ਅਸੀਂ “ਹਿੰਦੂ” ਨਹੀਂ; “ਸਨਾਤਨੀ” ਹਾਂ, ਅਸੀਂ “ਹਿੰਦੁਸਤਾਨੀ” ਨਹੀਂ; “ਭਾਰਤੀ” ਹਾਂ: ਤਾਂ ਫਿਰ, ਸਾਡੀ ਰਾਸ਼ਟਰ-ਭਾਸ਼ਾ ਵੀ “ਹਿੰਦੀ” ਨਹੀਂ ਹੋ ਸਕਦੀ। ਜਿਸ ਤਰ੍ਹਾਂ ਇੰਗਲੈਂਡ ਦੀ ਰਾਸ਼ਟਰ-ਭਾਸ਼ਾ ਦਾ ਨਾਂ ‘ਇੰਗਲਿਸ਼’ ਹੈ; ਇਸੇ ਤਰ੍ਹਾਂ ਭਾਰਤ ਦੀ ਰਾਸ਼ਟਰ-ਭਾਸ਼ਾ ਦਾ ਨਾਮ ਵੀ “ਭਾਰਤੀਯ” ਹੋਣਾ ਚਾਹੀਦਾ ਹੈ।
ਭਾਰਤ ਵਾਸੀਓ! ਇਹ ਸਰਵ-ਪ੍ਰਵਾਨਿਤ ਸੱਚ ਹੈ ਕਿ ਭਾਰਤ ਦੇ ਪ੍ਰਾਚੀਨ ਪੰਥ/ਧਰਮ ਦਾ ਨਾਮ “ਸਨਾਤਨ” ਹੈ: “ਹਿੰਦੂ” ਨਹੀਂ। ਇਸੇ ਤਰ੍ਹਾਂ ਸਾਡੇ ਦੇਸ਼ ਦਾ ਪ੍ਰਾਚੀਨ ਨਾਮ “ਭਾਰਤ” ਹੈ: “ਹਿੰਦ” ਜਾਂ “ਹਿੰਦੁਸਤਾਨ” ਨਹੀਂ।
ਸਾਡੇ ਪੰਥ ਨੂੰ “ਹਿੰਦੂ” ਨਾਮ ਅਤੇ ਸਾਡੇ ਦੇਸ਼ ਨੂੰ “ਹਿੰਦੁਸਤਾਨ” ਨਾਮ: ਵਿਦੇਸ਼ੀ ਹਮਲਾਵਰਾਂ ਨੇ ਦਿੱਤੇ ਸਨ। ਵਿਦੇਸ਼ੀ ਹਮਲਾਵਰਾਂ ਦਾ ਲੰਬੇ ਸਮੇਂ ਤੱਕ ਭਾਰਤ ਉੱਤੇ ਰਾਜ ਰਹਿਣ ਕਾਰਨ ਇਹ ਦੋਵੇਂ ਨਾਮ ਪ੍ਰਚੱਲਿਤ ਹੋ ਕੇ ਪ੍ਰਸਿੱਧ ਹੋ ਗਏ ਅਤੇ ਅਸੀਂ ਭਾਰਤੀਆਂ ਨੇ ਵੀ ਇਨ੍ਹਾਂ ਦੋਵਾਂ ਨਾਵਾਂ ਨੂੰ ਸਹੀ ਸਮਝਦਿਆਂ, ਇਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ; ਜੋ ਕਿ ਗ਼ੁਲਾਮੀ ਦਾ ਚਿੰਨ ਹੈ। ਇਸ ਲਈ ਰਾਸ਼ਟਰ-ਭਾਸ਼ਾ ਨੂੰ “ਹਿੰਦੀ” ਕਹਿਣਾ ਅਯੋਗ ਹੈ।
ਜੇਕਰ ਅਸੀਂ “ਹਿੰਦੂ” ਨਹੀਂ: “ਸਨਾਤਨੀ” ਹਾਂ, ਅਸੀਂ “ਹਿੰਦੁਸਤਾਨੀ” ਨਹੀਂ: “ਭਾਰਤੀ” ਹਾਂ; ਤਾਂ ਫਿਰ “ਹਿੰਦੀ”, ਸਾਡੀ ਰਾਸ਼ਟਰ-ਭਾਸ਼ਾ ਵੀ ਨਹੀਂ ਅਖਵਾ ਸਕਦੀ। ਸਾਡੀ ਭਾਰਤੀਆਂ ਦੀ ਰਾਸ਼ਟਰ-ਭਾਸ਼ਾ ਦਾ ਨਾਮ ਤਾਂ “ਭਾਰਤੀਯ” ਹੀ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ, ਜਾਪਾਨ ਦੀ ਰਾਸ਼ਟਰ-ਭਾਸ਼ਾ ਦਾ ਨਾਮ ‘ਜਾਪਾਨੀ’, ਰੂਸ ਦੀ ਰਾਸ਼ਟਰ-ਭਾਸ਼ਾ ਦਾ ਨਾਮ ‘ਰੂਸੀ’ ਅਤੇ ਅਰਬ ਦੀ ਰਾਸ਼ਟਰ-ਭਾਸ਼ਾ ਦਾ ਨਾਮ ‘ਅਰਬੀ’ ਹੈ; ਇਸੇ ਤਰ੍ਹਾਂ, ਭਾਰਤ ਦੀ ਰਾਸ਼ਟਰ-ਭਾਸ਼ਾ ਦਾ ਨਾਮ ਵੀ ‘ਭਾਰਤੀਯ’ ਹੋਣਾ ਚਾਹੀਦਾ ਹੈ।
