ਦਰਸ਼ਨ ਇੱਕ ਗਰੀਬ ਪਿਤਾ ਦਾ ਪੁੱਤਰ | ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰਾ ਦਾ ਗੁਜ਼ਾਰਾ ਚਲਾਉਂਦਾ | ਦਰਸ਼ਨ ਆਮ ਗ਼ਰੀਬ ਲੜਕਿਆਂ ਵਰਗਾ ਲੜਕਾ ਸੀ | ਪੜ੍ਹਾਈ ਵਿਚ ਦਰਮਿਆਨੇ ਦਰਜ਼ੇ ਦਾ ਵਿਦਿਆਰਥੀ ਸੀ ਪਰ ਸੁੱਖ ਸਹੂਲਤਾਂ ਤੋਂ ਵਾਂਝਾ ਹੋਣ ਕਰਕੇ ਘਰ ਤੰਗੀਆਂ ਤੁਰਸੀਆਂ ਨਾਲ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਸੀ ਦੇ ਪਾਂਦਾ |
ਦਰਸ਼ਨ ਨੇ ਪਲੱਸ ਟੂ ਮੁਸ਼ਕਿਲ ਨਾਲ ਪਹਿਲੇ ਦਰਜ਼ੇ ਵਿੱਚ ਪਾਸ ਕੀਤੀ | ਔਖੇ-ਸੌਖੇ ਹੋ ਕੇ ਉਸ ਨੇ ਰਾਜ ਪੱਧਰ ਦੀ ਇੰਜੀਨੀਅਰਿੰਗ ਦਾ ਟੈਸਟ ਦਿੱਤਾ ਸੀ | ਪਿਤਾ ਨਾਲ ਉਹ ਮਿਹਨਤ ਮਜ਼ਦੂਰੀ ਕਰਨ ਵੀ ਜਾਂਦਾ | ਪਿੰਡ ਦੇ ਉਚੇ ਘਰਾਂ ਵਿੱਚ ਮਾੜੇ ਮੋਟੇ ਕੰਮ ਕਰਨ ਲਈ ਚਲਾ ਜਾਂਦਾ | ਤਿੰਨ ਭੈਣਾਂ ਤੇ ਇਕੱਲਾ ਭਰਾ ਸੀ ਉਹ |
ਇੰਜੀਨੀਅਰਿੰਗ ਦੇ ਟੈਸਟ ‘ਚੋਂ ਦਰਸ਼ਲ ਫੇਲ੍ਹ ਹੋ ਗਿਆ ਸੀ | ਰੈਂਕ ਹੀ ਬਹੁਤ ਦੂਰ ਦਾ ਸੀ | ਉਹ ਬੜਾ ਮਾਯੂਸ ਹੋ ਗਿਆ | ਸਭ ਨੇ ਉਸ ਨੂੰ ਕੋਸਿਆ | ਖ਼ਾਸ ਕਰਕੇ ਉਸ ਦੇ ਪਿਤਾ ਨੇ ਉਸ ਨੂੰ ਖੂਬ ਡਾਂਟ ਫਟਕਾਰ ਲਗਾਈ ਸੀ ਕਿ ਤੂੰ ਪੜ੍ਹ ਕੇ ਕਿਹੜੇ ਖੋਹਣੇ ਖੋਹ ਲੈਣੇ ਸੀ, ਤੈਨੂੰ ਕਿਹਾ ਵੀ ਸੀ ਕਿ ਮਿਹਨਤ ਮਜ਼ਦੂਰੀ ਕਰਿਆ ਕਰ ਮੇਰੇ ਨਾਲ ਪਰ ਇਸ ਉਲੂ ਦੇ ਪੱਠੇ ਨੇ ਹਜ਼ਾਰਾ ਰੁਪਏ ਬਰਬਾਦ ਕਰ ਦਿੱਤੇ ਨੇ | ਇੱਥੇ ਪੜ੍ਹੇ-ਲਿਖੇ ਵਿਹਲੇ ਧੱਕੇ ਖਾਂਦੇ ਫਿਰਦੇ ਨੇ, ਤੂੰ ਕਿਹੜਾ ਅਫਸਰ ਬਣ ਜਾਣਾ ਏ |”
ਉਸ ਰਾਤ ਦਰਸ਼ਨ ਨੂੰ ਨੀਂਦ ਨਹੀਂ ਸੀ ਆਈ ਸਾਰੀ ਰਾਤ ਉਹ ਜਾਗਦਾ ਰਿਹਾ | ਸਾਰੀ ਰਾਤ ਬਿਨਾਂ ਚਾਦਰ-ਸਿਰਾਣੇਂ ਦੇ ਮੰਜੀ ਤੇ ਪਿਆ ਰਿਹਾ | ਉਹ ਛੱਤ ਤੇ ਬਾਲੇ ਗਿਣ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੈਂ ਵੀ ਬਾਪੂ ਦੇ ਵਾਂਗ ਸਾਰੀ ਉਮਰ ਲੋਕਾਂ ਦੀ ਚਾਕਰੀ ਕਰਾਂਗਾ | ਮਜ਼ਦੂਰੀ ਕਰਾਂਗਾ? ਮਾਂ ਮੇਰੀ ਸਾਰੀ ਉਮਰ ਲੋਕਾਂ ਦੇ ਭਾਂਡੇ ਮਾਝਦੀ ਰਹੇਗੀ, ਲੋਕਾਂ ਦੇ ਘਰਾਂ ਦਾ ਕੰਮ ਕਰਦੀ ਰਹੇਗੀ | ਲੋਕਾਂ ਦੀਆਂ ਚੰਗੀਆਂ-ਮਾੜੀਆਂ ਗੱਲਾਂ ਸੁਣਦੀ ਹੈ ਬੜੀ ਮੁਸ਼ਕਿਲ ਘਰ ਦਾ ਰੋਟੀ ਟੁਕ ਚਲਦਾ ਹੈ | ਮੈਂ ਨਹੀਂ ਮਜ਼ਦੂਰੀ ਕਰਨੀ | ਮਜ਼ਦੂਰੀ ਨਹੀਂ ਕਰਾਂਗਾ | ਕੀ ਉਹ ਕਿਹੜੇ ਹਨ ਜੋ ਇੰਜੀਨੀਅਰਿੰਗ ਚੋਂ ਪਾਸ ਹੁੰਦੇ ਹਨ | ਮੇਰੇ ਵਿਚ ਕੀ ਕਮੀ ਹੈ | ਉਹ ਸਾਰੀ ਰਾਤ ਸੋਚਦਾ ਰਿਹਾ | ਉਸ ਦੀ ਨੀਂਦ ਜਿਵੇਂ ਖੰਭ ਲਗਾ ਕੇ ਉਡ ਗਈ ਹੋਵੇ | ਉਸ ਦੇ ਅੰਦਰ ਉਸ ਦੇ ਆਪੇ ਦੀ ਜਯੋਤੀ ਜਗ ਪਈ | ਉਸ ਦੀ ਹਿੰਮਤ ਵਿਚ ਚੜਦੇ ਸੂਰਜ ਦੀ ਲਾਲੀ ਨੇ ਜਨਮ ਲੈ ਲਿਆ | ਉਸ ਦੀ ਸੋਚ ਵਿਚ ਹਜ਼ਾਰਾਂ ਲੱਖਾਂ ਦੇਵੀ ਜਗਣ, ਲੱਗੇ | ਇਕ ਰੌਸ਼ਨੀ ਉਸ ਦੇ ਹਿਰਦੇ ‘ਚੋਂ ਨਿਕਲ ਕੇ ਉਸ ਦੇ ਸਰੀਰ ਵਿੱਚ ਪਰਸਿਰਤ ਹੋ ਗਈ |
