ਹਰ ਬੰਦੇ ਦੇ ਅੰਦਰ ਮਿੱਤਰੋ, ਜੋਤ ‘ਉਸੇ’ ਦੀ ਜਗਦੀ।
ਜਿਹੜਾ ਨੀਵਾਂ ਹੋ ਕੇ ਚੱਲੇ, ਤੱਤੀ ‘ਵਾ ਨਹੀਂ ਲੱਗਦੀ।
ਸਾਰੇ ਧਰਮ ਇਹੋ ਕਹਿੰਦੇ ਨੇ, ਨਿਮਰਤਾ ਧਾਰਨ ਕਰੀਏ।
ਸੁਖ ਆਵੇ ਤਾਂ ਖ਼ੁਸ਼ ਨਾ ਹੋਈਏ, ਦੁਖ ਨੂੰ ਵੀ ਅਸੀਂ ਜਰੀਏ।
ਗੁਰੂ ਨਾਨਕ ਦੀ ਬਾਣੀ ਵਿੱਚ ਹੈ, ਕਿੰਨਾ ਵੱਡਾ ਸੱਚ।
“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥”
ਜੋ ਬੰਦੇ ਨਿਰਮਾਣ ਨੇ ਹੁੰਦੇ, ਰਹਿੰਦੇ ਨਵੇਂ ਨਰੋਏ।
ਗੁਰਬਾਣੀ ਵਿੱਚ ਸੱਚ ਲਿਖਿਆ ਹੈ: “ਨਿਵੈ ਸੁ ਗਉਰਾ ਹੋਇ।”
ਨਾ ਦੁਨੀਆਂ ਵਿੱਚ ਮਾੜੇ ਸਾਰੇ, ਨਾ ਹਨ ਸਾਰੇ ਚੰਗੇ।
ਪਰਮ-ਜੋਤ ਦਿੱਸਦੀ ਹੈ ਜਿਸਨੂੰ, ਉਹ ਹਨ ਅਸਲੀ ਬੰਦੇ।
ਹਉਮੈ, ਖ਼ੁਦੀ, ਬੁਰਾਈ ਛੱਡੀਏ, ਨੈਤਿਕਤਾ ਅਪਣਾਈਏ।
ਵੱਡੇ-ਛੋਟੇ ਦਾ ਭੇਦ ਮਿਟਾ ਕੇ, ਸਭ ਨੂੰ ਗਲ਼ੇ ਲਗਾਈਏ।

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ)
