ਲਹਿਰਾਂ ਵਿਚ ਸੰਗੀਤ, ਲੈ, ਤਾਨ ਦੀ ਏਕਤਾ ਦ੍ਰਿਸ਼ਾਉਂਦੀ : ਸਿਲਵਨ ਲੇਕ, ਕਨੇਡਾ।

ਕਨੇਡਾ ਵਿਚ ਅਨੇਕਾਂ ਹੀ ਖ਼ੂਬਸੂਰਤ ਝੀਲਾਂ ਹਨ। ਆਕਾਰ ਵਿਚ, ਮਿਆਰ ਵਿਚ, ਦ੍ਰਿਸ਼ਾਵਲੀਆਂ ਵਿਚ ਅਤੇ ਛੋਟੇ ਛੋਟੇ ਟਾਪੂਆਂ ਦੇ ਸੁਮੇਲ ਨਾਲ। ਪਰ ਸਿਲਵਨ ਲੇਕ ਦੀ ਅਦਭੁਦਤਾ ਵਿਸ਼ਵ ਪ੍ਰਸਿੱਧ ਹੈ। ਅਨੇਕਾਂ ਹੀ ਲੋਕ (ਘੁਮੱਕੜ) ਯਾਤਰੀ ਇਸ ਝੀਲ ਦੇ ਦਰਸ਼ਨ ਕਰਨ ਅਤੇ ਇਸ ਦਾ ਪਰਿਪੂਰਨਤਾ ਯੁਕਤ ਅਨੰਦ ਮਾਣਨ ਲਈ ਆਉਂਦੇ ਹਨ। ਝੀਲਾਂ ਦਾ ਸੁੰਦਰ ਮਨ ਮੋਹਣਾ ਜਿਸਮ ਸਮੋਹਿਕਤਾ ਅਤੇ ਰੁਮਾਂਟਿਕਤਾ ਦੇ ਨਾਲ ਨਾਲ ਰੋਮਾਂਚ ਪੈਦਾ ਕਰਦਾ ਹੈ। ਝੀਲ ਵਿਚ ਤੈਰਦੇ ਅਤੇ ਲਹਿਰਾਂ ਨਾਲ ਅੱਠਖੇਲੀਆਂ ਕਰਦੇ ਸੁੰਦਰ ਅਰਧ ਨਗਨ ਜਿਸਮ, ਧਿਆਨ ਅਤੇ ਲਲਕ ਨੂੰ ਉੱਤੇਜਿਤ ਕਰਦੇ ਹੋਏ ਨਵੀਂ ਜੀਵਨ ਦ੍ਰਿਸ਼ਟੀ ਵਿਚ ਜੀਵਨ ਦੀ ਤੀਬਰ ਇੱਛਾ ਪੈਦਾ ਕਰਦੇ ਹਨ, ਜੋ ਸਕੂਨ ਅਤੇ ਅਧਿਆਤਮਿਕਤਾ ਦੀ ਕੂਜੀ ਹੈ। ਸਿਲਵਨ ਲੇਕ ਦਾ ਸਮੁੱਚਾ ਵਿਸ਼ਵ ਵਿਆਪੀ ਸੰਦੇਸ਼ ਹੈ ਕਿ ਸਾਰਾ ਵਿਸ਼ਵ ਸੰਸਾਰ ਸਮੁੱਚਾ ਭੂੰ-ਮੰਡਲ ਇੱਕ ਹੀ ਹੈ। ਮਾਨਵ ਜੀਵਨ ਵਿਚ ਸੰਪੂਰਨ ਮਾਨਵ ਜਾਤੀ ਵੀ ਇੱਕ ਹੀ ਹੈ। ਜੀਵਨ ਨੂੰ ਅਨੰਦਮਈ ਬਣਾਉਂਦੀ ਹੈ। ਝੀਲ ਦੇ ਰੂਪ ਅਤੇ ਸਵਭਾਵ ਦੋਵੇਂ ਹੀ ਮੈਤਰੀਪੂਰਨ ਹਨ। ਪ੍ਰੇਮ ਨਾਲ ਪ੍ਰਫੁਲਿਤ ਸ਼ਾਂਤੀ ਹੀ ਸ਼ਾਂਤੀ ਹੈ। ਦੂਰ ਦੂਰ ਤੱਕ ਪਾਣੀ ਦੀ ਪ੍ਰਤਿਸ਼ਠਾ ਅਤੇ ਕੁਲੀਨਤਾ ਸ਼ਾਂਤੀ ਅਤੇ ਅਧਿਆਤਮਿਕਤਾ ਦੇ ਦਰਵਾਜ਼ੇ ਖੋਲ੍ਹਦੀ ਹੈ। ਸਿਲਵਨ ਲੇਕ ਦੇ ਨਾਂ ’ਤੇ ਵਸਾਇਆ ਗਿਆ ਇੱਕ ਖ਼ੂਬਸੂਰਤ ਸ਼ਹਿਰ ਹੈ। ਸਿਲਬਨ ਦਾ ਮਤਲਬ ਹੈ ਜੰਗਲੀ। ਲਗਭਗ 1912 ਨੂੰ ਇਹ ਛੋਟਾ ਜਿਹਾ ਪਿੰਡ ਵਸਿਆ ਅਤੇ 20 ਮਈ 1946 ਨੂੰ ਇੱਕ ਸਥਾਪਿਤ ਸ਼ਹਿਰ ਹੋਂਦ ਵਿਚ ਆ ਗਿਆ। ਇਸ ਝੀਲ ਨੂੰ ਵੇਖਣ ਲਈ ਹਰ ਸਾਲ ਲੱਖਾਂ ਹੀ ਲੋਕ ਵੱਖ ਵੱਖ ਦੇਸ਼ਾਂ ਦੇ ਆਉਂਦੇ ਹਨ। ਇਸ ਝੀਲ ਨੂੰ ਪਹਿਲਾਂ ਮੇਥੀ ਸਵਾਨ ਅਤੇ ਸਕੇਲ ਝੀਲ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਇਸ ਦਾ ਇੱਕ ਅਨੋਖਾ ਇਤਿਹਾਸ ਹੈ। ਸ਼ੁਰੂ ਸ਼ੁਰੂ ਵਿਚ ਨਿਵਾਸੀ ਕਿਉਬੇਕ ਅਤੇ ਸੰਯੁਕਤ ਰਾਸ਼ਟਰ ਅਮਰੀਕਾ ਤੋਂ ਆਏ ਫਰੈਂਚ ਭਾਸ਼ੀ ਲੋਕ ਸਨ।
ਸਿਲਵਨ ਲੇਕ ਵੇਖਣ ਲਈ ਅਸੀਂ ਦੋ ਪਰਿਵਾਰ ਤਿਆਰ ਹੋ ਗਏ। ਐਡਮਿੰਟਨ ਤੋਂ ਦੋ ਘੰਟਿਆਂ ਦਾ ਰਸਤਾ ਹੋਵੇਗਾ lਰੈਡ ਡੀਅਰ ਸ਼ਹਿਰ ਤੋਂ ਲਗਭਗ 20 ਮਿੰਟ ਕਾਰ ਦਾ ਰਸਤਾ ਹੈ। ਅਸੀਂ ਲਗਭਗ ਦੁਪਹਿਰ 12 ਵਜੇ ਦੇ ਕਰੀਬ ਇੱਥੇ ਪਹੁੰਚੇ ਪਰ ਬੈਠਣ ਲਈ ਕਿਤੇ ਥਾਂ ਨਹੀਂ ਸੀ ਮਿਲ ਰਹੀ ਹਾਲਾਂਕਿ ਇਹ ਝੀਲ ਲਗਭਗ 15 ਕਿੱਲੋਮੀਟਰ ਲੰਬੀ ਮਿੱਠੇ ਪਾਣੀ ਦੀ ਝੀਲ ਹੈ। ਰੈਡ ਡੀਅਰ ਅਤੇ ਲੈਕੰਬੋ ਕਾਊਂਟੀ ਦੇ ਵਿਚਕਾਰ ਦੀ ਸੀਮਾ ਉੱਪਰ ਫੈਲੀ ਹੋਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰਿਵਾਰਾਂ, ਯਾਰਾਂ, ਦੋਸਤਾਂ ਸਮੇਤ ਇਸ ਝੀਲ ਨੂੰ ਵੇਖਣ ਲਈ ਆਏ ਹੋਏ ਸੀ। ਖ਼ਾਸ ਕਰਕੇ ਨੌਜਵਾਨ ਲੜਕੇ, ਲੜਕੀਆਂ ਅਤੇ ਬੱਚੇ ਮਨੋਰੰਜਨ ਵਿੱਚ ਜਿਆਦਾ ਹਿੱਸਾ ਲੈਂਦੇ ਨਜ਼ਰ ਆਏ। ਸਿਲਵਨ ਸ਼ਹਿਰ ਵਿੱਚ ਖ਼ੂਬਸੂਰਤ ਹੋਟਲ ਅਤੇ ਇਮਾਰਤਾਂ ਵੇਖਣਯੋਗ ਹਨ। ਬੜੀ ਮੁਸ਼ਕਿਲ ਨਾਲ ਘੁੰਮ ਘੁਮਾ ਕੇ ਝੀਲ ਦੇ ਕਿਨਾਰੇ ’ਤੇ ਜਗ੍ਹਾ ਮਿਲੀ। ਇੱਥੇ ਕਾਰ ਪਾਰਕਿੰਗ ਦੀ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਪਰ ਕੋਈ ਚਾਰਾ ਨਾ ਚੱਲੇ ਤਾਂ ਕਿਰਾਏ ਦੀ ਪਾਰਕਿੰਗ ਮਿਲ ਹੀ ਜਾਂਦੀ ਹੈ। ਕਈ ਮੀਟਰ ਘੁੰਮਣ ਤੋਂ ਬਾਅਦ ਝੀਲ ਦੇ ਦਫਤਰੀ ਵਿਭਾਗ ਦੇ ਇੱਕ ਪਾਸੇ ਇੱਕ ਛੋਟੇ ਜਿਹੇ ਫੈਲੇ ਹੋਏ ਰੁੱਖ ਹੇਠਾਂ ਕਿਸੇ ਪਰਿਵਾਰ ਦੀ ਮਦਦ ਨਾਲ ਥੋੜੀ ਬਹੁਤ ਗੁਜ਼ਾਰੇ ਜੋਗੀ ਜਗ੍ਹਾ ਮਿਲ ਗਈ ਜਿੱਥੇ ਅਸੀਂ ਆਪਣਾ ਸਮਾਨ ਟਿਕਾ ਦਿੱਤਾ। ਝੀਲ ਦੇ ਕਿਨਾਰੇ ਦੇ ਨਾਲ ਨਾਲ ਕੁਰਬਲ ਕੁਰਬਲ ਲੋਕ ਮਨੋਰੰਜਨ ਦਾ ਆਨੰਦ ਲੈ ਰਹੇ ਸੀ। ਅਨੇਕਾਂ ਹੀ ਬੇੜੀਆਂ ਅਤੇ ਕਰੂਜ਼ ਦੀ ਪਰਮਾਰ ਵੇਖ ਕੇ ਅਸਾਂ ਖਾਣ ਪੀਣ ਤੋਂ ਬਾਅਦ ਮਨ ਬਣਾਇਆ ਕਿ ਬੱਚਿਆਂ ਸਮੇਤ ਸਾਰੇ ਹੀ ਕਰੂਜ਼ ਵਿੱਚ ਬੈਠ ਕੇ ਮਨੋਰੰਜਨ ਕਰਦੇ ਹਾਂ। ਕਰੂਜ਼ ਦਾ ਆਪਣਾ ਹੀ ਆਨੰਦ ਹੈ। ਡਾਕਟਰ ਹਰਿੰਦਰ ਪਾਲ ਸਿੰਘ ਅਤੇ ਰੇਡੀਓ ਐਂਕਰ ਸਤਿੰਦਰ ਪਾਲ ਸਿੰਘ ਨੇ ਇੱਕ ਕਰੂਜ਼ ਦੀ ਮਾਲਿਕ ਕਨੇਡੀਅਨ ਮੁਟਿਆਰ ਨਾਲ ਗੱਲਬਾਤ ਕੀਤੀ। ਉਹ ਔਰਤ ਝੀਲ ਵਾਂਗ ਹੀ ਸੁੰਦਰ ਲੱਗ ਰਹੀ ਸੀ। ਥੋੜੀ ਗਰਮੀ ਹੋਣ ਕਰਕੇ ਉਸ ਨੇ ਨਿੱਕਰ ਅਤੇ ਅੰਗੀ ਹੀ ਪਹਿਨੀ ਹੋਈ ਸੀ। ਉਸ ਕਰੂਜ਼ ਮਾਲਿਕ ਮੁਟਿਆਰ ਨਾਲ ਝੀਲ ਵਿੱਚ ਘੁੰਮਾਉਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ 300 ਡਾਲਰ ਦੀ ਮੰਗ ਕੀਤੀ। ਆਖਿਰ ਗੱਲਬਾਤ ਰਾਹੀਂ ਉਹ 200 ਡਾਲਰ ’ਤੇ ਸਹਿਮਤ ਹੋ ਗਈ। ਉਹ ਇਸ ਝੀਲ ਦਾ ਸਭ ਤੋਂ ਵਧੀਆ ਕਰੂਜ਼ ਸੀ। ਅਸੀਂ ਸਾਰਾ ਸਮਾਨ ਕਰੂਜ਼ ਵਿੱਚ ਰੱਖ ਕੇ ਬੈਠ ਗਏ। ਕਰੂਜ਼ ਵਿੱਚ ਹਲਕੇ ਕਿਰਮਚੀੜ ਰੰਗ ਦੇ ਵਧੀਆ ਸੋਫੇ ਲੱਗੇ ਹੋਏ ਹਨ, ਇੱਕ ਛੋਟਾ ਜਿਹਾ ਕਿਚਨ ਰਸੋਈ ਅਤੇ ਬਾਥਰੂਮ ਵੀ ਉਪਲੱਬਧ ਸੀ। ਲਗਭਗ ਦੋ ਘੰਟੇ ਉਸ ਨੇ ਸਾਨੂੰ ਘੰੁਮਾਉਣਾ ਸੀ। ਕਰੂਜ਼ ਚਲਦੇ ਸਾਰ ਹੀ ਅਸੀਂ ਉੱਚੀ ਆਵਾਜ਼ ਵਿੱਚ ਪੰਜਾਬੀ ਗੀਤ ਲਗਾ ਦਿੱਤੇ। ਕਰੂਜ਼ ਵਿੱਚ ਸਾਊਂਡ ਸਿਸਟਮ ਵੀ ਸੀ। ਅਸੀਂ ਸਭ ਭੰਗੜਾ ਪਾਉਣ ਲੱਗ ਪਏ। ਉਹ ਕਰੂਜ਼ ਮਾਲਿਕ ਪੰਜਾਬੀ ਗੀਤਾਂ ਦਾ ਸੰਗੀਤ ਤਾਨ, ਧੁਨਾ ਸੁਣ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਉਹ ਕਰੂਜ਼ ਦਾ ਸਟੇਰਿੰਗ ਸੈੱਟ ਕਰਕੇ ਖੁਦ ਸਾਡੇ ਨਾਲ ਭੰਗੜਾ ਪਾਉਣਾ ਲੱਗ ਪਈ। ਉਹ ਭੰਗੜੇ ਦੇ ਐਕਸ਼ਨ ਸਿੱਖ ਗਈ। ਸਾਡੇ ਨਾਲੋਂ ਵਧੀਆ ਐਕਸ਼ਨ ਕਰਨ ਲੱਗ ਪਈ। ਉਸ ਨੇ ਕਿਹਾ ਭਾਵੇਂ ਪੰਜਾਬੀ ਗੀਤਾਂ ਦੀ ਸਮਝ ਨਹੀਂ ਲੱਗਦੀ ਪਰ ਇਸ ਦਾ ਸੰਗੀਤ ਧੁੰਨ ਮਨ ਨੂੰ ਨੱਚਣ ਲਈ ਮਜ਼ਬੂਰ ਕਰਦੀ ਹੈ। ਉਸ ਨੇ ਕਿਹਾ ਅਸੀਂ ਪੰਜਾਬੀ ਸੰਗੀਤ ਬਹੁਤ ਪਸੰਦ ਕਰਦੇ ਹਾਂ, ਉਹ ਫਿਰ ਸਟੇਰਿੰਗ ਵਾਲੀ ਸੀਟ ’ਤੇ ਬੈਠ ਕੇ ਕਰੂਜ਼ ਨੂੰ ਸਹੀ ਦਿਸ਼ਾ ਵੱਲ ਲਿਜਾਣ ਲੱਗ ਪਈ। ਉਸ ਨੇ ਕਰੂਜ਼ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਰੱਖਿਆ ਹੋਇਆ ਸੀ। ਅਸਾਂ ਸਭ ਨੇ ਕਰੂਜ਼ ’ਤੇ ਸਟੇਰਿੰਗ ਵਾਲੀ ਸੀਟ ’ਤੇ ਬੈਠ ਕੇ ਫੋਟੋਆਂ ਖਿਚਵਾਈਆਂ। ਉਸ ਨੇ ਦੋ ਘੰਟੇ ਦੂਰ ਦੀਆਂ ਖ਼ੂਬਸੂਰਤ ਇਮਾਰਤਾਂ ਅਤੇ ਦਿਲ ਖਿਚਵੇਂ ਦ੍ਰਿਸ਼ ਵਿਖਾਏ।