ਉਹ ਸਵੇਰੇ ਤੜਕੇ ਉਠਿਆ | ਪ੍ਰਭੂ ਦਾ ਨਾਮ ਲਿਆ | ਨਹਾਤਾ ਧੋਤਾ, ਤਿਆਰ ਹੋਇਆ | ਉਸ ਦੇ ਬਾਪੂ ਨੇ ਕਿਹਾ, ”ਓਏ ਦਰਸ਼ਨਾਂ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚਲਿਆ ਏ? ਮੇਰੇ ਨਾਲ ਚਲ ਮਜ਼ਦੂਰੀ ਕਰਨ ਲਈ |”
ਦਰਸਨ ਨੇ ਨਿਰਮਲ ਮਨ ਨਾਲ ਕਿਹਾ, ”ਬਾਪੂ, ਮੈਂ ਤੇਰੇ ਨਾਲ ਮਜ਼ਦੂਰੀ ਕਰਨ ਲਈ ਨਹੀਂ ਜਾਣਾ | ਮੈਂ ਕਿਤੇ ਕੰਮ ਚਲਿਆ ਵਾਂ |” ਉਹ ਬੇਜ਼ੋਰ ਹੋ ਕੇ ਘਰੋਂ ਨਿਕਲ ਪਿਆ | ਪਿੰਡ ਦੇ ਸਰਪੰਚ ਦੇ ਘਰ ਚਲਾ ਗਿਆ | ਸਰਪੰਚ ਪੜ੍ਹੇ ਲਿਖੇ ਪਰਿਵਾਰ ਦਾ ਸੀ | ਰੱਜੇ-ਪੁੱਜੇ ਘਰ ਦਾ ਸੀ ਸਰਪੰਚ | ਉਸ ਦੀ ਪਤਨੀ ਵੀ ਸੌਖੇ ਘਰ ਦੀ ਪੜੀ ਲਿਖੀ ਔਰਤ ਸੀ |
ਦਰਸ਼ਨ ਨੇ ਸਰਪੰਚ ਨੂੰ ਹੱਥ ਜੋੜ ਕੇ ਕਿਹਾ,”ਚਾਚਾ, ਸਿਰਫ ਇੱਕ ਪੰਜ ਸੌ ਰੁਪਏ ਦੇ-ਦੇ ਉਧਾਰੇ, ਤੈਨੂੰ ਮਜ਼ਦੂਰੀ ਕਰਕੇ ਦੇ ਦਵਾਂਗਾ |”
ਸਰਪੰਚ ਨੇ ਕਿਹਾ, ”ਓਏ ਦਰਸ਼ਨ ਤੂੰ ਪੰਜ ਸੌ ਰੁਪਏ ਕੀ ਕਰਨੇ ਹਨ? ਤੈਥੋਂ ਕਿੱਥੇ ਕਿਤੇ ਜਾਣੇ ਨੇ ਪੰਜ ਸੌ ਰੁਪਏ | ਤੇਰਾ ਪਿਉ ਦਿਹਾੜੀਆਂ ਲਗਾਉਂਦਾ ਹੈ ਕਿਥੋਂ ਦੇਵੇਗਾ ਪੰਜ ਸੌ ਰੁਪਏ?
