ਜਿੰਨ੍ਹਾਂ ਦੇ ਲਿਖੇ ਸ਼ਬਦਾਂ ਦੀ ਮੈਨੂੰ ਬਚਪਨ ਵਿੱਚ ਗੁੜ੍ਹਤੀ ਮਿਲੀ, ਉਨ੍ਹਾਂ ਵਿੱਚੋਂ ਡੇਰਾ ਬਾਬਾ ਨਾਨਕ ਦੇ ਜੰਮੇ ਜਾਏ ਪ੍ਰਿੰਸੀਪਲ ਸੁਜਾਨ ਸਿੰਘ ਤੇ ਸ. ਜਸਵੰਤ ਸਿੰਘ ਰਾਹੀ ਪ੍ਰਮੁੱਖ ਸਨ।
ਰਾਹੀ ਜੀ ਭਾਰਤੀ ਕਮਿਉਨਿਸਟ ਪਾਰਟੀ ਵੱਲੋ 1962 ਵਿੱਚ ਅਸੈਂਬਲੀ ਚੋਣ ਵੀ ਲੜੇ ਸਨ। ਟਾਂਗਿਆਂ ਤੇ ਚੋਣ ਮੁਹਿਮ ਚੱਲਦੀ ਸੀ। ਸਾਈਕਲ ਜਥੇ ਪਿੰਡੋ ਪਿੰਡ ਘੁੰਮਦੇ। ਅਮਰਜੀਤ ਗੁਰਦਾਸਪੁਰੀ, ਦਲੀਪ ਸਿੰਘ ਸ਼ਿਕਾਰ, ਅਮਰਜੀਤ ਸਿੰਘ ਕੁਲਾਰ ਤੇ ਕਸ਼ਮੀਰਾ ਲਿੰਘ ਬਖ਼ਸ਼ੀਵਾਲ ਪਿੰਡੋ ਪਿੰਡੀਂ ਗਾਉਂਦੇ ਫਿਰਦੇ ਕੈਰੋਂਸ਼ਾਹੀ ਦੇ ਖਿਲਾਫ਼।
ਚਾਚਾ ਚੋਰ ਭਤੀਜਾ ਡਾਕੂ,
ਬਈ ਚੰਗਾ ਤੇਰਾ ਰਾਜ ਵੇਖਿਆ।
ਚੋਣ ਤਾਂ ਕੋਈ ਹੋਰ ਜਿੱਤ ਗਿਆ ਪਰ ਰਾਹੀ ਜੀ ਦੇ ਬੋਲ ਹਿੱਕ ਤੇ ਉੱਕਰੇ ਗਏ। ਉਹ ਇਪਟਾ ਲਹਿਰ ਦੇ ਵੀ ਪ੍ਰਮੁੱਖ ਕਾਰਕੁਨ ਸਨ। ਜੰਗੇ ਆਜ਼ਾਦੀ ਵਿੱਚ ਵੀ ਕੈਦਾਂ ਕੱਟ ਚੁਕੇ ਸਨ। ਲੋਕਾਂ ਦੀ ਸਮਾਜਿਕ , ਆਰਥਿਕ ਤੇ ਰਾਜਨੀਤਕ ਮੁਕਤੀ ਲਈ ਕਲਮ ਨੂੰ ਉਨ੍ਹਾਂ ਯੋਧਿਆਂ ਵਾਂਗ ਵਾਹਿਆ। ਕਵਿਤਾ, ਕਹਾਣੀ, ਨਾਵਲ, ਨਾਟਕ ਤੇ ਵਾਰਤਕ ਸਿਰਜਣ ਵਿੱਚ ਉਹ ਸਰਗਰਮ ਰਹੇ ਸਾਰੀ ਉਮਰ।
ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਰੇ ਉਨ੍ਹਾਂ ਦਾ ਲਿਖਿਆ ਮਹਾਂਕਾਵਿ ਲਗਪਗ ਪੰਜ ਦਹਾਕੇ ਪਹਿਲਾਂ ਰਾਮਗੜੀਆ ਫੈਡਰੇਸ਼ਨ ਨੇ ਛਾਪਿਆ ਸੀ। ਬਾਬਾ ਗੁਰਮੁਖ ਸਿੰਘ ਲੁਧਿਆਣੇ ਵਾਲਿਆਂ ਇਸ ਨੂੰ ਛਾਪ ਕੇ ਵਿਤਰਨ ਪੂਰੀ ਦੁਨੀਆ ਵਿੱਚ ਕਰਵਾਇਆ।
ਪਿਛਲੇ ਸਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਜਨਮ ਸ਼ਤਾਬਦੀ ਸੀ। 