ਇਹ ਸਦੀਵੀ ਸਚੁ ਐ ਕਿ ਸ਼ਬਦ ਹੀ ਮਨੁੱਖ ਦਾ ਗੁਰੂ ਹੈ। ਇਸ ਨਾਲ ਮਿਲਾਪ ਕਰਵਾਉਣ ਵਾਲੇ ਉਸਤਾਦ ਹੁੰਦੇ ਹਨ । ਅਸੀਂ ਕਿਤਾਬਾਂ ਤੋਂ ਬਹੁਤ ਕੁੱਝ ਸਿੱਖਦੇ ਤੇ ਸਿਖਾਉਂਦੇ ਹਾਂ । ਜਦੋਂ ਦੀ ਮੈਂ ਸੁਰਤ ਸੰਭਾਲੀ ਹੈ। ਕਿਤਾਬਾਂ ਦੇ ਨਾਲ ਜੁੜਿਆ ਰਿਹਾ ਹਾਂ ।
ਮੈਂ ਹੁਣ ਤੱਕ ਦਾ ਬਹਤਾ ਸਮਾਂ ਕਿਤੇ ਵੀ ਕਿਤਾਬਾਂ ਨਾਲ ਹੀ ਗੁਜ਼ਾਰਿਆਂ ਹੈ। ਕਿਤਾਬਾਂ ਨੂੰ ਸ਼ਬਦ ਗੁਰੂ ਜਾਣਿਆ ਤੇ ਸਮਝਿਆ ਹੈ। ਲੰਮਾਂ ਸਮਾਂ ਪੰਜਾਬੀ ਭਵਨ ,ਲੁਧਿਆਣਾ ਦੇ ਵਿਹੜੇ ਵਿਚਲੀ ਲਾਇਬ੍ਰੇਰੀ ਵਿੱਚ ਰਿਹਾ ਹਾਂ। ਇਹ ਭਵਨ ਜੋ ਮੇਰਾ ਰੈਣ- ਬਸੇਰਾ ਵੀ ਰਿਹਾ। ਇਸ ਲਾਇਬ੍ਰੇਰੀ ਵਿੱਚ ਬਹੁਤ ਸੋਹਣੀ ਸੋਚ ਵਾਲੇ ਪੰਜਾਬੀ ਮਾਂ ਬੋਲੀ ਦੇ ਪਿਆਰੇ ਪਾਠਕ ਅਕਸਰ ਆਉਂਦੇ ਸਨ ਜੋ ਹਰ ਕਿਤਾਬ ਨੂੰ ਚੁੱਕਣ ਵੇਲੇ ਆਪਣੇ ਮਸਤਕ ਭਾਵ ਮੱਥੇ ਨੂੰ ਲਾਉਂਦੇ ਸਨ। ਦੂਜੇ ਪਾਸੇ ਕੁੱਝ ਚਾਹ ਪੀਣ ਦੇ ਚੱਕਰ ਵਿੱਚ ਆ ਜਾਂਦੇ । ਉਹਨਾਂ ਦਾ ਕਿਤਾਬ ਨਾਲ ਕੋਈ ਮਤਲਬ ਨਹੀਂ ਸੀ ਹੁੰਦਾ । ਅਜਿਹੇ ਸੱਜਣ ਵੀ ਮਿਲੇ ਜੋ ਕਿਤਾਬਾਂ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਚੁਰਾ ਕੇ ਲਾਇਬ੍ਰੇਰੀ ਵਿੱਚੋਂ ਵੀ ਲੈ ਜਾਂਦੇ ਸਨ।
