ਮੀਤੋ ਨੂੰ ਵਿਆਹਿਆਂ ਅੱਜ ਲੱਗਭਗ ਸੱਤ- ਅੱਠ ਸਾਲ ਹੋ ਗਏ ਸਨ।ਪਰ ਭਰਾ ਨਾਲ਼ ਹੋਈ ਅਣਬਣ ਨੇ ਉਸ ਦਾ ਪੇਕਿਆਂ ਦਾ ਜਿਵੇਂ ਮੋਹ ਹੀ ਭੰਗ ਕਰ ਦਿੱਤਾ ਹੋਵੇ।ਕਈ ਵਾਰ ਸੋਚਿਆ ਕਿ ਉਹ ਪੇਕਿਆਂ ਦੀ ਖ਼ੈਰ ਸੁੱਖ ਦਾ ਪਤਾ ਲੈ ਆਵੇ ਪਰ ਉਹ ਆਪਣੇ ਪਤੀ ਤੋਂ ਡਰਦੀ ਹਿੰਮਤ ਨਾ ਜੁਟਾ ਪਾਉਂਦੀ ਤੇ ਮਨ ਵਿੱਚ ਉੱਠਦੀ ਮੋਹ ਦੀ ਛੱਲ ਨੂੰ ਆਪਣੇ ਅੰਦਰ ਹੀ ਸਮੋ ਲੈਂਦੀ। ਕਿੰਨਾ ਕਿੰਨਾ ਚਿਰ ਉਹ ਆਪਣੇ ਭਰਾ ਦੀਆਂ ਯਾਦਾਂ ਵਿੱਚ ਗੁਆਚੀ ਰੋਂਦੀ ਰਹਿੰਦੀ। ਉਹ ਭੈਣ ਜਿਸ ਨੇ ਕਦੇ ਆਪਣੇ ਭਰਾ ਦੀ ਗੁੱਟ ਸੁੰਨ੍ਹੀ ਨਹੀਂ ਰਹਿਣ ਦਿੱਤੀ ਸੀ ਰੱਖੜੀ ਬਿਨਾਂ ਉਹ ਹੁਣ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸ਼ਕਲ ਵੀ ਨਹੀਂ ਸੀ ਵੇਖੀ। ਸਿਰਫ਼ ਭਰਾ ਵੱਲੋਂ ਆਪਣੇ ਜੀਜਾ ਜੀ ਨੂੰ ਦਾਰੂ ਪੀ ਕੇ ਗੱਡੀ ਚਲਾਉਣ ਤੋਂ ਰੋਕਣ ਕਰਕੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਨਾ ਆਪ ਸਹੁਰੇ ਘਰ ਆਇਆ ਤੇ ਨਾ ਉਸ ਨੂੰ ਪੇਕੇ ਜਾਣ ਦਿੱਤਾ।
ਅੱਜ ਰੱਖੜੀ ਦਾ ਦਿਨ ਸੀ ਘਰ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਗੁੱਡੀ ਤੇ ਉਸ ਦੇ ਪ੍ਰਾਹੁਣੇ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ। ਘਰ ਵਿੱਚ ਕਈ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਗਏ। ਬੱਚਿਆਂ ਨੂੰ ਮਾਂ ਜੀ ਨੂੰ ਬਹੁਤ ਬੇਸਬਰੀ ਨਾਲ਼ ਉਡੀਕ ਸੀ।ਵਾਰ ਵਾਰ ਫ਼ੋਨ ਘੁਮਾਏ ਜਾ ਰਹੇ ਸਨ।ਪਰ ਅਚਾਨਕ ਗੁੱਡੀ ਦਾ ਫ਼ੋਨ ਆਇਆ ਕਿ ਅਸੀਂ ਨਹੀਂ ਆ ਰਹੇ ਤੇ ਫ਼ੋਨ ਹੀ ਉੱਚੀ ਉੱਚੀ ਭੁੱਬ ਮਾਰ ਕੇ ਰੋਣ ਲੱਗੀ। ਮਾਂ ਜੀ ਨੇ ਫ਼ੋਨ ਫ਼ੜ ਲਿਆ ਅਤੇ ਗੁੱਡੀ ਨੂੰ ਦੁੱਖ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਾਡਾ ਝਗੜਾ ਹੋ ਗਿਆ ਜਿਸ ਕਰਕੇ ਉਹ ਮੈਨੂੰ ਪੇਕੇ ਆਉਣ ਤੇ ਰੋਕ ਰਿਹਾ।