲਦੇ ਹਨ ਤਦ ਭਗਵਾਨ ਸ੍ਰ੍ਰੀ ਕ੍ਰਿਸ਼ਨ ਜਨਮ ਲੈਂਦੇ ਹਨ।
ਵਿਆਪਤ ਅੰਧਕਾਰ ਵਿਚ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਫੁੱਟ ਨਿਕਲਦੀਆਂ ਹਨ, ਅਸਮਾਨ ਵਿਚ ਸੂਰਜ ਅਪਣੀ ਸ਼ੋਭਾ ਨੂੰ ਵਧਾਉਂਦਾ ਹੈ ਤਦ ਮਾਨਵਤਾ ਆਨੰਦ ਨਾਲ ਪੁਲਕਿਤ ਹੁੰਦੀ ਹੈ ਸਾਮਰਾਜਵਾਦ ਦੀਆਂ ਮੁਸੀਬਤਾਂ ਵਿਚ ਪਿਸਦੇ ਹੋਏ ਸਮਾਜ ਨੂੰ ਉਸਦਾ ਤਾਰਨਹਾਰ ਮਿਲੇ, ਸੱਤਾ ਅਤੇ ਸੰਪਤੀ ਦੇ ਸ਼ੋਸ਼ਣ ਤੋਂ ਛੁਡਾਉਣ ਵਾਲਾ ਮੁਕਤੀਦਾਤਾ ਮਿਲੇ, ਗ਼ਰੀਬਾਂ, ਬੇਸਹਾਰਿਆਂ ਨੂੰ ਮਸੀਹਾ ਮਿਲੇ, ਡੁੱਬਦੇ ਹੋਏ ਨੂੰ ਕਿਸਾਨਾ ਦੇਣ ਵਾਲਾ ਅਤੇ ਅਧਿਆਤਮਿਕ ਵਿਅਕਤੀ ਨੂੰ ਉਧਾਰਕ ਮਿਲੇ ਤਾਂ ਤਦ ਆਨੰਦ ਵਿਭੋਰ ਹੋ ਕੇ ਕੌਣ ਨਈਂ ਨੱਚਦਾ? ਫਿਰ ਮੁਕਤੀਦਾਤਾ, ਮਾਨਵਤਾਵਾਦੀ, ਗੀਤਾ ਦੇ ਉਦਾਰਤਾ, ਲੋਕਾਂ ਨੂੰ ਤਾਰਨ ਵਾਲਾ ਅਤੇ ਉਧਾਰਕ ਕ੍ਰਿਸ਼ਨ ਦਾ ਜਨਮ ਹੋਇਆ ਅਤੇ ਸਾਰੇ ਦੁੱਖ ਸੰਤਾਪ ਨੂੰ ਭੁੱਲ ਕੇ ਆਨੰਦ-ਉਲਾਸ, ਖੁਸ਼ੀ ਵਿਚ ਲੋਕ ਨੱਚਣ ਲੱਗੇ ਅਤੇ ਉਹ ਦਿਨ ਜਨਮ ਅਸ਼ਟਮੀ ਦੇ ਨਾਂਅ ਨਾਲ ਪ੍ਰਸਿੱਧ ਹੋਇਆ।
ਭਗਵਾਨ ਸ਼੍ਰੀ ਕ੍ਰਿਸ਼ਨ ਵਿਚ ਮਾਨਵਤਾ ਦੇ ਸਾਰੇ ਗੁਣ ਸਨ। ਉਹ ਇਕ ਸੱਚੇ ਮਿੱਤਰ (ਕ੍ਰਿਸ਼ਨ-ਸੁਦਾਮਾ ਪ੍ਰਸੰਗ), ਰਾਜਿਆਂ ਵਰਗੇ, ਪਿਤਾ ਅਤੇ ਪੁੱਤਰ ਵਰਗੇ, ਭਗਤਾਂ ਨੂੰ ਖ਼ੁਦ ਭਗਵਾਨ ਲਗਦੇ ਸਨ। ਉਨ੍ਹਾਂ ਦੇ ਮਸਤਕ ਦੀ ਸ਼ੋਭਾ ਵਿਚ ਸੂਰਜ ਵਰਗਾ ਆਕਰਸ਼ਣ ਸੀ। ਸ਼ਾਂਤ, ਨਿਰਮਲ ਅਤੇ ਮੌਕੇ ’ਤੇ ਸਹੀ ਫ਼ੈਸਲਾ ਲੈਣ ਵਾਲੇ, ਲੋਕਾਂ ਵਿਚ ਪਿਆਰ ਵੰਡਣ ਵਾਲੇ, ਉਨ੍ਹਾਂ ਦੇ ਆਕਰਸ਼ਣ ਵਿਚ, ਬਾਣੀ ਵਿਚ ਇਕ ਐਸੀ ਖੁਸ਼ਬੂ ਸੀ ਜਿਸ ਨੂੰ ਪਾ ਕੇ ਸਾਰੇ ਆਨੰਦ-ਵਿਭੋਰ ਹੋ ਜਾਂਦੇ। ਵੈਸੇ ਵੀ ਜਨਮ ਅਸ਼ਟਮੀ ਹਰ ਸਾਲ ਆਉਂਦੀ ਹੈ, ਲੋਕਾਂ ਨੂੰ ਕਿੰਨਾ ਆਨੰਦ ਦਿੰਦੀ ਹੈ। ਕ੍ਰਿਸ਼ਨ ਦਾ ਜਨਮ ਹੀ ਇਸ ਤਰ੍ਹਾਂ ਦਾ ਹੈ। ਜਨਮ ਅਸ਼ਟਮੀ ਭਾਵ ਕਿ ਪ੍ਰਭੂ ਪ੍ਰੇਮੀਆਂ ਦਾ ਆਨੰਦ ਦੀ ਅਵਸਥਾ।