ਦਰਸ਼ਨ ਨੇ ਫਿਰ ਹੱਥ ਜੋੜਦੇ ਸਰਪੰਚ ਨੂੰ ਕਿਹਾ, ” ਚਾਚਾ ਮੈਂ ਇੰਜੀਨੀਅਰਿੰਗ ਦਾ ਦੁਬਾਰਾ ਟੈਸਟ ਦੇਣਾ ਹੈ | ਹੱਥ ਜੋੜ ਕੇ ਬੇਨਤੀ ਚਾਚਾ ਮੈਨੂੰ ਪੰਜ ਸੌ ਰੁਪਏ ਦੇ-ਦੇ | ਤੁਹਾਨੂੰ ਜ਼ਰੂਰੀ ਵਾਪਿਸ ਮੋੜ ਦਵਾਂਗਾ | ਮੈਂ ਟੈਸਟ ਦੇਣਾ ਏਾ ਚਾਚਾ |”
ਸਰਪੰਚ ਨੇ ਕਿਹਾ, ”ਜਾ-ਜਾ ਕੇ ਅਪਣੇ ਪਿਉ ਨਾਲ ਮਿਹਨਤ-ਮਜਦੂਰੀ ਕਰ ਜਾਕੇ | ਇੰਜੀਨੀਅਰਿੰਗ ਦੇ ਟੈਸਟ ‘ਚੋਂ ਤੂੰ ਅੱਗੇ ਫੇਲ੍ਹ ਹੋ ਚੁੱਕਾ ਏ | ਤੂੰ ਪਾਸ ਹੋ ਜਾਵੇਗਾ? ਜਾ ਮਿਹਨਤ-ਮਜ਼ਦੂਰੀ ਕਰ ਜਾ ਕੇ | ਓਧਰ ਕੋਠੇ-ਕੋਠੇ ਜਿੱਡੀਆਂ ਤੇਰੀਆਂ ਭੈਣਾਂ ਜਵਾਨ ਹਨ | ਦਿਹਾੜੀ-ਧੱਪਾ ਕਰਕੇ ਉਨ੍ਹਾਂ ਦੇ ਹੱਥ ਪੀਲੇ ਕਰਨ ਦੀ ਚਿੰਤਾ ਕਰ ਜਾ ਕੇ” |
Êਪਰ ਦਰਸ਼ਨ ਲੇ ਇੱਕ ਲਿਲਕੜੀ ਇਕ ਤਰਲਾ ਲੈਂਦਿਆਂ ਕਿਹਾ, ”ਚਾਚਾ, ਰੱਬ ਦੀ ਸਹੁੰ, ਇੱਕ ਵਾਰੀ ਸਿਰਫ ਪੰਜ ਸੌ ਰੁਪਏ ਦੇ-ਦੇ | ਪਾਈ-ਪਾਈ ਚੁਾ ਦੇਵਾਂਗਾ ਚਾਚ |
ਸਰਪੰਚ ਦੇ ਨਾਲ ਖੜੀ ਉਸ ਦੀ ਪਤਨੀ ਨੇ ਕਿਹਾ,”ਦੇ ਦਵੋ ਮੁੰਡੇਨੂੰ ਪੰਜ ਸੌ ਰੁਪਏ, ਕਿਹੜੀ ਆਿਖ਼ਰ ਆ ਗਈ ਏ | ਹੁੰਦਾ ਫੇਲ੍ਹ ਤਾਂ ਹੋ ਜਾਏ | ਪੰਜ ਸੌ ਰੁਪਏ ਨਾਲ ਕਿਹੜਾ ਫ਼ਰਕ ਪੈਣ ਲੱਗਾ ਏ | ਸ਼ਾਇਦ ਵਿਚਾਰਾ ਪਾਸ ਹੋ ਜਾਵੇ |”
ਰਿਸ਼ਨ ਨੇ ਕਿਹਾ, ” ਚਾਚੀ ਮੈਂ ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁਲਾਂਗਾ | ਪੰਜ ਸੌ ਰੁਪਏ ਦਿਉ | ਆਿਖ਼ਰ ਸਰਪੰਚਣੀ ਨੇ ਜ਼ੋਰਾ-ਜ਼ੋਰੀ ਪੰਜ ਸੌ ਰੁਪਏ ਦਰਸ਼ਨ ਨੂੰ ਦੇ ਦਿੱਤੇ |
