ਜਦੋਂ ਝੰਡੇ ਨੂੰ ਹੇਠਾਂ ਤੋਂ ਰੱਸੀ ਰਾਹੀਂ ਖਿੱਚ ਕੇ ਉਤਾਂਹ ਲਿਜਾਇਆ ਜਾਂਦਾ ਹੈ, ਫਿਰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ, ਇਸ ਨੂੰ ਝੰਡਾ ਲਹਿਰਾਉਣਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸਨੂੰ ‘ਫਲੈਗ ਹੋਇਸਟਿੰਗ’ (Flag hoisting) ਕਿਹਾ ਜਾਂਦਾ ਹੈ। ਇਹ 15 ਅਗਸਤ 1947 ਦੀ ਇਤਿਹਾਸਕ ਘਟਨਾ ਨੂੰ ਸਨਮਾਨ ਦੇਣ ਲਈ ਕੀਤਾ ਜਾਂਦਾ ਹੈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜਿਹਾ ਕੀਤਾ ਸੀ।
ਜਦਕਿ 26 ਜਨਵਰੀ, ਗਣਤੰਤਰ ਦਿਵਸ ਮੌਕੇ ਤੇ ਝੰਡਾ ਉੱਤੇ ਹੀ ਬੰਨ੍ਹਿਆ ਹੁੰਦਾ ਹੈ, ਜਿਸਨੂੰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ। ਸੰਵਿਧਾਨ ਵਿੱਚ ਇਸ ਨੂੰ ‘ਝੰਡਾ ਫਹਿਰਾਉਣਾ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਦਾ ਨਾਮ ‘ਫਲੈਗ ਅਨਫਰਲਿੰਗ’ (Flag unfurling) ਹੈ, ਪਰ ਪੰਜਾਬੀ ਵਿੱਚ ਇਸਨੂੰ ਵੀ ‘ਝੰਡਾ ਲਹਿਰਾਉਣਾ’ ਹੀ ਕਹਿ ਦਿੱਤਾ ਜਾਂਦਾ ਹੈ।
ਪੰਦਰਾਂ ਅਗਸਤ ਦੇ ਦਿਨ ਪ੍ਰਧਾਨਮੰਤਰੀ, ਜੋ ਕੇਂਦਰ ਸਰਕਾਰ ਦੇ ਮੁਖੀ ਹੁੰਦੇ ਨੇ, ਉਹ ਝੰਡਾ ਲਹਿਰਾਉਂਦੇ ਹਨ। ਕਿਉਂਕਿ ਸੁਤੰਤਰਤਾ ਦੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਅਤੇ ਰਾਸ਼ਟਰਪਤੀ, ਜੋ ਰਾਸ਼ਟਰ ਦੇ ਸੰਵਿਧਾਨਕ ਮੁਖੀ ਹੁੰਦੇ ਨੇ, ਉਨ੍ਹਾਂ ਨੇ ਅਜੇ ਅਹੁਦਾ ਨਹੀਂ ਸੀ ਸੰਭਾਲਿਆ। ਇਸ ਦਿਨ ਸ਼ਾਮ ਨੂੰ ਰਾਸ਼ਟਰਪਤੀ ਆਪਣਾ ਸੰਦੇਸ਼ ਰਾਸ਼ਟਰ ਦੇ ਨਾਂ ਦਿੰਦੇ ਹਨ।
ਛੱਬੀ ਜਨਵਰੀ, ਜੋ ਕਿ ਦੇਸ਼ ਵਿੱਚ ਸੰਵਿਧਾਨ ਲਾਗੂ ਹੋਣ ਦੀ ਖ਼ੁਸ਼ੀ ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ ਸੰਵਿਧਾਨਕ ਪ੍ਰਮੁੱਖ (ਯਾਨੀ ਰਾਸ਼ਟਰਪਤੀ) ਝੰਡਾ ਲਹਿਰਾਉਂਦੇ ਹਨ।
ਸੁਤੰਤਰਤਾ ਦਿਵਸ ਦੇ ਦਿਨ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ ਜਾਂਦਾ ਹੈ, ਜਦਕਿ ਗਣਤੰਤਰ ਦਿਵਸ ਦੇ ਦਿਨ ਰਾਜਪਥ ਤੇ ਝੰਡਾ ਲਹਿਰਾਇਆ ਜਾਂਦਾ ਹੈ।

~ ਪ੍ਰੋ. ਨਵ ਸੰਗੀਤ ਸਿੰਘ
# ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.