ਸਭ ਦ੍ਰਿਸ਼ਟੀਆਂ ਵਿਚ ਕ੍ਰਿਸ਼ਨ ਪੂਰਨ ਅਵਤਾਰ ਸਨ। ਉਨ੍ਹਾਂ ਦੇ ਜੀਵਨ ਵਿਚ ਕੋਈ ਵੀ ਉਂਗਲੀ ਉਠਾਉਣ ਵਾਲਾ ਨਹੀਂ ਹੈ। ਉਹ ਸੰਪੂਰਨ ਸਨ। ਉਹ ਅਧਿਆਤਮਿਕ, ਨੈਤਿਕਤਾਵਾਦੀ, ਸਮਾਜ ਉਧਾਰਕ, ਰਾਜਨੀਤਕ, ਸੰਸਕ੍ਰਿਤੀ ਦੇ ਸਵਾਮੀ ਆਦਿ ਗੁਣਾਂ ਦਾ ਗਹਿਰਾ ਸਮੁੰਦਰ ਸਨ। ਉਹ ਯਸ਼ਸਵੀ, ਰਾਜਨਾਇਕ, ਜੇਤੂ ਯੋਧਾ, ਧਰਮ ਸਾਮਰਾਜ ਦਾ ਨਿਰਮਾਤਾ, ਮਾਨਵ-ਵਿਕਾਸ ਕਰਨ ਵਾਲੇ, ਧਰਮ ਦਾ ਮਹਾਨ ਪ੍ਰਵਚਨਕਾਰ, ਭਕਤਵਤਸਲ ਅਤੇ ਗਿਆਨੀਆਂ ਅਤੇ ਜਗਿਆਸੂਆਂ ਦੀ ਜਗਿਆਸਾ ਪੂਰੀ ਕਰਨ ਵਾਲੇ ਜਗਤਗੁਰੂ ਭਾਵ ਸ੍ਰੀ ਕ੍ਰਿਸ਼ਨ।
ਭਗਵਾਨ ਸ੍ਰੀ ਕ੍ਰਿਸਨ ਨੇ ਬੁਰਾਈ ਦਾ ਨਾਸ਼ ਕੀਤਾ ਅਤੇ ਅੱਛਾਈ (ਚੰਗਿਆਈ) ਦੀ ਖ਼ੁਸ਼ਬੂ ਪੈਦਾ ਕੀਤੀ। ਗੋਪਾਲਾਂ ਨਾਲ ਮਿਲ ਕੇ ਉਨ੍ਹਾਂ ਨੇ ਸਮਾਜ ਬਦਲ ਦਿੱਤਾ। ਉਨ੍ਹਾਂ ਪਾਪ ਅਤੇ ਦੰਭ ਦਾ ਨਾਸ਼ ਕੀਤਾ। ਨਾਗ ਜਾਤੀ ਦੇ ਦ੍ਰਿਸ਼ਟ ਰਾਜਾ ਦਾ ਨਾਸ ਕੀਤਾ। ਭਗਵਾਨ ਸ੍ਰੀ ਕ੍ਰਿਸ਼ਨ ਨੇ ਪੈਸੇ ਵਾਲਿਆਂ ਦਾ ਪੂਜਣ ਬੰਦ ਕਰਕੇ ‘ਗੋ’ ਯਾਨੀ ਉਪਨਿਸ਼ਦਾਂ ਦਾ ਪੂਜਣ ਸ਼ੁਰੂ ਕਰਵਾਇਆ। ਗੋਪਾਲਾ ਨੂੰ ਸਿਹਤਮੰਦ ਰੱਖਣ ਲਈ ਮੱਖਣ ਖਵਾਉਂਦੇ ਸਨ। ਗੋਪਾਲਕਾਂ ਵਿਚ ਸੰਗਠਤਾ ਆਉਂਦੀ ਸੀ। ਸੁੱਖ ਅਤੇ ਸ਼ਾਂਤੀ ਵਧਦੀ ਸੀ।
ਸੰਸਕ੍ਰਿਤੀ ਦੇ ਲਈ ਉਨ੍ਹਾਂ ਦਾ ਹਿਰਦੇ ਤਦ ਦੁਖੀ ਹੁੰਦਾ ਸੀ ਇਸ ਲਈ ਤਾਂ ਜਦੋਂ ਦੁਰਯੋਧਨ, ਕੰਸ, ਕਾਲਯਵਨ, ਨਰਕਾਸੁਰ, ਸ਼ਿਸੂਪਾਲ ਅਤੇ ਜਰਾਸੰਘ ਵਰਗੇ ਜੜ੍ਹਵਾਦੀ, ਆਸੁਰੀ ਸੰਸਕ੍ਰਿਤੀ ਦੇ ਪ੍ਰਚਾਰਕ ਤਾਂਡਵ ਨਾਚ ਕਰ ਰਹੇ ਸਨ। ਸੰਸਕ੍ਰਿਤੀ ਪ੍ਰੇਮੀ ਪਾਂਡਵਾਂ ਦੇ ਉਹ ਸਦਾ ਦੇ ਲਈ ਮਾਰਗਦਰਸ਼ਨ ਰਹੇ। ਮੁਸ਼ਕਿਲ ਕਾਲ ਦੇ ਪ੍ਰਸੰਗ ਵਿਚ ਅਤੇ ਮੁਸੀਬਤ ਸਮੇਂ ਉਹ ਪਾਂਡਵਾਂ ਨੂੂੰ ਬਚਾ ਲੈਂਦੇ ਸਨ। ਅਨੁਸ਼ਾਸਨਹੀਣਤਾ ਕਰਕੇ ਹੀ ਕੌਰਵਾਂ ਦੀ ਹਾਰ ਹੋਈ।
ਭਗਵਾਨ ਸ਼੍ਰੀ ਕ੍ਰਿਸ਼ਨ ਜੋ ਕਰਮ ਨੂੰ ਪ੍ਰਾਥਮਿਕਤਾ ਦਿੰਦੇ ਹਨ। ਉਨ੍ਹਾਂ ਦੀ ਪ੍ਰਤਿਮਾ ਨੂੰ ਦੇਖ ਕੇ ਸ਼ਾਂਤੀ ਮਿਲਦੀ ਹੈ। ਹੋਠਾਂ ’ਤੇ ਮੁਰਲੀ ਮਧੁਰ ਸੰਗੀਤ ਦੀ ਚਿੰਨ੍ਹ। ਮਸਤਕ ਉਪਰ ਮੋਰ ਪੰਖ, ਗਲੇ ਵਿਚ ਮਾਲਾ, ਨਾਲ ਨਾਲ ਗਉ (ਗਾਂ) ਇਹ ਸਭ ਚਿੰਨ੍ਹ ਸ਼ਾਂਤੀ ਅਤੇ ਸੁਖਦ ਪ੍ਰੇਮ ਨੂੰ ਦਰਸਾਂਦੇ ਹਨ।
ਭਗਤੀ ਅਤੇ ਗਿਆਨ ਜਿਸਨੇ ਵੀ ਜੀਵਨ ਵਿਚ ਉਤਾਰਿਆ ਹੈ ਐਸੋ ਨਿਸ਼ਕਾਮ ਕਰਮਯੋਗੀ ਦੀ ਜਾਣਕਾਰੀ ਸ੍ਰੀ ਕ੍ਰਿਸ਼ਨ ਨੇ ਗੀਤਾ ਵਿਚ ਦਿੱਤੀ ਹੈ।
ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਗੋਪੀਆਂ ਉਨ੍ਹਾਂ ਦੇ ਵਿਸ਼ੇਸ ਗੁਣ ਹਨ। ਭਗਵਾਨ ਸ੍ਰੀ ਕ੍ਰਿਸ਼ਨ ਦੇ ਗੁਣਾਂ ਨੂੰ ਹੀ ਗੋਪੀਆਂ ਕਹਿੰਦੇ ਹਨ। ਕ੍ਰਿਸ਼ਨ ਭਗਵਾਨ ਭਾਰਤ ਦੇ ਯੁੱਗ ਪੁਰਸ਼ ਸਨ।
ਅੱਜ ਦੇ ਦਿਨ ਸਾਰੇ ਭਾਰਤ ਵਾਸੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਸਾਸ਼ਤਰ ਉਪਰ ਚੱਲਣਾ ਚਾਹੀਦਾ ਹੈ। ਜਾਤ-ਪਾਤ, ਰੰਗ ਰੂਪ, ਵਰਣ ਭੇਣ ਛੱਡ ਕੇ ਭਾਰਤ ਦੇ ਸੱਚੇ ਕਰਮਸ਼ੀਲ ਬਣਨਾ ਚਾਹੀਦਾ ਹੈ। ਜਨਮ ਅਸ਼ਟਮੀ ਮਨਾਓ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਹੋ ਜਾਚ।
ਬਲਵਿੰਦਰ ‘ਬਾਲਮ’
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ.98156-25409