ਬਸ ਫੇਰ ਕੀ ਸੀ | ਦਰਸ਼ਨ ਨੇ ਇੰਜੀਨੀਅਰਿੰਗ ਦੇ ਟੈਸਟ ਦਾ ਦਾਖਲਾ ਭਰ ਦਿੱਤਾ | ਕੁਝ ਮਹੀਨਿਆਂ ਤੋਂ ਬਾਅਦ ਉਸ ਦਾ ਟੈਸਟ ਹੋਣਾ ਸੀ | ਉਸ ਦਾ ਪਿਤਾ ਉਸ ਨੂੰ ਕੋਸਦਾ ਰਹਿੰਦਾ ਪਰ ਦਰਸ਼ਨ ਦੀ ਮਾਂ ਦੇ ਕਹਿਣ ਤੇ ਉਹ ਚੁੱਕ ਰਹਿਣ ਲੱਗ ਪਿਆ |
ਦਰਸ਼ਨ ਦੇ ਹਿਰਦੇ ਦੀ ਜਯੋਤ ਜਗ ਚੱੁਕੀ ਸੀ | ਉਸ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ | ਉਹ ਸਾਰਾ-ਸਾਰਾ ਦਿਨ ਤੇ ਸਾਰੀ-ਸਾਰੀ ਰਾਤ ਕਿਤਾਬਾਂ ਵਿਚ ਖੱੁਭਿਆ ਰਹਿੰਦਾ | ਨੀਂਦ ਉਸ ਦੀ ਖੰਭ ਲਗਾ ਕੇ ਉਡ ਗਈ ਸੀ | ਸ਼ਾਇਦ ਹੀ ਉਹ ਰਾਤ ਨੂੰ ਘੰਟਾ-ਅੱਧਾ ਘੰਟਾ ਸੌਂਦਾ ਹੋਵੇ | ਦਿਨ-ਰਾਤ ਇੱਕ ਕਮਰੇ ਵਿਚ ਬੰਦ | ਉਸ ਦੇ ਮਨ ਵਿਚ ਇੱਕ ਸੰਘਰਸ਼, ਇੱਕ ਸ਼ਕਤੀ ਦਾ ਸੰਕਲਪ ਸੰਪੂਰਨ ਕਰਮ ਵਿਚ ਬਦਲ ਚੁੱਕਿਆ ਸੀ |
ਆਿਖ਼ਰ ਟੈਸਟ ਦਾ ਦਿਨ ਆ ਗਿਆ | ਉਸ ਦਾ ਟੈਸਟ ਚੰਗਾ ਹੋ ਗਿਆ ਸੀ | ਉਹ ਆਪਣੇ ਪਿਉ ਨਾਲ ਮਿਹਨਤ ਮਜਦੂਰੀ ਕਰਨ ਜਾਣ ਲੱਗ ਪਿਆ, ਇਸ ਕਰਕੇ ਜੇ ਪਾਸ ਨਾਲ ਹੋਇਆ ਤਾਂ ਸਰਪੰਚ ਦੇ ਪੰਜ ਸੌ ਰੁਪਏ ਦੇਣੇ ਹਨ |
ਕੁਝ ਹਫਤਿਆਂ ਬਾਅਦ ਇੱਕ ਚਿੱਟੇ ਰੰਗ ਦੀ ਕਾਰ ਦੁਪਹਿਰ ਦੇ ਸਮੇਂ ਦਰਸ਼ਨ ਦੇ ਘਰ ਅੱਗੇ ਆ ਖੜੀ ਹੋਈ | ਦਰਸ਼ਨ ਤੇ ਉਸ ਦਾ ਬਾਪੂ ਪਿੰਡ ‘ਚ ਮਜ਼ਦੂਰੀ ਕਰਕੇ ਘਰ ਰੋਟੀ ਖਾਣ ਆਏ ਸੀ | ਦਰਵਾਜ਼ਾ ਦੇ ਖਟਪਟਾਉਣ ਦੀ ਅਵਾਜ਼ ਸੁਣ ਕੇ ਦਰਸ਼ਨ ਦਾ ਪਿਤਾ ਬਾਹਰ ਨਿਕਲਿਆ |
