ਸ਼ਵੇਤਾ ਨੂੰ ਐਮਏ ਕਰਦਿਆਂ ਸਾਰ ਹੀ ਯੂਨੀਵਰਸਿਟੀ ਵਿੱਚ ਐਡਹਾਕ ਲੈਕਚਰਾਰ ਵਜੋਂ ਨੌਕਰੀ ਮਿਲ ਗਈ। ਨਾ ਉਹਨੇ ਨੈੱਟ ਪਾਸ ਕੀਤਾ ਸੀ, ਨਾ ਐਮਫ਼ਿਲ। ਪੀਐਚਡੀ ਦਾ ਤਾਂ ਉਹਨੇ ਨਾਂ ਵੀ ਨਹੀਂ ਸੀ ਸੁਣਿਆ। ਅਸਲ ਵਿੱਚ ਉਹਦੇ ਪਾਪਾ ਸਿੱਖਿਆ ਸਕੱਤਰ ਦੇ ਪੀਏ ਸਨ ਤੇ ਉਨ੍ਹਾਂ ਨੇ ਹੀ ਸ਼ਵੇਤਾ ਨੂੰ ਸਿਫ਼ਾਰਿਸ਼ ਨਾਲ ਨੌਕਰੀ ਦਿਵਾਈ ਸੀ। ਸ਼ਵੇਤਾ ਦੀਆਂ ਦੂਜੀਆਂ ਕੁਲੀਗਜ਼ ਪੈਮੀ ਤੇ ਸੁੱਖੀ ਉਹਦੇ ਤੇ ਰਸ਼ਕ ਕਰਦੀਆਂ। ਇੱਕ ਦਿਨ ਸ਼ਵੇਤਾ ਨੇ ਪੈਮੀ ਨੂੰ ਪੁੱਛਿਆ, “ਸਾਰੇ ਅਧਿਆਪਕਾਂ ਦੀਆਂ ਨੇਮ ਪਲੇਟਸ ਤੇ ਨਾਂ ਮੂਹਰੇ ‘ਡਾਕਟਰ’ ਕਿਉਂ ਲਿਖਿਆ ਹੋਇਐ?” ਪੈਮੀ ਨੇ ਸਮਝਾਇਆ ਕਿ ਇਨ੍ਹਾਂ ਸਭ ਨੇ ਡਾਕਟਰੇਟ ਕੀਤੀ ਹੋਈ ਹੈ, ਇਸਲਈ। ਫਿਰ ਉਹਨੇ ਪੀਐਚਡੀ ਬਾਰੇ ਉਹਨੂੰ ਲੰਮੀ ਚੌੜੀ ਜਾਣਕਾਰੀ ਦਿੱਤੀ। ਸੁੱਖੀ ਵੀ ਕੋਲ ਹੀ ਬੈਠੀ ਸੀ। ਪਰ ਉਹਨੇ ਪੈਮੀ ਨੂੰ ਪਾਸੇ ਲਿਜਾ ਕੇ ਕਿਹਾ, “ਇਹਦਾ ਕੁਝ ਨਹੀਂ ਬਣਨਾ।” ਤਾਂ ਪੈਮੀ ਨੇ ਝੱਟ ਕਿਹਾ, “ਵੇਖ ਲਵੀਂ, ਬਣਨਾ ਹੀ ਇਹਦਾ ਹੈ, ਆਪਣੇ ਵਰਗੇ ਰਹਿ ਜਾਣਗੇ।” ਅਧਿਆਪਕਾਂ ਨੂੰ ਪੱਕੇ ਕੀਤੇ ਜਾਣ ਦੀਆਂ ਇੰਟਰਵਿਊਜ਼ ਸ਼ੁਰੂ ਹੋਈਆਂ, ਜਿਸ ਵਿੱਚ ਸ਼ਵੇਤਾ ਬਾਜ਼ੀ ਮਾਰ ਗਈ ਤੇ ਪੈਮੀ ਤੇ ਸੁੱਖੀ ਨੂੰ ‘ਡਾਕਟਰ’ ਹੋਣ ਦੇ ਬਾਵਜੂਦ ਨਿਰਾਸ਼ ਹੋਣਾ ਪਿਆ। ਪੈਮੀ ਨੇ ਸੁੱਖੀ ਨੂੰ ਯਾਦ ਕਰਵਾਇਆ, “ਤੈਨੂੰ ਕਿਹਾ ਸੀ ਨਾ ਇਹ ਬੜੀ ਚੀਜ਼ ਹੈ!”

~ ਪ੍ਰੋ. ਨਵ ਸੰਗੀਤ ਸਿੰਘ