ਹੁਣ ਮੈਂ ਦੋਰਾਹਾ ਤੇ ਸਾਹਨੇਵਾਲ ਵਿੱਚਕਾਰ ਸਾਹਨੇਵਾਲ ਖੁਰਦ ਵਿੱਚ ਰਹਿ ਰਿਹਾ ਹਾਂ। ਹੇਠਾਂ ਦੋ ਜੀਆਂ ਦੀ ਰਿਹਾਇਸ਼ ਤੇ ਉਪਰ ਚੁਬਾਰੇ ਵਿੱਚ ਕਿਤਾਬ ਘਰ ਮੇਰੀ ਲਾਇਬ੍ਰੇਰੀ ਹੈ। ਕਿਤਾਬਾਂ ਤੋਂ ਬਿਨਾਂ ਅਧੂਰਾ ਹਾਂ । ਮੇਰੇ ਬਿਸਤਰੇ ਉੱਤੇ ਕਿਤਾਬਾਂ ਦਾ ਮੇਲਾ ਲੱਗਿਆ ਰਹਿੰਦਾ ਹੈ । ਕਿਤਾਬਾਂ ਬਿਨਾਂ ਮੈਂ ਜੀਅ ਹੀ ਨਹੀਂ ਸਕਦਾ।
ਮੇਰੀ ਇਸੇ ਲਾਇਬ੍ਰੇਰੀ ਵਿੱਚ ਕੱਲ੍ਹ ਅਚਾਨਕ ਆਉਣਾ ਹੋਇਆ ਮੇਰੇ ਪਿੰਡ ਨੀਲੋਂ ਦੇ ਗਵਾਂਢੀ ਪਿੰਡ ਤੱਖਰਾਂ ਤੋਂ ਮੇਰਾ ਛੋਟਾ ਭਰਾ ਚੇਲਾ ਬਾਲਕਾ ਤੇ ਮੇਰਾ ਸਮਕਾਲੀ ਕਲਮਕਾਰ ਬਲਬੀਰ ਬੱਬੀ ਜੋ ਇਸ ਵੇਲੇ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਪੈੜਾਂ ਪਾ ਰਿਹਾ ਹੈ। ਜਦੋਂ ਉਹ ਮੇਰੀ ਲਾਇਬ੍ਰੇਰੀ ਵਿੱਚ ਆਇਆ ਤੇ ਉਸ ਨੇ ਝੁਕ ਝੁਕ ਕੇ ਉਹਨਾਂ ਮਹਾਨ ਕਿਤਾਬਾਂ ਦਾ ਸਤਿਕਾਰ ਕੀਤਾ ਜੋ ਬਹੁਤ ਕੁੱਝ ਬਿਆਨ ਕਰਦਾ ਸੀ ਕਿ ਬਲਬੀਰ ਸਿੰਘ ਬੱਬੀ ਸੱਚਮੁੱਚ ਹੀ ਪੰਜਾਬੀ ਮਾਂ ਬੋਲੀ ਦਾ ਪ੍ਰੇਮੀ ਹੈ ਇਸ ਨੂੰ ਹੀ ਕਿਹਾ ਜਾਂਦਾ ਹੈ ਕਿਤਾਬਾਂ ਸ਼ਬਦ ਨੂੰ ਸਿਜਦਾ ਕਰਨਾ ਵਾਲੇ! ਕਿਤਾਬਾਂ ਦੇ ਵਿੱਚ ਬਹੁਤ ਗਿਆਨ ਐ। ਇਹਨਾਂ ਨੂੰ ਪੜ੍ਹਨ ਦੀ ਵੀ ਲੋੜ ਤੇ ਸੰਭਾਲਣ ਦੀ ਵੀ। ਸਾਡੇ ਘਰਾਂ ਵਿੱਚ ਸਭ ਕੁੱਝ ਹੁੰਦਾ ਹੈ ਪਰ ਕੋਈ ਕਿਤਾਬ ਨਹੀਂ ਹੁੰਦੀ ਤੇ ਕੋਈ ਲਾਇਬ੍ਰੇਰੀ ਨਹੀਂ ਹੁੰਦੀ ।
ਬੁੱਧ ਸਿੰਘ ਨੀਲੋਂ