ਉੜੀਸਾ ਵਿੱਚ ਜਗਨਨਾਥ ਦੇ ਮੰਦਰ ਵਿੱਚ ਆਰਤੀ ਹੋ ਰਹੀ ਸੀ ਤੇ ਮੰਦਰ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ। ਸੰਤ ਚੈਤੰਨਯ ਲੋਕਾਂ ਦੇ ਪਿੱਛੇ ਇੱਕ ਖੰਭੇ ਕੋਲ ਖੜ੍ਹੇ ਸੁਣ ਰਹੇ ਸਨ। ਉਨ੍ਹਾਂ ਦੇ ਨੇੜੇ ਹੀ ਇੱਕ ਔਰਤ ਪੱਬਾਂ ਭਾਰ ਖੜ੍ਹੀ ਹੋ ਕੇ ਵੀ ਮੂਰਤੀ ਦੇ ਦਰਸ਼ਨ ਕਰ ਸਕਣ ਤੋਂ ਅਸਮਰਥ ਸੀ। ਆਖ਼ਰ ਉਹ ਖੰਭੇ ਤੇ ਚੜ੍ਹ ਗਈ ਤੇ ਬੇਧਿਆਨੀ ਵਿੱਚ ਚੈਤੰਨਯ ਦੇ ਮੋਢੇ ਤੇ ਪੈਰ ਟਿਕਾ ਕੇ ਮੂਰਤੀ ਨੂੰ ਵੇਖਦੀ ਹੋਈ ਆਰਤੀ ਸੁਣਨ ਲੱਗੀ।
ਚੈਤੰਨਯ ਦੇ ਇੱਕ ਸ਼ਿਸ਼ ਨੇ ਇਹ ਦ੍ਰਿਸ਼ ਵੇਖਿਆ ਤਾਂ ਔਰਤ ਨੂੰ ਡਾਂਟਣ ਲੱਗਿਆ। ਪਰ ਚੈਤੰਨਯ ਨੇ ਉਹਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਆਖਿਆ “ਦਰਸ਼ਨ ਕਰ ਲੈਣ ਦੇ ਇਹਨੂੰ।”
ਉਸੇ ਵੇਲੇ ਔਰਤ ਹੇਠਾਂ ਉੱਤਰੀ ਤਾਂ ਚੈਤੰਨਯ ਦੇ ਪੈਰਾਂ ਤੇ ਡਿੱਗ ਕੇ ਮੁਆਫ਼ੀ ਮੰਗਣ ਲੱਗੀ।
ਚੈਤੰਨਯ ਨੇ ਔਰਤ ਨੂੰ ਮੋਢਿਆਂ ਤੋਂ ਫੜ ਕੇ ਉਠਾਉਂਦਿਆਂ ਕਿਹਾ, “ਜਗਨਨਾਥ ਦੇ ਦਰਸ਼ਨਾਂ ਦੀ ਤੇਰੀ ਲਾਲਸਾ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ। ਤੇ ਤੂੰ ਜਿਸ ਤਰ੍ਹਾਂ ਸਭ ਕੁਝ ਵੱਲੋਂ ਬੇਧਿਆਨੇ ਹੋ ਕੇ ਮੂਰਤੀ ਨੂੰ ਵੇਖਦੀ ਆਰਤੀ ਸੁਣ ਰਹੀ ਸੀ, ਉਹ ਅਦੁੱਤੀ ਸੀ। ਅੱਜ ਤੇਰੇ ਕੋਲੋਂ ਅਜਿਹੀ ਭਗਤੀ-ਭਾਵਨਾ ਸਿੱਖਣ ਨੂੰ ਮਿਲੀ ਹੈ, ਜਿਸ ਵਿੱਚ ਆਦਮੀ ਸਭ ਕੁਝ ਭੁੱਲ-ਭੁਲਾ ਕੇ ਤਨੋਂ-ਮਨੋਂ ਪਰਮਾਤਮਾ ਨਾਲ ਜੁੜ ਜਾਂਦਾ ਹੈ!”

~ ਪ੍ਰੋ. ਨਵ ਸੰਗੀਤ ਸਿੰਘ

