
ਅੱਜ ਮਿਤੀ ਬਿਅੰਤੇ ਬੁੱਚੜ ਨੂੰ ਸੋਧਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਜਿਸ ਵਿੱਚ ਪੰਥਕ ਜਥੇਬੰਦੀਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਅੱਜ ਇਸ ਮੌਕੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਤੇ ਗੁਰੂਦੁਆਰਾ ਤੇਰਾ ਸਿੰਘ ਸ਼ਹੀਦ, ਸ਼ਹੀਦ ਗੰਜ ਸਾਹਿਬ, ਬ੍ਰਾਂਚ ਦਮਦਮੀ ਟਕਸਾਲ, ਅੰਮ੍ਰਿਤਸਰ ਬੀ ਬਲਾਕ ਵਿਖੇ ਸਾਰੇ ਪੰਥਕ ਆਗੂਆਂ ਵੱਲੋਂ ਲੋਕ ਅਰਪਣ ਕੀਤਾ ਗਿਆ। ਸਾਰੇ ਸਿੱਖ ਆਗੂਆਂ ਨੇ ਇਸ ਕਿਤਾਬ ਨੂੰ ਪੜਣ ਦੀ ਅਪੀਲ ਕੀਤੀ ਤਾਂ ਜੋ ਕਿ ਸਾਡੀ ਅਗਲੇਰੀ ਪੀੜੀ ਸੱਚ ਤੋਂ ਜਾਣੂ ਹੋ ਸਕੇ। ਕਿਉਂਕਿ 1984 ਤੋਂ ਲੈ ਕੇ 1995 ਦੇ ਸੰਘਰਸ਼ ਦੇ ਦੌਰ ਬਾਰੇ ਸੋਸ਼ਲ ਮਿਡੀਆ ਵਿੱਚ ਜਾਂ ਤਾਂ ਕੁਝ ਵਧਾ ਕੇ ਦਰਸਾਇਆ ਜਾਂਦਾ ਹੈ ਜਾਂ ਬਹੁਤ ਕੁਝ ਘਟਾ ਕੇ ਦੱਸਿਆ ਜਾਂਦਾ ਹੈ। ਸਿੱਖ ਆਗੂਆਂ ਨੇ ਕਿਹਾ ਇਸ ਮਹੌਲ ਵਿੱਚ “ਸੰਘਰਸ਼ ਦਾ ਦੌਰ” ਕਿਤਾਬ ਸੱਚਾਈ ਨੂੰ ਨਸ਼ਰ ਕਰਦੀ ਸਾਬਿਤ ਹੋਵੇਗੀ। “ਸੰਘਰਸ਼ ਦਾ ਦੌਰ” ਕਿਤਾਬ ਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਇਸ ਕਿਤਾਬ ਵਿੱਚ ਉਨ੍ਹਾਂ ਸਭ ਘਟਨਾਵਾਂ ਬਾਰੇ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਨੇ ਅੱਖੀਂ ਵੇਖੀਆਂ ਹਨ ਅਤੇ ਹੱਡੀਂ ਹੰਢਾਈਆਂ ਹਨ।