ਲਹਿਰਾਂ ਵਿੱਚ ਦੌੜਦੀ ਜ਼ਿੰਦਗੀ ਜੰਨਤ ਨੂੰ ਪਿੱਛੇ ਛੱਡਦੀ ਜਾਂਦੀ। ਠੰਡੀਆਂ ਠਾਰ ਹਵਾਵਾਂ ਜਦ ਲਹਿਰਾਂ ਨਾਲ ਟਕਰਾ ਕੇ ਅਠਖੇਲੀਆਂ ਮਦਮਸਤੀਆਂ ਕਰਦੀਆਂ ਤਾਂ ਜੰਨਤ ਪੈਰਾਂ ਵਿੱਚ ਖੇਡਦੀ। ਦੋ ਘੰਟਿਆਂ ਬਾਅਦ ਅਸੀਂ ਵਾਪਸ ਆਪਣੀ ਥਾਂ ’ਤੇ ਆ ਗਏ। ਕਰੂਜ਼ ਤੋਂ ਉਤਰਨ ਲੱਗਿਆ ਮੈਂ ਉਸ ਨੂੰ 10 ਡਾਲਰ ਦੀ ਟਿੱਪ ਦੇ ਦਿੱਤੀ ਤੇ ਉਸ ਨੇ ਕਈ ਵਾਰ ਸ਼ੁਕਰੀਆ ਅਦਾ ਕੀਤਾ। ਫਿਰ ਦੁਬਾਰਾ ਆਉਣ ਲਈ ਕਿਹਾ ਅਤੇ ਆਪਣਾ ਮੋਬਾਈਲ ਨੰਬਰ ਵੀ ਦਿੱਤਾ। ਉਸ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਜਦੋਂ ਤੁਸੀਂ ਦੁਬਾਰਾ ਫਿਰ ਆਓਗੇ ਤਾਂ ਮੇਰਾ ਹੀ ਕਰੂਜ਼ ਕਰਨਾ। ਉਸ ਨੇ ਪਿਆਰ ਸਤਿਕਾਰ ਨਾਲ ਹੱਥ ਹਿਲਾਉਂਦੇ ਹੋਏ ਬਾਏ ਬਾਏ ਦਾ ਸੰਦੇਸ਼ ਦਿੱਤਾ।
ਅਸਮਾਨ ਵਿੱਚ ਬਦਲਾਂ ਨੇ ਘੁੰਮਣ ਘੇਰੀਆਂ ਅਤੇ ਮਟਰ ਗਸਤੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਤਿੱਤਰ ਖੰਭੀ ਬਦਲਾਂ ਨੇ ਬਾਰਿਸ਼ ਦਾ ਪੈਗ਼ਾਮ ਦੇ ਦਿੱਤਾ ਸੀ। ਅਸਮਾਨ ਵਿਚਾਲੇ ਬੱਦਲਾਂ ਦੀ ਚਹਿਲ ਪਹਿਲ ਅਤੇ ਝੀਲ ਦੇ ਸੁੰਦਰ ਨਜ਼ਾਰੇ ਜਿਵੇਂ ਕਿਸੇ ਮੁਸ਼ੱਰਬ ਨੇ ਚਿੱਤਰਕਾਰੀ ਕਰ ਦਿੱਤੀ ਹੋਵੇ। ਘੁਮੱਕੜ ਬੱਦਲਾਂ ਦੀ ਛਾਂ ਚੰਗੀ ਲੱਗ ਰਹੀ ਸੀ। ਸਿਲਵਨ ਸ਼ਹਿਰ ਵਿਖੇ ਕਈ ਹੋਰ ਮਹੱਤਵਪੂਰਨ ਸਥਾਨ ਵੇਖਣ ਯੋਗ ਹਨ। ਸਰਦੀਆਂ ਵਿੱਚ ਇੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਜਿਸ ਕਰਕੇ ਝੀਲ ਦਾ ਪਾਣੀ ਪੱਥਰ ਵਾਂਗ ਜੰਮ ਜਾਂਦਾ ਹੈ। ਇਸ ਉੱਪਰ ਲੋਕ ਖ਼ਾਸ ਕਰਕੇ ਨੌਜਵਾਨ, ਬੱਚੇ ਛੋਟੀਆਂ ਖੇਡ ਕਿਰਿਆਵਾਂ ਕਰਦੇ ਹਨ ਜਿਵੇਂ ਜੰਨਤ ਵਿੱਚ ਉਤਰ ਆਏ ਹੋਣ। ਇੱਥੇ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ।ਆਤਿਸ਼ ਬਾਜੀ
ਜਿਵੇਂ ਅਸਮਾਨ ਵਿੱਚ ਮਿਨਾਕਾਰੀ ਕੀਤੀ ਹੋਵੇ।
ਇੱਥੋਂ ਦੀ ਸੁੰਦਰਤਾ ਸਾਰੀ ਸ੍ਰਿਸ਼ਟੀ ਨੂੰ ਇੱਕ ਨਿਸ਼ਕਾਮ ਕਰਮ ਦੀ ਸੀਮਾ ਵਿੱਚ ਬੰਨ ਦਿੰਦੀ ਹੈ। ਰਾਤ ਦੇ ਦ੍ਰਿਸ਼ ਚਮਕ ਦਮਕ ਵਿੱਚ ਪ੍ਰਸੰਤਾ ਤੇ ਖੁਸ਼ੀ ਦਿੰਦੇ ਹਨ ਕਿਉਂਕਿ ਕੁਦਰਤ ਸੁਤੰਤਰ ਤੇ ਵਿਵਸਥਾ ਵੱਧ ਹੈ, ਪਰਣਾਮੀ ਹੈ ਅਤੇ ਪ੍ਰੇਮ ਸਫੁਰਤੀ ਦੀ ਸ਼ਾਂਤੀ ਨਾਲ ਓਤ ਪ੍ਰੋਤ। ਕੁੱਲ ਮਿਲਾ ਕੇ ਇੱਥੋਂ ਦੇ ਅਦਭੁਤ ਸੁੰਦਰ ਨਜ਼ਾਰੇ ਭਰੀਪੂਰਨਤਾ ਅਨੰਦ, ਇੰਦਰੀਆਂ ,ਮਨ ,ਸੰਵੇਦਨਸ਼ੀਲਤਾ ਅਤੇ ਮਨੋ ਵੇਗ ਨੂੰ ਪੀਂਘ ਦਾ ਹੁਲਾਰਾ ਦਿੰਦੇ ਹਨ। ਤੇਜ਼ ਹਵਾਵਾਂ ਦੀ ਕੂਕਰ ਅਤੇ ਲਹਿਰਾਂ ਦੀ ਸ਼ੂਕਰ ਚਿਰਾਂ ਦੀ ਇਕ ਯਾਦ ਰਹੇਗੀ। ਕੁਝ ਮਿਲਾਕੇ ਸਿਲਵਨ ਲੇਖ ਜੰਨਤ ਹੈ। ਸੁੰਦਰਤਾ ਦੀ ਕੀਰਤੀ ਅਤੇ ਦ੍ਰਿਸ਼ ਪ੍ਰਤਿਸ਼ਠਾ ਹਮੇਸ਼ਾ
ਹਮੇਸ਼ਾ ਯਾਦ ਰਹੇਗੀ। ਤੁਸੀਂ ਵੀ ਆਓ ਸਿਲਵਨ ਲੇਖ ਦੀ ਜੰਨਤ ਵੇਖਣ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
ਐਡਮਿੰਟਨ ਕਨੇਡਾ।

