ਦੋ ਟੋਟਿਆਂ ਵਿੱਚ ਦੇਸ਼ ਸੀ ਹੋਇਆ,
ਹਰ ਇੱਕ ਅੱਖ ਚੋਂ ਅਥਰੂ ਚੋਇਆ।
ਜਾਤ ਧਰਮ ਦਾ ਪਾੜਾ ਪਾਇਆ,
ਕਿਸੇ ਚੰਦਰੇ ਨੇ ਲਾਂਬੂ ਲਾਇਆ।
ਹਿੰਦੂ ਮੁਸਲਿਮ ਸਿੱਖ ਸੀ ਭਾਈ,
ਖੌਰੇ, ਕਿਉਂ ਬਣ ਬੈਠੇ ਕਸਾਈ।
ਧਰਤੀ ਮਾਂ ਡਾਢੀ ਕੁਰਲਾਈ,
ਖਿੱਚੀ ਲੀਕ ਕਿਸ ਵੰਡੀ ਪਾਈ।
ਕੀ ਹੋਇਆ ਇਹ ਸਮਝ ਨਾ ਹੋਈ,
ਵੇ ਪੁੱਤਰੋ ਮੈਂ ਜਿਊਂਦੀ ਮੋਈ।
ਇੱਕ ਹਿੰਦ ਦੂਜਾ ਪਾਕ ਸੀ ਕੀਤਾ,
ਪਾਟ ਗਿਆ ਜਿਉਂ ਕੱਪੜਾ ਸੀਤਾ।
ਪੰਜ ਆਬ ਵਿੱਚ ਹਿੱਸੇ ਪੈ ਗਏ,
ਕੋਲ ਸਾਡੇ ਫਿਰ ਢਾਈ ਰਹਿ ਗਏ।
ਗੋਰਿਆਂ ਖੇਡੀ ਖੇਡ ਨਿਰਾਲੀ,
ਬਾਗ਼ ਨੂੰ ਲੁੱਟ ਕੇ ਲ਼ੈ ਗਏ ਮਾਲੀ।
ਜੋ ਵੀ ਆਏ ਗਏ ਵੰਡੀਆਂ ਪਾ ਕੇ,
ਹੁਣ ਧੀਰਜ ਕੌਣ ਬੰਨਾਂਵੇ ਆ ਕੇ।
ਪੰਜਾਬ ਵਿਚਾਰਾ ਬਣ ਬਹਿ ਗਿਆ,
ਪੱਤੋ, ਵਿੱਚ ਸੋਚਾਂ ਦੇ ਪੈ ਗਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