ਇਹ ਸੁਣ ਕੋਲ਼ ਖੜ੍ਹੇ ਮੀਤੋ ਦੇ ਪਤੀ ਨੂੰ ਬੜਾ ਗੁੱਸਾ ਆਇਆ ਤੇ ਬੋਲਿਆ ਕਿ ਐਂ ਕਿਵੇਂ ਨਹੀਂ ਆਉਣ ਦਿੰਦਾ ਉਹ। ਉਸ ਦੇ ਪਿਓ ਦਾ ਰਾਜ ਹੈ ਅਸੀਂ ਕੁੜੀ ਵਿਆਹੀ ਹੈ ਕੋਈ ਮੁੱਲ ਨਹੀਂ ਵੇਚੀ। ਮੈਂ ਦੇਖਦਾ ਕਿਵੇਂ ਉਹ ਗੁੱਡੀ ਨੂੰ ਪਿੰਡ ਆਉਣ ਤੋਂ ਰੋਕਦਾ । ਮੇਰੀ ਭੈਣ ਨੇ ਕਦੇ ਮੇਰਾ ਗੁੱਟ ਸੁੰਨ੍ਹਾ ਨਹੀਂ ਰਹਿਣ ਦਿੱਤਾ ਤਾਂ ਇਹ ਕਿਵੇਂ ਰੋਕ ਸਕਦਾ? ਮੈਂ ਹੁਣੇ ਫ਼ੋਨ ਲਾ ਕੇ ਕਰਦਾ ਉਸ ਦੀ ਲਾਹ ਪਾਹ। ਫ਼ੋਨ ਲਾਉਣ ਹੀ ਲੱਗਦਾ ਹੈ ਕਿ ਉਸ ਦੀ ਮਾਂ ਮੀਤੋ ਦੀ ਸੱਸ ਬੋਲ ਪਈ ਕਿ ਪੁੱਤ ਤੂੰ ਬੇਗਾਨੀ ਧੀ ਨੂੰ ਤਿੰਨ -ਚਾਰ ਸਾਲਾਂ ਤੋਂ ਰੱਖੜੀ ਬੰਨ੍ਹਣ ਨਹੀਂ ਜਾਣ ਦਿੱਤਾ ਤੇ ਆਪ ਇੱਕ ਵਾਰ ਤੇ ਤਿਲ ਮਿਲਾ ਉੱਠਿਆ।ਇਹ ਰਿਸ਼ਤਾ ਅਜਿਹਾ ਪੁੱਤ ਗੁੱਡੀ ਮੀਤੋ ਵਾਂਗ ਆਪਣੇ ਪਤੀ ਤੋਂ ਬਾਹਰੀ ਹੋ ਕੇ ਨਹੀਂ ਚੱਲ ਸਕਦੀ।
ਮੀਤੋ ਦਾ ਪਤੀ ਆਪਣੀ ਕੀਤੀ ਤੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਤੇ ਮੀਤੋ ਤੋਂ ਮੁਆਫ਼ੀ ਮੰਗ ਰਿਹਾ ਸੀ। ਮਾਂ ਨੇ ਕਿਹਾ ਪੁੱਤ ਕੋਈ ਗੱਲ ਨਹੀਂ ਗੁੱਡੀ ਪੇਕੇ ਨਹੀਂ ਆ ਸਕਦੀ ਪਰ ਤੂੰ ਤਾਂ ਉਸ ਦੇ ਸਹੁਰੇ ਜਾ ਸਕਦਾ ਹੈ। ਨਾਲ਼ੇ ਮੀਤੋ ਆਪਣੇ ਭਰਾ ਦੇ ਰੱਖੜੀ ਬੰਨ੍ਹ ਆਵੇਗੀ। ਤਾਂ ਮੀਤੋ ਦੇ ਪਤੀ ਨੇ ਝੱਟ ਦੇਣੇ ਮੀਤੋ ਨੂੰ ਤਿਆਰ ਹੋਣ ਲਈ ਕਿਹਾ ਤੇ ਆਪ ਨਹਾ ਕੇ ਪੱਗ ਬੰਨ੍ਹਣ ਲੱਗਾ। ਮੀਤੋ ਪੇਕੀਂ ਫ਼ੋਨ ਕਰਨ ਲੱਗੀ ਤਾਂ ਉਸ ਨੇ ਰੋਕ ਦਿੱਤਾ ਕਿ ਅੱਜ ਸਰਪ੍ਰਾਇਜ਼ ਦੇਵਾਂਗੇ। ਮੀਤੋ ਨੇ ਆਪਣੀ ਸੱਸ ਦਾ ਧੰਨਵਾਦ ਕੀਤਾ ਅਤੇ ਫਟਾਫਟ ਤਿਆਰ ਹੋਣ ਲੱਗੀ। ਚਿਰਾਂ ਪਿੱਛੋਂ ਉਸ ਦੇ ਚਿਹਰੇ ਤੇ ਰੌਣਕ ਪਰਤੀ ਸੀ। ਤੇ ਚਾਰ ਸਾਲਾਂ ਤੋਂ ਸੁੰਨ੍ਹਾ ਗੁੱਟ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਓਧਰ ਗੁੱਡੀ ਦੀ ਮਾਂ ਨੇ ਗੁੱਡੀ ਨੂੰ ਦੱਸਿਆ ਕਿ ਤੇਰਾ ਭਰਾ ਆ ਰਿਹਾ ਹੈ ਇਹ ਸੁਣ ਕੇ ਉਸ ਦਾ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। ਤੇ ਮਨ ਵਿੱਚ ਗੀਤ ਦੇ ਬੋਲ ਗੂੰਜ ਰਹੇ ਸਨ।
ਮੇਰਾ ਵੀਰ ਸੰਧਾਰਾ ਲੈ ਕੇ ਆਇਆ ਨੀ,

ਰਣਬੀਰ ਸਿੰਘ ਪ੍ਰਿੰਸ
37/1ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ148001
9872299613