1723 ਚ ਇਚੋਗਿੱਲ(ਲਾਹੌਰ) ਵਿੱਚ ਪੈਦਾ ਹੋਏ ਤੇ 20 ਅਪ੍ਰੈਲ 1803 ਨੂੰ ਸਦੀਵੀ ਅਲਵਿਦਾ ਕਹਿ ਗਏ ਇਸ ਸੂਰਮੇ ਦੀ ਕੀਰਤੀ ਨੂੰ ਸਮਰਪਿਤ ਇਹ ਮਹਾਂਕਾਵਿ ਹੁਣ ਪਰਿਵਾਰ ਵੱਲੋਂ ਪੁਨਰ ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ ,ਲੁਧਿਆਣਾ ਨੇ ਇਸ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਛਾਪਿਆ ਹੈ। ਡਾ. ਅਨੁਰਾਗ ਸਿੰਘ ਨੇ ਇਸ ਮਹਾਂਕਾਵਿ ਦੀ ਕੀਰਤੀ ਵਿੱਚ ਕੁਝ ਸ਼ਬਦ ਲੱਖੇ ਹਨ।
ਅੱਜ ਹੀ ਸ. ਜਸਵੰਤ ਸਿੰਘ ਰਾਹੀ ਜੀ ਦੇ ਦੋਹਤਰਵਾਨ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿੱਚ ਅਧਿਆਪਕ ਤੇ ਕਲਾਵੰਤ ਜੀਊੜੇ ਦੇਵਿੰਦਰ ਸਿੰਘ ਨਾਗੀ ਨੇ ਇਹ ਪੁਸਤਕ ਮੈਨੂੰ ਭੇਂਟ ਕੀਤੀ ਤਾਂ ਇਉਂ ਲੱਗਿਆ ਕਿ ਰਾਹੀ ਜੀ ਦੇ ਦਰਸ਼ਨ ਕਰ ਰਿਹਾਂ।
ਰਾਹੀ ਜੀ ਸਾਡੇ ਪਿੰਡ ਬਸੰਤਕੋਟ ਵਾਲੇ ਘਰ ਅਕਸਰ ਆਉਂਦੇ। ਮੇਰੇ ਬਾਪੂ ਜੀ ਨਾਲ ਉਨ੍ਹਾਂ ਦਾ ਸਨੇਹ ਪੈ ਗਿਆ। ਮੇਰੇ ਵੱਡੇ ਭਾ ਜੀ ਹਮੇਸ਼ਾਂ ਹਰ ਕਾਰਜ ਵਿੱਚ ਸ. ਜਸਵੰਤ ਸਿੰਘ ਰਾਹੀ ਤੇ ਅਮਰਜੀਤ ਗੁਰਦਾਸਪੁਰੀ ਨੂੰ ਅੱਗੇ ਰੱਖਦੇ। ਰਾਹੀ ਜੀ ਨੇ ਗੁਰਦਾਸਪੁਰ ਜ਼ਿਲ੍ਹੇ ਦੀ ਅਦਬੀ ਲਹਿਰ ਨੂੰ ਲੰਮਾ ਚਿਰ ਅਗਵਾਈ ਦਿੱਤੀ। ਚਿੱਟੇ ਕੁਰਤੇ ਪਜਾਮੇ ਵਿੱਚ ਉਨ੍ਹਾਂ ਦੀ ਨਿਵੇਕਲੀ ਪਛਾਣ ਸੀ।
ਮੈਂ ਵੀ ਬਹੁਤ ਵਾਰ ਡੇਰਾ ਬਾਬਾ ਨਾਨਕ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਚਰਨ ਬੰਦਨਾ ਕੀਤੀ। ਉਹ ਸਾਡੇ ਸਚਮੁਚ ਵਡੇਰੇ ਸਨ। ਉਂਗਲੀ ਫੜ ਕੇ ਤੋਰਨ ਵਾਲੇ।
ਰਾਹੀ ਪਰਿਵਾਰ ਬਹੁਤ ਵੱਡਾ ਆਕਾਰ ਧਾਰ ਗਿਆ ਹੈ। ਦੋਹਤਰੇ ਪੋਤਰੇ ਆਪਣੇ ਬਾਪੂ ਜੀ ਦੀ ਪੂੰਜੀ ਸੰਭਾਲ ਰਹੇ ਨੇ। ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ?
ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜੀਵਨ ਘਾਲਣਾ ਜਾਨਣ ਲਈ ਇਹ ਮਹਾਂਕਾਵਿ ਵਡਮੁੱਲਾ ਤੋਹਫ਼ਾ ਹੈ।

ਗੁਰਭਜਨ ਗਿੱਲ