“ਹਿੰਦੀ” ਭਾਸ਼ਾ ਤਾਂ ਹਿੰਦੁਸਤਾਨੀਆਂ ਦੀ ਹੋ ਸਕਦੀ ਹੈ, ਭਾਰਤੀਆਂ ਦੀ ਨਹੀਂ। ਜਦੋਂ ਸਾਡੇ ਦੇਸ਼ ਦਾ ਮੂਲ ਅਸਲ ਨਾਮ ‘ਹਿੰਦੁਸਤਾਨ’ ਹੀ ਨਹੀਂ, ਤਾਂ ਅਸੀਂ ਵੀ ‘ਹਿੰਦੁਸਤਾਨੀ’ ਨਹੀਂ; ਅਸੀਂ ਤਾਂ ਭਾਰਤੀ ਹਾਂ। ਜਿਸ ਤਰ੍ਹਾਂ ਵਿਦੇਸ਼ੀਆਂ ਨੇ ਸਾਨੂੰ “ਹਿੰਦੂ” ਅਤੇ ਸਾਡੇ ਦੇਸ਼ ਨੂੰ “ਹਿੰਦੁਸਤਾਨ” ਨਾਮ ਦੇ ਦਿੱਤਾ, ਉਸੇ ਤਰ੍ਹਾਂ ਉਨ੍ਹਾਂ ਨੇ ਸਾਡੀ ਭਾਸ਼ਾ ਦਾ ਨਾਮ ਵੀ “ਹਿੰਦੀ” ਰੱਖ ਦਿੱਤਾ। ਵਿਦੇਸ਼ੀ ਹਮਲਾਵਰਾਂ ਨੇ, ਸਾਨੂੰ ਜੋ ਵੀ ਗ਼ਲਤ ਨਾਮ ਦਿੱਤੇ (ਭਾਰਤੀਆਂ ਵਿੱਚ ਸਵੈ-ਮਾਣ ਨਾ ਹੋਣ ਦੇ ਕਾਰਨ); ਅਸੀਂ ਉਨ੍ਹਾਂ ਗ਼ਲਤ ਨਾਵਾਂ ਨੂੰ ਹੀ ਸਵੀਕਾਰ ਕਰ ਲਿਆ।
ਅੱਜ ਅਸੀਂ ਭਾਰਤੀ ਸੁਤੰਤਰ ਹਾਂ। ਇਸ ਲਈ, ਸਾਨੂੰ ਵਿਦੇਸ਼ੀਆਂ ਵੱਲੋਂ ਦਿੱਤੇ ਇਨ੍ਹਾਂਨਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਸਾਰੇ ਭਾਰਤੀਆਂ ਨੂੰ ਮਿਲ ਕੇ ਇੱਕ ਨਵੀਂ “ਭਾਰਤੀਯ” ਭਾਸ਼ਾ ਬਣਾਉਣੀ ਚਾਹੀਦੀ ਹੈ; ਜਿਸ ਵਿੱਚ ਭਾਰਤ ਤੋਂ ਉਪਜੀਆਂ, ਭਾਰਤੀ ਮੂਲਦੀਆਂ, ਸਾਰੀਆਂ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਹੋਣ। (“ਭਾਰਤੀ ਮੂਲ ਦੀ ਭਾਸ਼ਾ” ਦਾ ਅਰਥ ਹੈ: ਜਿਨ੍ਹਾਂ ਭਾਸ਼ਾਵਾਂ ਦੀ ਸ਼ਬਦਾਵਲੀ ਅਤੇ ਲਿਪੀ ਭਾਰਤ ਤੋਂ ਉਪਜੀ ਹੋਵੇ; ਜਿਵੇਂ: ਸੰਸਕ੍ਰਿਤ, ਤਾਮਿਲ, ਤੇਲਗੂ, ਉੜੀਆ ਆਦਿ) ਸਾਰੀਆਂ ਭਾਰਤੀ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ, ਪਹਿਲਾਂ ਹੀ ਆਪਸ ਵਿੱਚ ਮਿਲਦੇ ਹਨ, ਜਿਵੇਂ: ਦਇਆ, ਧਰਮ, ਕਰੁਣਾ, ਗੁਰੂ, ਨਗਰ, ਸ਼ਾਸਤਰ ਆਦਿ। ਇਸ ਤਰ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਮਿਲਾ ਕੇ, ਨਵੀਂ ਭਾਸ਼ਾ ਬਣਾਉਣ ਵਿਚ ਕੋਈ ਸਮੱਸਿਆ ਨਹੀਂ ਹੋ ਸਕਦੀ; ਸਗੋਂ ਭਾਸ਼ਾ ਦੀਆਂ ਜ਼ਿਆਦਾਤਰ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕੇਂਦਰ ਸਰਕਾਰ ਨੂੰ ਓਸ ਨਵੀਂ ਭਾਸ਼ਾ ਨੂੰ ‘ਭਾਰਤੀਯ’ ਨਾਮ ਦੇ ਕੇ ਰਾਸ਼ਟਰ-ਭਾਸ਼ਾ ਐਲਾਨ ਕਰ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਵਿੱਚ, ਭਾਰਤ ਸਰਕਾਰ ਦੇ ਸਾਰੇ ਕੇਂਦਰੀ ਮੰਤਰਾਲੇ ਅਤੇ ਅਦਾਲਤਾਂ ਵਿੱਚ ਹਰ ਕੰਮ ਵਿੱਚ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਨਵੀਂ “ਭਾਰਤੀਯ” ਭਾਸ਼ਾ ਸਾਰੇ ਪ੍ਰਾਂਤਾਂ ਅਤੇ ਲੋਕਾਂ ਵਿੱਚ ਪ੍ਰਮਾਣਿਤ ਅਤੇ ਪ੍ਰਵਾਨਿਤ ਹੋ ਜਾਵੇਗੀ ਤਾਂ ਅੰਗਰੇਜ਼ੀ ਦੀ ਜਗ੍ਹਾ “ਭਾਰਤੀਯ” ਭਾਸ਼ਾ ਦੀ ਵਰਤੋਂ ਸ਼ੁਰੂ ਹੋ ਜਾਵੇਗੀ ਅਤੇ ਅਸੀਂ ਗ਼ੁਲਾਮੀ ਦੇ ਚਿੰਨ ‘ਅੰਗਰੇਜ਼ੀ’ ਤੋਂ ਛੁਟਕਾਰਾ ਪਾ ਸਕਾਂਗੇ। .
ਅਜਿਹਾ ਕਰਨ ਨਾਲ ਦੱਖਣੀ ਪ੍ਰਾਂਤਾਂ ਦੀਆਂ ਕੁਝ ਭਾਸ਼ਾਵਾਂ ਜਿਵੇਂ ਤਾਮਿਲ, ਕੱਨੜ ਆਦਿ ਦੇ ਜੋ ਹਿੰਦੀ ਨਾਲ ਝਗੜੇ ਹਨ; ਉਹ ਵੀ ਪੂਰੀ ਤਰ੍ਹਾਂ ਸਮਾਪਤ ਹੋ ਜਾਣਗੇ। ਕਿਉਂਕਿ ਉਨ੍ਹਾਂ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਨਵੀਂ ਭਾਸ਼ਾ ਵਿੱਚ ਸ਼ਾਮਲ ਹੋ ਕੇ; “ਭਾਰਤੀਯ” ਭਾਸ਼ਾ ਦਾ ਅਟੁੱਟ ਅੰਗ ਬਣ ਜਾਣਗੇ।
“ਭਾਰਤ” ਦੇਸ਼, “ਭਾਰਤੀਯ” ਭਾਸ਼ਾ: ਇਹਨਾਂ ਦੋਨਾਂ ਨਾਵਾਂ ਦੀ ਵਰਤੋਂ ਕਰਨ ਨਾਲ ਭਾਰਤੀਆਂ ਵਿੱਚ ਆਤਮ-ਸਨਮਾਨ ਆਵੇਗਾ ਅਤੇ ਏਕਤਾ ਹੋਵੇਗੀ। ਏਕਤਾ ਨਾਲ ਹੀ ਭਾਰਤ ਤਰੱਕੀ ਕਰੇਗਾ। ਇਸ ਤਰ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਮਿਲਾ ਕੇ ਬਣੀ ਨਵੀਂ “ਭਾਰਤੀਯ” ਭਾਸ਼ਾ; ਦੇਸ਼ ਦੀ ਤਰੱਕੀ ਵਿੱਚ ਬਹੁਤ ਸਹਾਈ ਹੋਵੇਗੀ। ਇਸ ਲਈ ਭਾਰਤ ਨੂੰ ਨਵੀਂ “ਭਾਰਤੀਯ” ਭਾਸ਼ਾ ਬਣਾ ਕੇ ਅਪਣਾ ਲੈਣੀ ਚਾਹੀਦੀ ਹੈ। ਨਵੀਂ “ਭਾਰਤੀਯ” ਭਾਸ਼ਾ ਬਣਾ ਕੇ ਅਪਣਾ ਲੈਣਾ; ਭਾਰਤ ਨੂੰ “ਵਿਸ਼ਵ ਗੁਰੂ” ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਜੈ ਭਾਰਤ।

ਠਾਕੁਰ ਦਲੀਪ ਸਿੰਘ