ਕਾਰ ਵਾਲਿਆਂ ਨੇ ਕਿਹਾ, ”ਦਰਸ਼ਨ ਕੁਮਾਰ ਇਥੇ ਰਹਿੰਦਾ ਹੈ?” ਉਸ ਦੇ ਪਿਤਾ ਨੇ ਕਿਹਾ, ”ਹਾਂ ਜੀ ਸਾਬ, ਇਥੇ ਹੀ ਰਹਿੰਦਾ ਹੈ |” ਏ ਕਹਿ ਕੇ ਉਹ ਅੰਦਰ ਦੌੜ ਆਇਆ, ‘ਤੇ ਦਰਸ਼ਨ ਨੂੰ ਕਹਿਣ ਲੱਗਾ, ”ਓਏ ਕੀ ਕਰਨਾਮਾਂ ਕਰਕੇ ਆਇਆ ਹੇਂ ਵੱਡੇ-ਵੱਡੇ ਲੋਕ ਵੱਡੀ ਸਾਰੀ ਗੱਡੀ ‘ਚ ਤੈਨੂੰ ਲੈਣ ਆਏ ਨੇ | ਕੀ ਕਰਕੇ ਆਇਆ ਏ ਬਾਹਰ |”
ਦਰਸ਼ਨ ੳਸ ਕੇ ਬਾਹਰ ਗਿਆ ਤਾਂ ਉਹ ਲੋਕ ਅੰਦਰ ਆ ਚੁੱਕੇ ਸਨ | ਉਨ੍ਹਾਂ ਕਿਹਾ, ”ਕਾਕਾ, ਦਰਸ਼ਨ ਕੁਮਾਰ ਤੇਰਾ ਹੀ ਨਾਮ ਹੈ? ਤੁਸੀਂ ਇੰਜੀਨੀਅਰਿੰਗ ਦੇ ਟੈਸਟ ‘ਚੋਂ ਰਾਜ ‘ਚੋਂ ਪਹਿਲੇ ਨੰਬਰ ‘ਤੇ ਆਏ ਹੋ | ਅਸੀਂ ਤੁਹਾਡੇ ਬਾਰੇ ਕੁਝ ਲਿਖਣ ਆਏ ਹਾਂ ਅਤੇ ਅਪਣੀਆਂ ਕੁਝ ਫੋਟੋ (ਤਸਵੀਰਾਂ) ਦੋਵੋ |”
ਰਾਜ ਭਰ ‘ਚੋਂ ਪਹਿਲੇ ਨੰਬਰ ‘ਤੇ ਆਇਆ ਹਾਂ | ਦਰਸ਼ਨ ਸੁਣ ਕੇ ਹੈਰਾਨ ਸੀ | ਉਸ ਨੂੰ ਇਤਬਾਰ ਨਹੀਂ ਸੀ ਆ ਰਿਹਾ | ਉਸ ਦੇ ਸਾਰੇ ਸਰੀਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ | ਖੁਸ਼ੀ ਵਿੱਚ ਉਸ ਦੇ ਰੋਂਗਟੇ ਖੜੇ ਹੋ ਗਏ | ਜਿਵੇਂ ਉਹ ਹਵਾ ਵਿਚ ਉਡ ਰਿਹਾ ਹੋਵੇ | ਉਸ ਦਾ ਬਾਪੂ ਜਿਵੇਂ ਦਿਨ ਤਾਰੇ ਵੇਖ ਰਿਹਾ ਹੋਵੇ | ਉਸ ਦੀ ਮਾਂ, ਉਸ ਦੀਆਂ ਭੈਣਾਂ ਖੁਸ਼ੀ ਵਿਚ ਖਾਮੋਸ਼ ਹੋ ਗਈਆਂ | ਜਿਵੇਂ ਖੁਸ਼ੀ ਅਭਿਵਿਅਕਤ ਕਰਨੀ ਮੁਸ਼ਕਿਲ ਹੋਵੇ | ਕੋਈ ਠੰਡੀ ਹਵਾ ਵਾਲੀ ਅਚਾਨਕ ਖਿੜਕੀ ਖੁਲ੍ਹ ਗਈ ਹੋਵੇ | ਜੋ ਰੱਬ ਤੋਂ ਮੰਗਿਆ ਨਹੀਂ, ਉਸ ਨਾਲ ਰੱਬ ਨੇ ਅਚਾਨਕ ਝੋਲੀ ਭਰ ਦਿੱਤੀ ਜਾਵੇ | ਖੁਸ਼ੀ ਵਿਚ ਸਾਰਾ ਪਰਿਵਾਰ ਇੱਕ ਵੱਡੇ ਸਾਗਰ ਵਿਚ ਆਜ਼ਾਦ ਤਰਦੀਆਂ ਮਛਲੀਆਂ ਵਾਂਗ ਨਜ਼ਰ ਆ ਰਿਹਾ ਸੀ |
ਸਾਰੇ ਪਿੰਡ ਵਿਚ ਕਿਸੇ ਅਲੋਕਿਕ ਖੁਸ਼ਬੂ ਦਾ ਨਜ਼ਾਰਾ ਪਸਰ ਗਿਆ | ਦਰਸ਼ਨ ਦੀ ਪ੍ਰਾਪਤੀ ਦੀ ਖੁਸ਼ਬੂ ਸਾਰੇ ਪਿੰਡ ਵਿੱਚ ਫੈਲ ਗਈ | ਕਣ-ਕਣ ਸੁਗੰਧਿਤ ਕਰ ਗਈ | ਜਦ ਸਰਪੰਚ ਤੇ ਸਰਪੰਚਣੀਆਂ ਨੂੰ ਪਤਾ ਚੱਲਿਆ | ਸਰਪੰਚ ਨੇ ਦਰਸ਼ਨ ਦੇ ਘਰ ਸਾਹਮਣੇ ਆਉਂਦੇ ਸਾਰ ਹੀ ਉਚੀ ਜਿਹੀ ਕਿਹਾ, ”ਓਏ ਮੰਡਿਓ, ਢੋਲ ਲਿਆਉ ਓਏ | ਢੋਲ ਦੇ ਢਗੇ ਅਸਮਾਨ ਨੂੰ ਛੂਹ ਗਏ | ਦੇ ਭੰਗੜ ਤੇ ਭੰਗੜ | ਸਰਪੰਚ, ਸਰਪੰਚਣੀ, ਪੰਚ ਕੀ ਸਾਰਾ ਨੱਚ ਉਠਿਆ | ਸਾਰੇ ਪਿੰਡ ਵਿਚ ਲੱਡੂ ਵੰਡੇ ਜਾ ਰਹੇ ਸਨ |
ਸਭ ਤੋਂ ਪਹਿਲਾਂ ਦਰਸ਼ਨ ਨੇ ਸਰਪੰਚਣੀ ਦੇ ਪੈਰ੍ਹੀ ਹੱਥ ਲਾਏ, ਉਸ ਨੇ ਦਰਸ਼ਨ ਨੂੰ ਅਸ਼ੀਰਵਾਦ, ਪਿਆਰ ਦਿੱਤਾ | ਸਰਪੰਚ ਨੇ ਛਾਤੀ ਨਾਲ ਲਗਾ ਲਿਆ | ਦਰਸ਼ਨਾਂ ਪਿੰਡ ਦਾ ਨਾਂਅ ਰੌਸ਼ਨ ਕਰ ਦਿੱਤਾ ਏ ਤੂੰ ਬੱਚਿਆਂ | ਦਰਸ਼ਨ ਦੀ ਹਿਰਦੇ ਦੀ ਲੋਅ ਨੇ ਸੰਘਰਸ਼, ਸ਼ਕਤੀ ਤੇ ਵਿਦਿਅਕ ਤਪਸਿਆ ਨੂੰ ਸਾਰਥਿਕ ਰੂਪ ਦੇ ਦਿੱਤਾ ਸੀ, ਜਿਸ ਦੀ ਰੌਸ਼ਨੀ ਨਾਲ ਇਲਾਕਾ ਜਮਗਾਉਂਦਾ ਰਵੇਗਾ |
ਬਲਵਿੰਦਰ ‘ਬਾਲਮ’
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409