ਬਸਤੀ ਦੀ ਕਮਜ਼ੋਰ ਅਵਸਥਾ ਕੀ ਕਹਿੰਦੀ।
ਪ੍ਰਸ਼ਾਸਨ ਦੀ ਚੋਰ ਅਵਸਥਾ ਕੀ ਕਹਿੰਦੀ।
ਗੁੱਡੀ ਨੂੰ ਤਾਂ ਇੱਕ ਸਹਾਰਾ ਚਾਹੀਦਾ,
ਟੁੱਟੀ ਹੋਈ ਡੋਰ ਅਵਸਥਾ ਕੀ ਕਹਿੰਦੀ।
ਕਿੰਨੀ ਪੀਤੀ ਝੱਟ ਪਤਾ ਲਗ ਜਾਵੇਗਾ,
ਪੈਰ੍ਹਾਂ ਵਿਚਲੀ ਲੋਰ ਅਵਸਥਾ ਕੀ ਕਹਿੰਦੀ।
ਜੰਗਲ ਦੀ ਖ਼ੁਸ਼ਹਾਲੀ ਆਪੇ ਦਿਸ ਪੈਂਦੀ,
ਮੋਰਾਂ ਵਿਚਲੀ ਮੋਚ ਅਵਸਥਾ ਕੀ ਕਹਿੰਦੀ।
ਇਕ ਕਾਨੂੰਨ ਨਿਯਮ ਦੀ ਸਾਰੀ ਗੱਲ ਨਹੀਂ,
ਬਾਕੀ ਵੀ ਕੁਝ ਹੋਰ ਅਵਸਥਾ ਕੀ ਕਹਿੰਦੀ।
ਕੁਝ ਨਾ ਕੁਝ ਤਾਂ ਮੁਮਕਿੰਨ ਹੋਇਆ ਲਗਦਾ ਏ,
ਚੀਕ ਚਿਹਾੜਾ ਸ਼ੋਰ ਅਵਸਥਾ ਕੀ ਕਹਿੰਦੀ।
ਬਾਰਿਸ਼ ਅਪਣੀ ਹੋਂਦ ਵਿਖਾਵੇਗੀ ਕਿਧਰੇ,
ਬੱਦਲਾਂ ਦੀ ਘਨਘੋਰ ਅਵਸਥਾ ਦੀ ਕਹਿੰਦੀ।
ਜੀਵਨ ਕੇਵਲ ਸੁੱਖਾਂ ਨਾਲ ਹੀ ਚਲਦਾ ਨਈਂ,
ਕੰਡਿਆਂ ਵਾਲੀ ਥੋਰ ਅਵਸਥਾ ਕੀ ਕਹਿੰਦੀ।
ਕਿੰਨੇ ਲੋਕਾਂ ਨੂੰ ਇਸ ਨੇ ਖ਼ੁਸ਼ ਕੀਤਾ ਹੈ,
ਝਾਂਜਰ ਦੀ ਕਮਜ਼ੋਰ ਅਵਸਥਾ ਕੀ ਕਹਿੰਦੀ।
ਇੱਕ ਕਰਾਂਤੀ ਜਲਦੀ ਆਵਣ ਵਾਲੀ ਹੈ,
‘ਬਾਲਮ’ ਜ਼ੋਰਾ ਜ਼ੋਰ ਅਵਸਥਾ ਕੀ ਕਹਿੰਦੀ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409

